ਸ੍ਰੀ ਆਨੰਦਪੁਰ ਸਾਹਿਬ(ਸ਼ਮਸ਼ੇਰ)— ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ 2021 ਤੱਕ ਸੂਬੇ ਨੂੰ ਮਲੇਰੀਆ, ਡੇਂਗੂ, ਟੀ. ਬੀ. ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਹੈ। ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਇਨ੍ਹਾਂ ਰੋਗਾਂ ਦੇ ਮਰੀਜ਼ ਵੱਡੀ ਗਿਣਤੀ 'ਚ ਆ ਰਹੇ ਹਨ ਅਤੇ ਹੈਲਥ ਵਰਕਰਾਂ ਦੀ ਅਣਹੋਂਦ ਕਾਰਨ ਸਿਹਤ ਵਿਭਾਗ ਬਿਨਾਂ ਹਥਿਆਰਾਂ ਦੇ ਜੰਗ ਲੜਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ।
ਸੂਬੇ ਦੇ 1024 ਮਲਟੀਪਰਪਜ਼ ਹੈਲਥ ਵਰਕਰਾਂ 'ਤੇ ਹਾਈਕੋਰਟ ਵੱਲੋਂ ਸਟੇਅ ਲਾਉਣ ਕਾਰਨ ਸਿਹਤ ਵਿਭਾਗ ਬਿਨਾਂ ਹਥਿਆਰਾਂ ਦੇ ਇਨ੍ਹਾਂ ਬੀਮਾਰੀਆਂ ਨਾਲ ਜੰਗ ਲੜ ਰਿਹਾ ਹੈ। ਅਜਿਹੀ ਹਾਲਤ 'ਚ ਪੰਜਾਬ ਸਰਕਾਰ ਆਪਣੇ ਮਿਸ਼ਨ 'ਚ ਕਿਵੇਂ ਸਫਲ ਹੋਵੇਗੀ? ਸੂਬੇ 'ਚ ਖਾਲੀ ਪਈਆਂ ਮੈਡੀਕਲ ਸਟਾਫ ਦੀਆਂ 50 ਫੀਸਦੀ ਆਸਾਮੀਆਂ ਨੂੰ ਕਦੋਂ ਅਤੇ ਕੌਣ ਭਰੇਗਾ? ਅਜਿਹੇ ਕਈ ਹੋਰ ਸਵਾਲਾਂ 'ਚ ਘਿਰਿਆ ਸਿਹਤ ਵਿਭਾਗ ਅੱਜ ਡੰਗ ਟਪਾਊ ਨੀਤੀਆਂ ਨੂੰ ਤਰਜੀਹ ਦੇ ਰਿਹਾ ਹੈ।
1024 ਮਲਟੀਪਰਪਜ਼ ਹੈਲਥ ਵਰਕਰਾਂ ਦੀ ਸੁਣਵਾਈ ਅੱਜ ਸੰਭਵ
ਸਿਹਤ ਵਿਭਾਗ 'ਚ ਘਰ-ਘਰ ਜਾ ਕੇ ਸੇਵਾਵਾਂ ਦੇਣ ਵਾਲੇ ਮਲਟੀਪਰਪਜ਼ ਹੈਲਥ ਵਰਕਰ, ਜਿਨ੍ਹਾਂ ਦੀਆਂ 1263 ਆਸਾਮੀਆਂ ਭਰਨ ਦੀ ਪ੍ਰਵਾਨਗੀ 30 ਅਪ੍ਰੈਲ 2016 ਨੂੰ ਬਾਦਲ ਸਰਕਾਰ ਵੱਲੋਂ ਕੈਬਨਿਟ ਦੀ ਮੀਟਿੰਗ ਵਿਚ ਦਿੱਤੀ ਗਈ ਸੀ ਅਤੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੇ ਲਿਖਤੀ ਪ੍ਰੀਖਿਆ ਰਾਹੀਂ ਕੌਂਸਲਿੰਗ ਕਰਕੇ ਉਨ੍ਹਾਂ 'ਚੋਂ 1024 ਵਰਕਰਾਂ ਦੀ ਭਰਤੀ ਕੀਤੀ ਸੀ, ਨੂੰ ਕੈਪਟਨ ਸਰਕਾਰ ਵੱਲੋਂ ਨੌਕਰੀ ਲਈ ਸਟੇਸ਼ਨਾਂ ਦੀ ਵੰਡ ਕਰਨ ਉਪਰੰਤ ਨਿਯੁਕਤੀ ਪੱਤਰ ਵੀ ਜਾਰੀ ਕੀਤੇ ਜਾ ਚੁੱਕੇ ਸਨ ਪਰ ਡਿਊਟੀ 'ਤੇ ਹਾਜ਼ਰ ਹੋਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ 'ਤੇ ਸਟੇਅ ਲਾ ਦਿੱਤੀ। ਇਹ ਕੇਸ ਅੱਜ ਤੱਕ ਮਾਣਯੋਗ ਹਾਈਕੋਰਟ 'ਚ ਵਿਚਾਰ ਅਧੀਨ ਹੈ ਅਤੇ ਇਸ ਦੀ ਸੁਣਵਾਈ 19 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ।
2016 'ਚ 3100 ਡੇਂਗੂ ਪੀੜਤਾਂ ਦੀ ਹੋਈ ਸੀ ਪੁਸ਼ਟੀ
ਪੰਜਾਬ 'ਚ ਹੁਣ ਤੱਕ ਡੇਂਗੂ ਅਤੇ ਮਲੇਰੀਆ ਦੇ 700 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਬੀਤੇ ਵਰ੍ਹੇ 2016 'ਚ 3100 ਡੇਂਗੂ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ ਅਤੇ 28 ਲੋਕਾਂ ਦੀਆਂ ਜਾਨਾਂ ਡੇਂਗੂ ਦੀ ਭੇਟ ਚੜ੍ਹੀਆਂ ਸਨ, ਜਦਕਿ 2015 ਦੌਰਾਨ ਸੂਬੇ 'ਚ 14,149 ਡੇਂਗੂ ਦੇ ਪਾਜ਼ੇਟਿਵ ਮਾਮਲੇ ਪ੍ਰਾਪਤ ਹੋਏ, ਜਿਨ੍ਹਾਂ 'ਚੋਂ ਕੁਝ ਲੋਕਾਂ ਦੀਆਂ ਮੌਤਾਂ ਹੋ ਗਈਆਂ ਸਨ। ਡੇਂਗੂ ਅਤੇ ਮਲੇਰੀਏ ਦੇ ਸ਼ਹਿਰਾਂ ਨਾਲੋਂ ਦਿਹਾਤੀ ਖੇਤਰ 'ਚ ਵਧੇਰੇ ਮਰੀਜ਼ ਹਨ। ਜ਼ਿਲਾ ਪੱਧਰ ਦੇ 2016 ਦੇ ਸਰਕਾਰੀ ਅੰਕੜਿਆਂ ਅਨੁਸਾਰ ਮੋਹਾਲੀ 'ਚ 109, ਸ੍ਰੀ ਅੰਮ੍ਰਿਤਸਰ 'ਚ 51, ਬਰਨਾਲਾ 'ਚ 10, ਬਠਿੰਡਾ 'ਚ 90, ਫਰੀਦਕੋਟ 'ਚ 38, ਫਿਰੋਜ਼ਪੁਰ 'ਚ 17, ਗੁਰਦਾਸਪੁਰ 'ਚ 12, ਹੁਸ਼ਿਆਰਪੁਰ 'ਚ 43, ਜਲੰਧਰ 'ਚ 22, ਕਪੂਰਥਲਾ ਤੇ ਲੁਧਿਆਣਾ 'ਚ 83, ਮਾਨਸਾ 'ਚ 81, ਮੋਗਾ 'ਚ 17, ਪਟਿਆਲਾ 'ਚ 44, ਰੂਪਨਗਰ 'ਚ 4, ਸੰਗਰੂਰ 'ਚ 15, ਸ੍ਰੀ ਮੁਕਤਸਰ ਸਾਹਿਬ 'ਚ 16 ਅਤੇ ਤਰਨਤਾਰਨ 'ਚ 27 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਮਲੇਰੀਆ-ਡੇਂਗੂ ਦੀ ਰੋਕਥਾਮ ਲਈ ਸਿਹਤ ਕੇਂਦਰਾਂ 'ਚ ਜਨ ਸਹੂਲਤਾਂ ਉਪਲੱਬਧ ਕੀਤੀਆਂ ਜਾ ਰਹੀਆਂ ਹਨ। 1024 ਹੈਲਥ ਵਰਕਰਾਂ ਦੀ ਨਿਯੁਕਤੀ ਨੂੰ ਅੰਜਾਮ ਦੇਣ ਲਈ ਮਾਣਯੋਗ ਹਾਈਕੋਰਟ ਦਾ ਹੁਕਮ ਜ਼ਰੂਰੀ ਹੈ।
ਮਲੇਰੀਆ-ਡੇਂਗੂ ਦੇ ਲੱਛਣ
ਡਾ. ਪ੍ਰਿਯੰਕਾ ਵਸ਼ਿਸ਼ਟ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਨੇ ਦੱਸਿਆ ਕਿ ਸਿਰਦਰਦ, ਤੇਜ਼ ਬੁਖਾਰ, ਥਕਾਵਟ, ਕਮਜ਼ੋਰੀ ਅਤੇ ਪਸੀਨਾ ਆਉਣਾ ਹੋ ਸਕਦੇ ਹਨ। ਮਲੇਰੀਆ ਮੱਛਰ ਜੋ ਦਿਨ-ਰਾਤ ਸਮੇਂ ਕੱਟਦਾ ਹੈ, ਅਕਸਰ ਸਾਫ ਪਾਣੀ 'ਚ ਹੀ ਪੈਦਾ ਹੁੰਦਾ ਹੈ। ਮੀਂਹ ਦੇ ਦਿਨਾਂ 'ਚ ਮਲੇਰੀਏ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੁੰਦਾ ਹੈ। ਇਸ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਬਚਾਅ ਲਈ ਘਰਾਂ ਦੇ ਆਲੇ-ਦੁਆਲੇ ਕੀਟਨਾਸ਼ਕ ਦਵਾਈਆਂ ਦੀ ਸਪ੍ਰੇਅ ਕਰਨੀ ਜ਼ਰੂਰੀ ਹੈ।
ਪੰਜਾਬ ਨੂੰ ਹਿਲਾ ਦੇਣ ਵਾਲੇ ਨਾਭਾ ਜੇਲ ਕਾਂਡ ਵਿਚ ਮੁੱਖ ਭੂਮਿਕਾ ਨਿਭਾਉਣ ਵਾਲਾ ਇਕ ਹੋਰ ਗੈਂਗਸਟਰ ਗ੍ਰਿਫਤਾਰ
NEXT STORY