ਗੁਰਦਾਸਪੁਰ (ਹਰਮਨਪ੍ਰੀਤ)-ਪੰਜਾਬ ਅੰਦਰ ਗਰਮੀਆਂ ਦੀਆਂ ਛੁੱਟੀਆਂ ਕਾਰਨ 1 ਜੂਨ ਤੋਂ ਬੰਦ ਹੋਏ ਸਰਕਾਰੀ ਸਕੂਲ 1 ਜੁਲਾਈ ਤੋਂ ਖੁੱਲ੍ਹਣ ਜਾ ਰਹੇ ਹਨ ਪਰ ਗੁਰਦਾਸਪੁਰ ਸਮੇਤ ਵੱਖ-ਵੱਖ ਇਲਾਕਿਆਂ ਅੰਦਰ ਗਰਮੀ ਦਾ ਕਹਿਰ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਛੁੱਟੀਆਂ ਤਾਂ ਅਜੇ ਵੀ ਜਾਰੀ ਹਨ ਪਰ ਸਕਕਾਰੀ ਸਕੂਲਾਂ ਦੀਆਂ ਛੁੱਟੀਆਂ ਖਤਮ ਹੋਣ ਕਾਰਨ ਸਾਰੇ ਸਕੂਲ ਕੱਲ ਸਵੇਰੇ 8 ਵਜੇ ਤੋਂ ਖੁੱਲ੍ਹਣਗੇ, ਜਦੋਂ ਕਿ ਛੁੱਟੀ ਦਾ ਸਮਾਂ 2 ਵਜੇ ਹੈ ਪਰ ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਗਰਮੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੇ ਲੋਕਾਂ ਦੀ ਤੌਬਾ ਕਰਵਾਈ ਹੋਈ ਹੈ, ਜਿਸ ਕਾਰਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ।

45 ਡਿਗਰੀ ਤੱਕ ਪੁੱਜਾ ਪਾਰਾ
ਬਰਸਾਤ ਨਾ ਹੋਣ ਕਾਰਣ ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ ਕਰੀਬ 45 ਡਿਗਰੀ ਤੱਕ ਪਹੁੰਚ ਚੁੱਕਾ ਹੈ, ਜਿਸ ਤਹਿਤ ਗਰਮ ਹਵਾਵਾਂ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ। ਸਥਿਤੀ ਇਹ ਬਣੀ ਹੋਈ ਹੈ ਕਿ ਸ਼ਾਮ 4 ਵਜੇ ਤੱਕ ਜ਼ਿਆਦਾਤਰ ਬਾਜ਼ਾਰ ਅਤੇ ਸੜਕਾਂ ਸੁੰਨੀਆਂ ਹੀ ਦਿਖਾਈ ਦਿੰਦੀਆਂ ਹਨ ਅਤੇ ਸਿਰਫ ਬੇਹੱਦ ਜ਼ਰੂਰੀ ਕੰਮਾਂ ਲਈ ਲੋਕ ਘਰਾਂ 'ਚੋਂ ਬਾਹਰ ਨਿਕਲਦੇ ਹਨ। ਗਰਮੀ ਕਾਰਣ ਲੋਕਾਂ ਦੇ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਪਏ ਹਨ ਕਿਉਂਕਿ ਪਿੰਡਾਂ ਤੋਂ ਵੀ ਸ਼ਹਿਰ ਵਿਚ ਖਰੀਦੋ-ਫਰੋਖਤ ਕਰਨ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਘਟ ਗਈ ਹੈ।
ਗਰਮੀ ਕਾਰਣ ਕਾਰੋਬਾਰ ਪ੍ਰਭਾਵਿਤ
ਗੁਰਦਾਸਪੁਰ ਸ਼ਹਿਰ ਦੇ ਮੇਨ ਬਾਜ਼ਾਰ ਨਾਲ ਸਬੰਧਤ ਕਈ ਦੁਕਾਨਦਾਰਾਂ ਨੇ ਦੱਸਿਆ ਕਿ ਗਰਮੀ ਕਾਰਣ ਉਨ੍ਹਾਂ ਦੀ ਵਿਕਰੀ ਅੱਧੀ ਦੇ ਕਰੀਬ ਰਹਿ ਗਈ ਹੈ। ਇਸੇ ਤਰ੍ਹਾਂ ਮਿਹਨਤ-ਮਜ਼ਦੂਰੀ ਕਰਨ ਵਾਲੇ ਲੋਕਾਂ ਦੇ ਹਾਲਾਤ ਵੀ ਬਦਤਰ ਬਣੇ ਹੋਏ ਹਨ, ਜਿਨ੍ਹਾਂ ਨੂੰ ਇਕ ਪਾਸੇ ਗਰਮੀ ਨਾਲ ਜੂਝਣਾ ਪੈ ਰਿਹਾ ਹੈ ਅਤੇ ਦੂਸਰੇ ਪਾਸੇ ਗਰਮੀ ਕਾਰਣ ਜਿਆਦਾਤਰ ਲੋਕਾਂ ਨੇ ਉਸਾਰੀ ਅਤੇ ਮੁਰੰਮਤ ਦੇ ਕੰਮ-ਕਾਜ ਬੰਦ ਕੀਤੇ ਹੋਏ ਹਨ।

ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
ਗਰਮੀ ਕਾਰਣ ਜਿਥੇ ਆਮ ਲੋਕ ਕਾਫੀ ਪ੍ਰੇਸ਼ਾਨ ਹਨ, ਉਥੇ ਬੱਚਿਆਂ ਦੇ ਮਾਪੇ ਵੀ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਅੱਤ ਦੀ ਗਰਮੀ ਕਾਰਣ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਜਾਣ ਮੌਕੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਜਿੰਨੀ ਦੇਰ ਗਰਮੀਆਂ ਦੇ ਪ੍ਰਕੋਪ 'ਚ ਗਿਰਾਵਟ ਨਹੀਂ ਆਉਂਦੀ, ਓਨੀ ਦੇਰ ਸਕੂਲਾਂ ਦਾ ਸਮਾ ਘਟਾਇਆ ਜਾਵੇ, ਜਾਂ ਫਿਰ ਸਕੂਲਾਂ 'ਚ ਛੁੱਟੀਆਂ ਕੀਤੀਆਂ ਜਾਣ।
ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਲਈ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ : ਸਿੱਧੂ
NEXT STORY