ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਵਿਖੇ ਕਬੂਤਰਬਾਜ਼ੀ 'ਚ ਇੱਕ-ਦੂਜੇ ਦੇ ਕਬੂਤਰਾਂ ਨੂੰ ਆਪਣੇ ਕੋਲ ਬੁਲਾ ਕੇ ਰੱਖਣ ਦੇ ਮਾਮਲੇ 'ਚ ਮਾਰਚ 2025 'ਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ। ਇਸ ਝਗੜੇ ਦੌਰਾਨ ਗੋਲੀ ਵੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਪੁਲਸ ਨੇ ਗੋਲੀ ਚਲਾਉਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸਾਹਿਲ ਉਰਫ ਸ਼ਾਲੂ ਅਤੇ ਅਨਮੋਲ ਨਾਂ ਦੇ ਨੌਜਵਾਨਾਂ ਨੇ ਕਬੂਤਰ ਰੱਖੇ ਹੋਏ ਸਨ। ਦੋਵੇਂ ਹੀ ਇੱਕ-ਦੂਜੇ ਦੇ ਕਬੂਤਰ ਫੜ੍ਹਨ 'ਚ ਲੱਗੇ ਰਹਿੰਦੇ ਸਨ।
ਇਸ ਨੂੰ ਲੈ ਕੇ ਦੋਹਾਂ ਵਿਚਾਲੇ ਕਈ ਵਾਰ ਝਗੜਾ ਹੋਇਆ ਅਤੇ ਕਈ ਵਾਰ ਰਾਜ਼ੀਨਾਮਾ ਹੋਇਆ, ਜਿਸ ਦੇ ਚੱਲਦਿਆਂ 12 ਮਾਰਚ, 2025 ਨੂੰ ਕਰਨਜੀਤ ਸਿੰਘ ਉਰਫ਼ ਕਰਨ ਡੀ. ਆਰ. ਵੱਲੋਂ ਹਰਪਾਲ ਸਿੰਘ ਨੌਜਵਾਨ ਦੇ ਉੱਪਰ ਕਤਲ ਦੀ ਨੀਅਤ ਨਾਲ ਗੋਲੀ ਚਲਾ ਕੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧ 'ਚ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਹੁਣ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਏ. ਸੀ. ਪੀ. ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਨਾਂ ਦੇ ਨੌਜਵਾਨ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਅਨਮੋਲ ਦੀਪ ਸਿੰਘ ਅਤੇ ਸਾਹਿਲ ਉਰਫ਼ ਸਾਲੂ ਕਬੂਤਰਬਾਜ਼ੀ ਕਰਦੇ ਹੋਏ ਰੰਜਿਸ਼ ਰੱਖਦੇ ਸੀ ਅਤੇ ਅਨਮੋਲਦੀਪ ਸਿੰਘ ਦੇ ਸਾਥੀਆਂ ਵੱਲੋਂ ਸਾਹਿਲ ਉਰਫ਼ ਸ਼ਾਲੂ ਅਤੇ ਉਸਨੂੰ ਗੁਮਾਲੇ ਨਜ਼ਦੀਕ ਰੋਕ ਕੇ ਝਗੜਾ ਕਰਨ ਲੱਗੇ ਅਤੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ। ਗੋਲੀ ਹਰਪਾਲ ਸਿੰਘ ਦੇ ਲੱਗੀ ਅਤੇ ਉਸ ਮਾਮਲੇ 'ਚ ਪੁਲਸ ਨੇ ਹਰਪਾਲ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਰਨਜੀਤ ਸਿੰਘ ਉਰਫ਼ ਕਰਨ, ਰਣਜੀਤ ਸਿੰਘ ਉਰਫ਼ ਲਵ, ਬਲਵੰਤ ਸਿੰਘ ਉਰਫ਼ ਸੋਢੀ ਅਤੇ ਅਨਮੋਲਦੀਪ ਸਿੰਘ ਉਰਫ਼ ਪਾਨਾ ਨੂੰ ਇੱਕ ਪਿਸਤੋਲ 32 ਬੋਰ ਅਤੇ ਤਿੰਨ ਰੌਂਦ 32 ਬੋਰ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੱਸਿਆ ਕਿ ਅਜੇ ਇਨ੍ਹਾਂ ਦਾ ਇੱਕ ਹੋਰ ਸਾਥੀ ਗ੍ਰਿਫ਼ਤਾਰ ਕਰਨਾ ਬਾਕੀ ਹੈ।
ਪੰਜਾਬ 'ਚ ਇਕ ਵਾਰ ਫਿਰ ਨਕਲੀ ਸ਼ਰਾਬ ਬਰਾਮਦ
NEXT STORY