ਅੰਮ੍ਰਿਤਸਰ, (ਦਲਜੀਤ ਸ਼ਰਮਾ)- ਸਰਕਾਰੀ ਹਸਪਤਾਲ ਮਾਨਾਂਵਾਲਾ 'ਚ ਸਟਾਫ ਦੀ ਲਾਪ੍ਰਵਾਹੀ ਨਾਲ ਗਰਭਵਤੀ ਦੇ ਬੱਚੇ ਦੀ ਮੌਤ ਦਾ ਮਾਮਲਾ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਰਬਾਰ ਪਹੁੰਚ ਗਿਆ ਹੈ। ਵਿਭਾਗ ਨੇ ਉਕਤ ਮਾਮਲੇ ਦੀ ਜਾਂਚ ਲਈ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਦਾ ਗਠਨ ਕਰ ਦਿੱਤਾ ਹੈ। ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਦੀ ਪ੍ਰਧਾਨਗੀ 'ਚ ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਦਿੰਦਿਆਂ ਨਿਆਂ ਦੀ ਮੰਗ ਕੀਤੀ ਹੈ। ਜੈ ਗੋਪਾਲ ਲਾਲੀ ਨੇ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਰਮਨਪ੍ਰੀਤ ਕੌਰ ਪਤਨੀ ਅਮਰਜੀਤ ਸਿੰਘ ਨਿਵਾਸੀ ਮਿਹਰਬਾਨਪੁਰਾ ਨੇੜੇ ਜੰਡਿਆਲਾ ਗੁਰੂ ਪਿਛਲੇ 9 ਮਹੀਨਿਆਂ ਤੋਂ ਸਰਕਾਰੀ ਹਸਪਤਾਲ ਮਾਨਾਂਵਾਲਾ 'ਚ ਆਪਣਾ ਚੈੱਕਅਪ ਕਰਵਾ ਰਹੀ ਸੀ, ਤੀਸਰੇ ਮਹੀਨੇ ਰਮਨਪ੍ਰੀਤ ਕੌਰ ਦੇ ਹਸਪਤਾਲ ਦੀ ਗਾਇਨੀ ਵਿਭਾਗ ਦੀ ਡਾਕਟਰ ਵੱਲੋਂ ਦੱਸੇ ਗਏ ਸਾਰੇ ਟੈਸਟ ਕਰਵਾਏ ਗਏ, ਜਦੋਂ ਕਿ ਅਲਟਰਾਸਾਊਂਡ ਦਬੁਰਜੀ ਸਥਿਤ ਇਕ ਪ੍ਰਾਈਵੇਟ ਸੈਂਟਰ ਤੋਂ ਕਰਵਾਉਣ ਲਈ ਖਾਸ ਤਾਕੀਦ ਕੀਤੀ ਗਈ। ਅਲਟਰਾਸਾਊਂਡ ਅਤੇ ਹੋਰ ਟੈਸਟ ਰਿਪੋਰਟਾਂ ਦੇਖਣ ਤੋਂ ਬਾਅਦ ਉਨ੍ਹਾਂ ਨੂੰ 6 ਮਹੀਨੇ ਚੈੱਕਅਪ ਲਈ ਬੁਲਾਇਆ ਗਿਆ ਸੀ, ਜਿਸ ਵਿਚ ਜੱਚਾ-ਬੱਚਾ ਠੀਕ ਹੋਣ ਦੀ ਡਾਕਟਰ ਵੱਲੋਂ ਪੁਸ਼ਟੀ ਕੀਤੀ ਗਈ ਅਤੇ 2 ਮਹੀਨੇ ਬਾਅਦ ਫਿਰ ਬੁਲਾਇਆ ਗਿਆ ਸੀ। ਅਮਰਜੀਤ ਨੇ ਦੱਸਿਆ ਕਿ ਜਦੋਂ 8 ਮਹੀਨੇ ਹੋ ਗਏ ਤਾਂ ਉਨ੍ਹਾਂ ਨੇ ਰਮਨਪ੍ਰੀਤ ਕੌਰ ਦੇ ਪੇਟ 'ਚ ਦਰਦ ਹੋਣ ਦੀ ਗੱਲ ਡਾਕਟਰ ਨੂੰ ਦੱਸੀ ਤਾਂ ਡਾਕਟਰ ਨੇ ਦੁਬਾਰਾ ਉਕਤ ਪ੍ਰਾਈਵੇਟ ਸੈਂਟਰ ਤੋਂ ਅਲਟਰਾਸਾਊਂਡ ਕਰਵਾਉਣ ਨੂੰ ਕਿਹਾ ਤੇ ਰਿਪੋਰਟ ਦੇਖਣ ਤੋਂ ਬਾਅਦ 22 ਜਨਵਰੀ ਨੂੰ ਜਣੇਪੇ ਲਈ ਦਾਖਲ ਹੋਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਡਾਕਟਰ ਵੱਲੋਂ ਦੱਸੀ ਤਰੀਕ ਨੂੰ ਜਦੋਂ ਉਹ ਮਰੀਜ਼ ਨੂੰ ਹਸਪਤਾਲ ਲੈ ਕੇ ਆਏ ਤਾਂ ਉਸ ਸਮੇਂ ਜਣੇਪੇ ਦੀ ਦਰਦ ਛਿੜ ਗਈ ਸੀ। ਡਾਕਟਰ ਨੇ ਮਰੀਜ਼ ਨੂੰ ਦਾਖਲ ਕਰਨ ਦੀ ਬਜਾਏ ਪਹਿਲਾਂ 24 ਅਤੇ ਫਿਰ 26 ਜਨਵਰੀ ਨੂੰ ਸੱਦ ਕੇ ਚੈੱਕਅਪ ਕਰ ਕੇ 29 ਜਨਵਰੀ ਨੂੰ ਦਾਖਲ ਹੋਣ ਦੀ ਗੱਲ ਕਹੀ। ਮਰੀਜ਼ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਸੀ। 29 ਜਨਵਰੀ ਨੂੰ ਜਦੋਂ ਉਹ ਡਾਕਟਰ ਨੂੰ 11 ਵਜੇ ਮਿਲਣ ਆਏ ਤਾਂ ਉਨ੍ਹਾਂ ਦੀ ਮੁਲਾਕਾਤ ਦੁਪਹਿਰ 2 ਵਜੇ ਤੋਂ ਬਾਅਦ ਹੋਈ। ਡਾਕਟਰ ਨੇ ਦੁਬਾਰਾ ਪ੍ਰਾਈਵੇਟ ਸੈਂਟਰ ਤੋਂ ਅਲਟਰਾਸਾਊਂਡ ਕਰਵਾਉਣ ਲਈ ਭੇਜ ਦਿੱਤਾ, ਜਦੋਂ ਉਹ ਟੈਸਟ ਦੀ ਰਿਪੋਰਟ ਲੈ ਕੇ ਕਰੀਬ 3:30 ਵਜੇ ਆਏ ਤਾਂ ਡਾਕਟਰ ਕਮਰੇ ਵਿਚ ਨਹੀਂ ਸੀ ਅਤੇ ਸਟਾਫ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਡਾਕਟਰ ਸਾਹਿਬ ਚਲੇ ਗਏ ਹਨ। ਲਾਲੀ ਨੇ ਦੱਸਿਆ ਕਿ ਸਟਾਫ ਵੱਲੋਂ ਡਾਕਟਰ ਨੂੰ ਜਣੇਪੇ ਲਈ ਬੁਲਾਉਣ ਦੀ ਬਜਾਏ ਇਕ ਟੀਕਾ ਲਿਖ ਕੇ ਬਾਹਰ ਦੇ ਸਟੋਰ ਤੋਂ ਲਵਾਉਣ ਲਈ ਕਿਹਾ ਗਿਆ, ਜਦੋਂ ਉਸ ਨੇ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਟੀਕਾ ਲਾਉਂਦੇ ਤਾਂ ਉਨ੍ਹਾਂ ਨੇ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ। ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਸੀ, ਉਸ ਦੇ ਕਹਿਣ 'ਤੇ ਵੀ ਡਾਕਟਰ ਅਤੇ ਸਟਾਫ ਨਹੀਂ ਆ ਰਿਹਾ ਸੀ। ਸਟਾਫ ਨੇ ਦੱਸਿਆ ਕਿ ਟੀਕਾ ਜਦੋਂ ਲਾਇਆ ਗਿਆ ਤਾਂ ਮਰੀਜ਼ ਦੀ ਹਾਲਤ ਗੰਭੀਰ ਹੋ ਗਈ। ਸਰਕਾਰੀ ਸਟਾਫ ਵੱਲੋਂ ਦਾਖਲ ਨਾ ਕਰਨ ਕਾਰਨ ਉਨ੍ਹਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ, ਜਿਥੇ ਇਲਾਜ ਦੌਰਾਨ ਮ੍ਰਿਤਕ ਬੱਚੇ ਨੇ ਜਨਮ ਲਿਆ।
ਮਾਮਲੇ ਦੀ ਹੋਵੇਗੀ ਜਾਂਚ
ਇਸ ਸਬੰਧੀ ਜਦੋਂ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਉਨ੍ਹਾਂ ਨੂੰ ਮਿਲ ਗਈ ਹੈ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰ ਨੂੰ ਨਿਆਂ ਜ਼ਰੂਰ ਦਿਵਾਇਆ ਜਾਵੇਗਾ।
ਤੇਜ਼ ਰਫਤਾਰ ਸਕਾਰਪੀਓ ਦਰੱਖਤ 'ਚ ਵੱਜੀ, 2 ਜ਼ਖਮੀ
NEXT STORY