ਮੋਹਾਲੀ, (ਕੁਲਦੀਪ)- ਨੈਸ਼ਨਲ ਹਾਈਵੇ-21 ’ਤੇ ਖਰਡ਼-ਕੁਰਾਲੀ ਮਾਰਗ ਨੂੰ ਫੋਰਲੇਨ ਕਰਨ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਦੇ ਮਕਸਦ ਨਾਲ ਮੋਹਾਲੀ ਦੇ ਕਸਬੇ ਕੁਰਾਲੀ ਤੋਂ ਠੀਕ ਪਹਿਲਾਂ ਪਿੰਡ ਪਡਿਆਲਾ ਤੋਂ ਬਾਕਾਇਦਾ ਬਾਈਪਾਸ ਵੀ ਕੱਢ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਪਿੰਡ ਪਡਿਆਲਾ ਸਥਿਤ ਲਡ਼ਕੀਆਂ ਵਾਲੇ ਕਾਲਜ ਦੇ ਨੇੜੇ ਬਡ਼ੇ ਖਤਰਨਾਕ ਢੰਗ ਦਾ ਚੌਰਾਹਾ ਬਣ ਗਿਆ ਹੈ ਪਰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਇਸ ਚੌਰਾਹੇ ’ਤੇ ਕੋਈ ਵੀ ਲਾਲ ਬੱਤੀ ਆਦਿ ਲਾਇਅਾਂ ਤੇ ਕੋਈ ਹੋਰ ਪ੍ਰਬੰਧ ਕੀਤੇ ਬਿਨਾਂ ਹੀ ਇਹ ਕੁਰਾਲੀ-ਬੰਨਮਾਜਰਾ ਬਾਈਪਾਸ ਚਾਲੂ ਕਰ ਦਿੱਤਾ ਗਿਆ ਹੈ। ਅਥਾਰਟੀ ਦੀ ਇਸ ਕਥਿਤ ਲਾਪ੍ਰਵਾਹੀ ਕਾਰਨ ਇਥੇ ਹਾਦਸੇ ਹੋਣੇ ਸ਼ੁਰੂ ਹੋ ਗਏ ਹਨ।
ਦੱਸ ਦਈਏ ਕਿ ਖਰਡ਼ ਤੋਂ ਰੋਪਡ਼ ਤੇ ਕੁਰਾਲੀ ਨੂੰ ਜਾਣ ਵਾਲੀ ਟ੍ਰੈਫਿਕ ਜਦੋਂ ਪਿੰਡ ਪਡਿਆਲਾ ਦੇ ਕੋਲ ਪੁੱਜਦੀ ਹੈ ਤਾਂ ਉਸ ਨੂੰ ਇਸ ਚੌਰਾਹੇ ਤੋਂ ਲੰਘਣਾ ਪੈਂਦਾ ਹੈ। ਖਰਡ਼ ਤੋਂ ਆਉਣ ਵਾਲੀ ਭਾਰੀ ਗਿਣਤੀ ਵਿਚ ਤੇਜ਼ ਰਫਤਾਰ ਟ੍ਰੈਫਿਕ ਜਿਵੇਂ ਹੀ ਇਸ ਚੌਰਾਹੇ ’ਤੇ ਪੁੱਜਦੀ ਹੈ ਤਾਂ ਪਿੰਡ ਬੰਨਮਾਜਰਾ ਤੋਂ ਇਸ ਨਵੇਂ ਬਾਈਪਾਸ ਰਾਹੀਂ ਆ ਰਹੀ ਟਰੈਫਿਕ ਦੇ ਆਹਮੋ-ਸਾਹਮਣੇ ਹੋ ਜਾਂਦੀ ਹੈ। ਇਹ ਗੱਲ ਵੀ ਦੱਸਣਯੋਗ ਹੈ ਕਿ ਇਸ ਚੌਰਾਹੇ ’ਤੇ ਪਿੰਡ ਬੰਨਮਾਜਰਾ ਤੋਂ ਆਉਣ ਵਾਲੀ ਟ੍ਰੈਫਿਕ ਲਈ ਸਡ਼ਕ ’ਤੇ ਬਡ਼ਾ ਲੰਮਾ ਕਰਵ ਹੈ ਤੇ ਵਿਚ ਲੋਹੇ ਦੀ ਰੇਲਿੰਗ ਲੱਗੀ ਹੋਈ ਹੈ।
