ਮਾਨਸਾ(ਜੱਸਲ)-ਮੌਸਮ 'ਚ ਬਦਲਾਅ ਆਉਣ ਕਾਰਨ ਖਾਣ-ਪੀਣ ਵਾਲੀਆਂ ਵਸਤਾਂ 'ਚ ਖਰਾਬੀ ਆਉਣੀ ਸ਼ੁਰੂ ਹੋ ਗਈ ਹੈ। ਇਸ ਦਾ ਘਰੇਲੂ ਵਰਤੋਂ 'ਚ ਆਉਣ ਵਾਲੀਆਂ ਵਸਤਾਂ ਦੇ ਨਾਲ-ਨਾਲ ਫਲ, ਸਬਜ਼ੀਆਂ 'ਤੇ ਵੀ ਕਾਫ਼ੀ ਪ੍ਰਭਾਵ ਪਿਆ ਹੈ। ਸਿਹਤ ਵਿਭਾਗ ਮੌਸਮ ਦੇ ਬਦਲਦੇ ਮਿਜ਼ਾਜ ਨੂੰ ਦੇਖਦਿਆਂ ਡੇਂਗੂ, ਮਲੇਰੀਆ ਤੇ ਹੋਰ ਭਿਆਨਕ ਬੀਮਾਰੀਆਂ ਬਾਰੇ ਲੋਕਾਂ ਨੂੰ ਚੌਕਸ ਕਰ ਰਿਹਾ ਹੈ ਪਰ ਸ਼ਹਿਰ 'ਚ ਰੇਹੜੀਆਂ ਅਤੇ ਸਟਾਲਾਂ 'ਤੇ ਸ਼ਰੇਆਮ ਵਿਕ ਰਹੀਆਂ ਗਲੀਆਂ-ਸੜੀਆਂ ਸਬਜ਼ੀਆਂ ਨੂੰ ਰੋਕਣ ਵਿਚ ਅਸਫ਼ਲ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਕਈ ਸਬਜ਼ੀ ਰੇਹੜੀਆਂ ਵਾਲਿਆਂ ਵੱਲੋਂ ਸਬਜ਼ੀ ਮੰਡੀ ਦੇ ਬਾਹਰੋਂ 3 ਤੋਂ 4 ਦਿਨਾਂ ਦੀਆਂ ਬੇਹੀਆਂ ਅਤੇ ਗਲੀਆਂ-ਸੜੀਆਂ ਸਬਜ਼ੀਆਂ ਖਰੀਦ ਕੇ ਵੇਚੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਗਰੀਬ ਵਰਗ ਲਾਲਚ ਵੱਸ ਸਸਤੇ ਭਾਅ 'ਚ ਖਰੀਦ ਕੇ ਬੀਮਾਰੀਆਂ ਮੁੱਲ ਲੈ ਰਿਹਾ ਹੈ।
ਕਿਥੇ-ਕਿਥੇ ਹੈ ਇਹ ਵਰਤਾਰਾ
ਸ਼ਹਿਰ ਅੰਦਰ ਬਾਰ੍ਹਾਂ ਹੱਟਾਂ ਚੌਕ, ਚਕੇਰੀਆ ਰੋਡ, ਪ੍ਰਮੁੱਖ ਰੇਲਵੇ ਫਾਟਕ, ਸਬਜ਼ੀ ਮੰਡੀ ਦੇ ਆਸ-ਪਾਸ ਅਤੇ ਸ਼ਹਿਰ ਦੀਆਂ ਗਲੀਆਂ 'ਚ ਰੇਹੜੀਆਂ ਵਾਲਿਆਂ ਵੱਲੋਂ ਸਬਜ਼ੀਆਂ ਵੇਚਣ ਦਾ ਧੰਦਾ ਚੱਲਦਾ ਹੈ ਪਰ ਬਾਰ੍ਹਾਂ ਹੱਟਾਂ 'ਚ ਸਬਜ਼ੀ ਦੀਆਂ ਲੱਗੀਆਂ ਫੜ੍ਹੀ-ਰੇਹੜੀਆਂ ਟ੍ਰੈਫਿਕ ਲਈ ਸਮੱਸਿਆ ਖੜ੍ਹੀ ਕਰ ਕੇ ਲੋਕਾਂ ਦੇ ਗਲੇ ਦੀ ਹੱਡੀ ਬਣ ਰਹੀਆਂ ਹਨ। ਇਸ ਦੇ ਨਾਲ ਕੂੜੇ ਕਰਕਟ ਦੀ ਗੰਦਗੀ ਵੀ ਫੈਲਾਈ ਜਾ ਰਹੀ ਹੈ। ਰਹਿੰਦਾ-ਖੂੰਹਦਾ ਸਬਜ਼ੀ ਰੇਹੜੀ ਵਾਲਿਆਂ ਵੱਲੋਂ ਬਚੀਆਂ ਸਬਜ਼ੀਆਂ ਰੇਹੜੀਆਂ 'ਤੇ ਬਾਹਰ ਗਰਮੀ 'ਚ ਪਲਾਸਟਿਕ ਦੀਆਂ ਬੋਰੀਆਂ ਵਾਲੀਆਂ ਪੱਲੀਆਂ ਨਾਲ ਢੱਕ ਦਿੱਤਾ ਜਾਂਦਾ ਹੈ, ਜੋ ਗਰਮਾਇਸ਼ ਨਾਲ ਬਰਬਾਦ ਹੋ ਜਾਂਦੀਆਂ ਹਨ।
ਹੋਰ ਵੱਡਾ ਕਾਰਨ
ਅੱਜ ਕੱਲ ਮੌਸਮ ਦੀ ਖਰਾਬੀ ਦੇ ਕਾਰਨ ਫਲ ਤੇ ਸਬਜ਼ੀਆਂ ਗਲ ਸੜ ਰਹੀਆਂ ਹਨ। ਸਬਜ਼ੀਆਂ 'ਚ ਖੀਰਾ, ਟਮਾਟਰ, ਬੈਂਗਣ ਤੇ ਗੋਭੀ 'ਚ ਸੁੰਡ ਹੁੰਦੇ ਹਨ। ਕਈ ਸਬਜ਼ੀਆਂ ਕੱਦੂ ਤੇ ਤੋਰੀ ਜ਼ਿਆਦਾ ਪੱਕੇ ਹੋਣ ਕਾਰਨ ਰਸਹੀਣ ਹੁੰਦੇ ਹਨ। ਇਸ ਦੇ ਨਾਲ ਫਲਾਂ 'ਚ ਕੇਲੇ, ਚੀਕੂ ਤੇ ਅੰਬ ਪਿੱਲ ਮਾਰਨ ਕਾਰਨ ਤਰਸਯੋਗ ਹਾਲਤ 'ਚ ਹੁੰਦੇ ਹਨ। ਖਪਤਕਾਰ ਇਨ੍ਹਾਂ ਨੂੰ ਸਸਤੇ ਭਾਅ ਦੇ ਲਾਲਚ ਵਿਚ ਖਰੀਦ ਲੈਂਦੇ ਹਨ ਪਰ ਸਿਹਤ ਵਿਭਾਗ ਇਸ ਵੱਲ ਵੀ ਕੋਈ ਧਿਆਨ ਨਹੀਂ ਦੇ ਰਿਹਾ।
ਕੀ ਕਹਿਣਾ ਹੈ ਜ਼ਿਲਾ ਸਿਹਤ ਵਿਭਾਗ ਦਾ
ਸਿਵਲ ਸਰਜਨ ਡਾ. ਅਨੂਪ ਕੁਮਾਰ ਦਾ ਕਹਿਣਾ ਕਿ ਸਿਹਤ ਵਿਭਾਗ ਮੌਸਮ ਦੇ ਬਦਲ ਨੂੰ ਦੇਖਦਿਆਂ ਡੇਂਗੂ, ਮਲੇਰੀਆ ਤੇ ਹੋਰ ਭਿਆਨਕ ਬੀਮਾਰੀਆਂ ਬਾਰੇ ਲੋਕਾਂ ਨੂੰ ਚੌਕਸ ਕਰ ਰਿਹਾ ਹੈ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਫਲ-ਫਰੂਟ, ਸਬਜ਼ੀਆਂ ਅਤੇ ਮਠਿਆਈਆਂ ਵੇਚਣ ਵਾਲਿਆਂ ਨੂੰ ਘਟੀਆ ਅਤੇ ਗੈਰ-ਮਿਆਰੀ ਵਸਤਾਂ ਨਾ ਵੇਚਣ ਦੀ ਅਪੀਲ ਵੀ ਕੀਤੀ ਗਈ ਹੈ ਪਰ ਜੇਕਰ ਕੋਈ ਅਜਿਹੇ ਘਟੀਆ ਵਰਤਾਰੇ ਤੋਂ ਬਾਜ਼ ਨਾ ਆਇਆ ਤਾਂ ਸਖਤੀ ਵਰਤੀ ਜਾਵੇਗੀ।
ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਗ੍ਰਿਫਤਾਰ
NEXT STORY