ਹੁਸ਼ਿਆਰਪੁਰ, (ਅਮਰਿੰਦਰ)- ਪਾਕਿਸਤਾਨ ਦੇ ਲਾਹੌਰ ਸਥਿਤ ਸ਼ਾਦਮਾਨ ਚੌਕ ਦਾ ਨਾਂ ਬਦਲਣ ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਉਣ ਦੇ ਮਾਮਲੇ 'ਚ ਅੱਜ ਲਾਹੌਰ ਹਾਈ ਕੋਰਟ 'ਚ ਸੁਣਵਾਈ ਦੇ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 5 ਮਾਰਚ ਤੈਅ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ ਰਸ਼ੀਦ ਕੁਰੈਸ਼ੀ ਨੇ ਦੱਸਿਆ ਕਿ ਅੱਜ ਲਾਹੌਰ ਹਾਈ ਕੋਰਟ 'ਚ ਜਸਟਿਸ ਸ਼ਾਹਿਦ ਜਮੀਲ ਖਾਨ ਦੀ ਅਦਾਲਤ 'ਚ ਫਾਊਂਡੇਸ਼ਨ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਐਡਵੋਕੇਟ ਅਬਦੁਲ ਰਸ਼ੀਦ ਕੁਰੈਸ਼ੀ ਪੇਸ਼ ਹੋਏ। ਉਨ੍ਹਾਂ ਨੇ ਦੱਸਿਆ ਕਿ ਹੁਣ ਦੋਵਾਂ ਹੀ ਮਾਮਲਿਆਂ ਦੀ ਸੁਣਵਾਈ ਨਾਲ-ਨਾਲ ਹੋਵੇਗੀ। ਗੌਰਤਲਬ ਹੈ ਕਿ ਲਾਹੌਰ 'ਚ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖੇ ਜਾਣ ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਏ ਜਾਣ ਦੀ ਮੰਗ ਸਬੰਧੀ ਲਾਹੌਰ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਹੈ। ਸ਼ਾਦਮਾਨ ਚੌਕ ਹੀ ਉਹ ਜਗ੍ਹਾ ਹੈ, ਜਿਥੇ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਸ ਸਥਾਨ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਣ ਤੇ ਉਨ੍ਹਾਂ ਦਾ ਬੁੱਤ ਸਥਾਪਿਤ ਕੀਤਾ ਜਾਵੇ ਤਾਂ ਇਹ ਕਦਮ ਭਵਿੱਖ 'ਚ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਹੋਣਗੇ। ਸ਼ਹੀਦ ਭਗਤ ਸਿੰਘ ਨਾ ਸਿਰਫ਼ ਹਿੰਦੁਸਤਾਨ ਬਲਕਿ ਪਾਕਿਸਤਾਨ ਦਾ ਬੇਟਾ ਹੋਣ ਦੇ ਨਾਲ-ਨਾਲ ਨੈਸ਼ਨਲ ਹੀਰੋ ਵੀ ਹੈ।

ਇਹ ਵੀ ਵਰਣਨਯੋਗ ਹੈ ਕਿ 17 ਜਨਵਰੀ 2018 ਨੂੰ ਲਾਹੌਰ 'ਚ ਸ਼ਾਦਮਾਨ ਚੌਕ ਦਾ ਨਾਮਕਰਨ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਕਰ ਕੇ ਤੇ ਉਨ੍ਹਾਂ ਦਾ ਬੁੱਤ ਉਥੇ ਲਾਉਣ ਲਈ ਪੰਜਾਬ ਸਰਕਾਰ, ਲਾਹੌਰ ਦੇ ਮੁੱਖ ਕਮਿਸ਼ਨਰ ਤੇ ਮੇਅਰ ਨੂੰ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ ਰਸ਼ੀਦ ਕੁਰੈਸ਼ੀ ਨੇ ਮੰਗ ਪੱਤਰ ਦਿੱਤਾ ਸੀ। ਇਸ ਦੇ ਬਾਵਜੂਦ ਅਧਿਕਾਰੀਆਂ ਦੁਆਰਾ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਲਾਹੌਰ ਹਾਈ ਕੋਰਟ 'ਚ ਅਪੀਲ ਪਾ ਦਿੱਤੀ ਸੀ। ਇਮਤਿਆਜ ਕੁਰੈਸ਼ੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਉਪ ਮਹਾਦੀਪ ਦਾ ਇਕ ਮਹਾਨ ਕ੍ਰਾਂਤੀਕਾਰੀ ਸੀ ਤੇ ਦੁਨੀਆ ਉਸ ਦੇ ਨਾਂ ਨੂੰ ਜਾਣਦੀ ਹੈ। ਇਥੋਂ ਤੱਕ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਉਨ੍ਹਾਂ ਨੂੰ ਇਹ ਕਹਿੰਦੇ ਪ੍ਰਸ਼ੰਸਾ ਕੀਤੀ ਸੀ ਕਿ ਉਪ ਮਹਾਦੀਪ 'ਚ ਕਦੇ ਵੀ ਭਗਤ ਸਿੰਘ ਵਰਗੇ ਬਹਾਦਰ ਵਿਅਕਤੀ ਦਾ ਜਨਮ ਨਹੀਂ ਹੋਇਆ ਸੀ।
ਸਫ਼ਾਈ ਸੇਵਕਾਂ ਨੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ
NEXT STORY