ਸ੍ਰੀ ਅਨੰਦਪੁਰ ਸਾਹਿਬ (ਦਲਜੀਤ)-ਕੌਮੀ ਜੋੜ ਮੇਲੇ ਹੋਲੇ ਮਹੱਲੇ ਦੇ ਦੂਜੇ ਦਿਨ ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਖੇਤਰ ਖਾਲਸਾਈ ਰੰਗ 'ਚ ਰੰਗਿਆ ਗਿਆ ਹੈ। ਅੱਜ ਇਥੋਂ ਦੇ ਇਤਿਹਾਸਕ ਧਾਰਮਕ ਅਸਥਾਨਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਸੀਸਗੰਜ ਸਾਹਿਬ, ਗੁਰੂ ਕੇ ਮਹਿਲ ਗੁ. ਭੋਰਾ ਸਾਹਿਬ, ਇਤਿਹਾਸਕ ਗੁ. ਕਿਲਾ ਅਨੰਦਗੜ੍ਹ ਸਾਹਿਬ, ਗੁ. ਕਿਲਾ ਫਤਿਹਗÎੜ੍ਹ ਸਾਹਿਬ, ਗੁ. ਕਿਲਾ ਲੋਹਗੜ੍ਹ ਸਾਹਿਬ, ਗੁ. ਕਿਲਾ ਹੋਲਗੜ੍ਹ ਸਾਹਿਬ ਅਤੇ ਗੁ. ਕਿਲਾ ਤਾਰਾਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਆਪਣੀ ਵਾਰੀ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ।
ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਛਾਉਣੀ ਗੁਰੂ ਕਾ ਬਾਗ, ਤਰਨਾ ਦਲ ਹਰੀਆਂ ਵੇਲਾਂ ਵਾਲੇ, ਗੁ. ਸ਼ਹੀਦੀ ਬਾਗ, ਗੁਰਦੁਆਰਾ ਤਪ ਅਸਥਾਨ ਭਾਈ ਜੈਤਾ ਜੀ ਅਤੇ ਹੋਰ ਡੇਰਿਆਂ 'ਚ ਪਿਛਲੇ ਕਈ ਦਿਨਾਂ ਤੋਂ ਪਹੁੰਚੇ ਨਿਹੰਗ ਸਿੰਘਾਂ ਵੱਲੋਂ ਆਪਣੇ-ਆਪਣੇ ਘੋੜਿਆਂ ਨੂੰ ਤਿਆਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਮੇਲੇ ਦੇ ਅਖੀਰਲੇ ਦਿਨ ਇੱਥੋਂ ਦੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਖੇ ਖੇਡੇ ਜਾਣ ਵਾਲੇ ਮਹੱਲੇ ਦੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਸਭਾ ਸੋਸਾਇਟੀਆਂ ਵੱਲੋਂ ਲੰਗਰ ਲਾਏ ਗਏ ਹਨ। ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਇਸ ਵਾਰ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਮੇਲਾ ਖੇਤਰ ਵਿਚ ਖੁੱਲ੍ਹੇ ਸਾਇਲੈਂਸਰਾਂ ਵਾਲੇ ਦੋ-ਪਹੀਆ ਵਾਹਨ ਤੇ ਡੈੱਕ ਲੱਗੇ ਟਰੈਕਟਰ ਨਹੀਂ ਦਿਖੇ।
ਨਕਲੀ ਹਰਿਮੰਦਰ ਸਾਹਿਬ ਬਰਦਾਸ਼ਤ ਨਹੀ : ਭਾਈ ਲੌਂਗੋਵਾਲ
ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਇਥੇ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣ ਰਿਹਾ ਨਕਲੀ ਹਰਿਮੰਦਰ ਸਾਹਿਬ ਸਿੱਖ ਕੌਮ ਨੂੰ ਪ੍ਰਵਾਨ ਨਹੀਂ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ ਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਮਸਤੂਆਣਾ ਵਿਖੇ ਜੋ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਤਿਆਰ ਕੀਤੀ ਗਈ ਹੈ, ਉਸ ਵਿਚ ਲੋੜੀਂਦੀਆਂ ਤਬਦੀਲੀਆਂ ਲਈ ਟੀਮ ਪੜਤਾਲ ਕਰ ਰਹੀ ਹੈ। ਇਸ ਨੂੰ ਹਰ ਹੀਲੇ ਬਦਲਿਆ ਜਾਵੇਗਾ।
ਦਿੱਲੀ ਵਿਚ 40 ਦੇ ਕਰੀਬ ਸਿਕਲੀਗਰ ਪਰਿਵਾਰਾਂ ਵੱਲੋਂ ਸਿੱਖ ਧਰਮ ਤਿਆਗ ਕੇ ਈਸਾਈ ਧਰਮ ਅਪਨਾਉਣ ਬਾਰੇ ਉਨ੍ਹਾਂ ਕਿਹਾ ਕਿ ਉਹ ਦੋ ਦਿਨਾਂ ਵਿਚ ਹੀ ਇਕ ਟੀਮ ਉਥੇ ਭੇਜ ਰਹੇ ਹਨ ਤਾਂ ਜੋ ਇਸ ਵਿਚਲੀ ਸੱਚਾਈ ਦਾ ਪਤਾ ਲਾਇਆ ਜਾ ਸਕੇ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅਸੀਂ ਸਿਕਲੀਗਰ ਸਿੱਖਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਤੇ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਦਲਜੀਤ ਸਿੰਘ ਚੀਮਾ, ਮਨਜੀਤ ਸਿੰਘ ਬਾਸੋਵਾਲ, ਮੋਹਨ ਸਿੰਘ ਡੂਮੇਵਾਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
ਵਿਸ਼ਵਕਰਮਾ ਮੰਦਰ 'ਚ ਚੋਰੀ
NEXT STORY