ਚੰਡੀਗੜ੍ਹ(ਭੁੱਲਰ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਖੇ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨਾਲੋਜੀ (ਆਈ. ਆਈ. ਐੱਫ. ਪੀ. ਟੀ.) ਦਾ ਇਕ ਬਿਜ਼ਨੈੱਸ ਸਿਖਲਾਈ ਕੇਂਦਰ ਸਥਾਪਤ ਕਰਨ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ 27 ਫਰਵਰੀ ਨੂੰ ਸੈਂਟਰ ਵਿਖੇ ਇਕ ਸਿਖਲਾਈ ਕੈਂਪ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਅੱਜ ਇੱਥੇ ਇਹ ਐਲਾਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ 27 ਫਰਵਰੀ ਨੂੰ ਲਾਈ ਜਾਣ ਵਾਲੀ ਇਕ ਰੋਜ਼ਾ ਵਰਕਸ਼ਾਪ ਉਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਇਕ ਨਿਵੇਕਲਾ ਮੌਕਾ ਪ੍ਰਦਾਨ ਕਰੇਗੀ, ਜਿਹੜੇ ਆਪਣਾ ਖੁਦ ਦਾ ਕਾਰੋਬਾਰ ਮੱਛੀ ਪਾਲਣ, ਸ਼ਹਿਦ ਦੀ ਖੇਤੀ ਜਾਂ ਡੇਅਰੀ ਫਾਰਮ ਵਾਸਤੇ ਕਰਜ਼ਾ ਲੈਣਾ ਚਾਹੁੰਦੇ ਹਨ। ਮੰਤਰੀ ਨੇ ਕਿਹਾ ਕਿ ਇਸ ਵਰਕਸ਼ਾਪ ਵਿਚ ਨਾ ਸਿਰਫ ਕਿਸਾਨਾਂ ਨੂੰ ਸਬਸਿਡੀ ਵਾਲਾ ਕਰਜ਼ਾ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ , ਸਗੋਂ ਉਨ੍ਹਾਂ ਨੂੰ ਇਨ੍ਹਾਂ ਕਾਰੋਬਾਰਾਂ ਵਿਚ ਕਾਮਯਾਬੀ ਹਾਸਲ ਕਰਨ ਲਈ ਲੋੜੀਂਦੀ ਸਿਖਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨਾਂ ਨੂੰ ਆਪਣੀ ਫਸਲ ਦੀ ਗੁਣਵੱਤਾ ਵਧਾ ਕੇ ਇਸ ਨੂੰ ਬਾਜ਼ਾਰ ਵਿਚ ਵੇਚਣ ਦੀ ਹੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ, ਸਗੋਂ ਕਿਸਾਨਾਂ ਨੂੰ ਉਨ੍ਹਾਂ ਕੰਪਨੀਆਂ ਨਾਲ ਵੀ ਮਿਲਾਇਆ ਜਾਵੇਗਾ, ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਵਿਕਵਾਉਣ ਵਿਚ ਮਦਦ ਕਰਨਗੀਆਂ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਇਕ ਮੁਕੰਮਲ ਪੈਕੇਜ ਦੇਣਾ ਚਾਹੁੰਦੇ ਹਾਂ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਦੀਆਂ ਉਨ੍ਹਾਂ ਕੰਪਨੀਆਂ ਨਾਲ ਵਪਾਰਕ ਸਾਂਝਾਂ ਪੈ ਜਾਣ, ਜਿਹੜੀਆਂ ਉਨ੍ਹਾਂ ਦੀਆਂ ਫਸਲਾਂ ਨੂੰ ਆਖਰੀ ਖਪਤਕਾਰ ਤਕ ਲੈ ਕੇ ਜਾਣਗੀਆਂ।
ਵਾਰਡ ਨੰ. 7 'ਚ ਲੱਗੇ ਗੰਦਗੀ ਦੇ ਢੇਰ, ਨੌਜਵਾਨਾਂ ਕੀਤਾ ਵਿਰੋਧ
NEXT STORY