ਇਸ ਵੱਡੇ ਕਰਵ ਤੇ ਵਿਚ ਲੋਹੇ ਦੀ ਰੇਲਿੰਗ ਲੱਗੀ ਹੋਣ ਕਾਰਨ ਖਰਡ਼ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਦੂਜੇ ਪਾਸੇ ਕੁਝ ਵਿਖਾਈ ਨਹੀਂ ਦਿੰਦਾ। ਬਿਲਕੁਲ ਚੌਰਾਹੇ ’ਤੇ ਪੁੱਜਦਿਅਾਂ ਹੀ ਦੂਜੇ ਪਾਸੇ ਤੋਂ ਆਉਣ ਵਾਲੀ ਟ੍ਰੈਫਿਕ ਵਿਖਾਈ ਦਿੰਦੀ ਹੈ ਪਰ ਉਦੋਂ ਤਕ ਦੋਵੇਂ ਵਾਹਨ ਆਹਮੋ-ਸਾਹਮਣੇ ਆ ਜਾਂਦੇ ਹਨ। ਅਜਿਹੇ ਵਿਚ ਇਥੇ ਹਰ ਸਮੇਂ ਕੋਈ ਨਾ ਕੋਈ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕੁਰਾਲੀ ਨਿਵਾਸੀਆਂ ਦੀ ਮੰਗ ਹੈ ਕਿ ਇਸ ਚੌਰਾਹੇ ’ਤੇ ਤੁਰੰਤ ਟਰੈਫਿਕ ਲਾਈਟਾਂ ਲਾ ਕੇ ਤੇ ਫਿਰ ਕੋਈ ਹੋਰ ਪ੍ਰਬੰਧ ਕਰਕੇ ਇਥੇ ਭਵਿੱਖ ਵਿਚ ਹੋਣ ਵਾਲੇ ਹਾਦਸਿਆਂ ਨੂੰ ਤੁਰੰਤ ਕੰਟਰੋਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਚਾਰ ਦਿਨ ਪਹਿਲਾਂ ਪਿੰਡ ਪਡਿਆਲਾ ਦੇ ਨੇੜੇ ਇਸ ਨਵੇਂ ਬਣੇ ਚੌਰਾਹੇ ’ਤੇ ਕਿਸੇ ਹੋਰ ਵਾਹਨ ਨੂੰ ਬਚਾਉਣ ਦੇ ਚੱਕਰ ਵਿਚ 20 ਟਾਇਰਾਂ ਵਾਲਾ ਵੱਡਾ ਤੇਲ ਵਾਲਾ ਟੈਂਕਰ ਪਲਟ ਗਿਆ ਸੀ। ਭਾਵੇਂ ਹੀ ਉਸ ਸਮੇਂ ਕੋਈ ਵੱਡਾ ਹਾਦਸਾ ਨਹੀਂ ਹੋਇਆ ਪਰ ਜੇਕਰ ਉਹ ਟੈਂਕਰ ਕਈ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਪਡਿਆਲਾ ਦੇ ਨੇੜੇ ਬਣੇ ਚੌਰਾਹੇ ’ਤੇ ਟਰੈਫਿਕ ਲਾਈਟਾਂ ਲਗਾਈਆਂ ਜਾਣੀਆਂ ਹਨ, ਜਿਸ ਲਈ ਇਲੈਕਟ੍ਰੀਕਲ ਕੁਨੈਕਸ਼ਨ ਵੀ ਅਪਲਾਈ ਕਰ ਦਿੱਤਾ ਗਿਆ ਹੈ । ਉਥੇ ਲਾਈਟਾਂ ਲੋਕਲ ਬਾਡੀਜ਼ ਵਿਭਾਗ ਨੇ ਲਾਉਣੀਆਂ ਹੁੰਦੀਆਂ ਹਨ, ਜਿਸ ਲਈ ਅਥਾਰਟੀ ਫੰਡ ਮੁਹੱਈਆ ਕਰਵਾਏਗੀ।
-ਕ੍ਰਿਸ਼ਨ ਸਚਦੇਵਾ ਅਧਿਕਾਰੀ ਹਾਈਵੇ ਅਥਾਰਟੀ ਮੋਹਾਲੀ।
ਸੁਖਨਾ ’ਚ ਅਜੇ ਵੀ ਆ ਰਿਹੈ ਸੀਵਰੇਜ ਦਾ ਪਾਣੀ
NEXT STORY