ਹੁਸ਼ਿਆਰਪੁਰ (ਘੁੰਮਣ)-ਵਿਸ਼ਵ ਕੈਂਸਰ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰੇਣੂ ਸੂਦ ਦੀ ਪ੍ਰਧਾਨਗੀ ਹੇਠ ਜ਼ਿਲਾ ਪੱਧਰੀ ਸੈਮੀਨਾਰ ਇਸ ਸਾਲ ਦੇ ਥੀਮ ‘ਮੈਂ ਕਰ ਸਕਦਾ ਹਾਂ ਤੇ ਮੈਂ ਕਰ ਸਕਾਂਗਾ’ ਤਹਿਤ ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਸਤਪਾਲ ਗੋਜਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਪ੍ਰਿੰਸੀਪਲ ਡਾ. ਡਿੰਪਲ ਮਦਾਨ ਵੱਲੋਂ ਹਾਜ਼ਰ ਮੈਂਬਰਾਂ ਦਾ ਸਵਾਗਤ ਕਰ ਕੇ ਕੀਤੀ ਗਈ। ਡਾ. ਗੋਜਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਦਾ ਦਿਨ ਵਿਸ਼ਵ ਸਿਹਤ ਸੰਗਠਨ ਵੱਲੋਂ ਕੈਂਸਰ ਜਾਗਰੂਕਤਾ ਦਿਵਸ ਵਜੋਂ ਮਨਾ ਕੇ ਲੋਕਾਂ ਵਿਚ ਇਸ ਬੀਮਾਰੀ ਦੇ ਸ਼ੁਰੂਆਤੀ ਲੱਛਣਾਂ ਬਾਰੇ ਜਲਦ ਸੁਚੇਤ ਕਰਨ ਵਜੋਂ ਮਨਾਇਆ ਜਾਂਦਾ ਹੈ। ਜਲਦ ਜਾਂਚ ਅਤੇ ਇਲਾਜ ਹੋਣ ਨਾਲ ਮਰੀਜ਼ ਵਿੱਤੀ ਤੇ ਸਰੀਰਕ ਕਸ਼ਟ ਤੋਂ ਬਚ ਜਾਂਦਾ ਹੈ, ਕਿਉਂਕਿ ਜੇਕਰ ਇਸ ਬੀਮਾਰੀ ਨੂੰ ਸ਼ੁਰੂ ਵਿਚ ਹੀ ਕਾਬੂ ਕਰ ਲਿਆ ਜਾਵੇ ਤਾਂ ਇਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚਾਰ ਮੁੱਖ ਕੈਂਸਰ ਜਿਵੇਂ ਛਾਤੀ, ਫੇਫਡ਼ੇ, ਮੂੰਹ ਅਤੇ ਸਰਵੈਕਸ ਦਾ ਕੈਂਸਰ ਕੁੱਲ ਕੈਂਸਰ ਦਾ 41 ਫੀਸਦੀ ਹੈ ਅਤੇ ਇਹ ਕੈਂਸਰ ਮੌਤ ਦੇ ਕਾਰਨਾਂ ਵਿਚੋਂ ਇਕ ਹੈ। 2018 ਦੌਰਾਨ ਭਾਰਤ ਵਿਚ 7 ਤੋਂ 8 ਲੱਖ ਦੇ ਕਰੀਬ ਲੋਕ ਇਸ ਬੀਮਾਰੀ ਨਾਲ ਮੌਤ ਦੇ ਮੂੰਹ ’ਚ ਗਏ ਹਨ। ਉਨ੍ਹਾਂ ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ਾਂ ਲਈ ਗੈਰ-ਸੰਚਾਰਕ ਰੋਗ ਪ੍ਰੋਗਰਾਮ ਅਤੇ ਮੁੱਖ ਮੰਤਰੀ ਰਾਹਤ ਕੋਸ਼ ਕੈਂਸਰ ਬਾਰੇ ਵੀ ਦੱਸਿਆ। ਤੰਬਾਕੂ, ਅਲਕੋਹਲ ਅਤੇ ਪੈਸਟੀਸਾਈਡਜ਼ ਦਵਾਈਆਂ ਦੀ ਜ਼ਿਆਦਾ ਵਰਤੋਂ ਕੈਂਸਰ ਦੇ ਕਾਰਨ ਹਨ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਿਵਲ ਹਸਪਤਾਲ ਤੋਂ ਡਾਈਟੀਸ਼ੀਅਨ ਡਾ. ਪੂਜਾ ਗੋਇਲ ਵੱਲੋਂ ਜੰਕ ਫੂਡ ਅਤੇ ਤਲੇ ਹੋਏ ਪਦਾਰਥਾਂ ਦੀ ਵਰਤੋਂ ਨੂੰ ਘਟਾਉਣ ਅਤੇ ਮੌਸਮੀ ਫ਼ਲ ਤੇ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰਨ ’ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਅਜੋਕੇ ਰਹਿਣ-ਸਹਿਣ ਤੋਂ ਕਿਨਾਰਾ ਕਰ ਕੇ ਸਰੀਰਕ ਗਤੀਵਿਧੀਆਂ ਵਧਾਉਣ ਬਾਰੇ ਦੱਸਿਆ। ਇਸੇ ਤਰ੍ਹਾਂ ਇਸ ਦਿਵਸ ਸਬੰਧੀ ਸਿਵਲ ਹਸਪਤਾਲ ਦੇ ਐੱਨ. ਸੀ. ਡੀ. ਵਿੰਗ ਵਿਚ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਸਮਾਗਮ ਕਰ ਕੇ ਹਾਜ਼ਰ ਮਰੀਜ਼ਾਂ ਨੂੰ ਕੈਂਸਰ ਰੋਗ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਸਰਬਜੀਤ ਸਿੰਘ, ਡਾ. ਸ਼ਾਮ ਸੁੰਦਰ ਸ਼ਰਮਾ, ਮਾਸ ਮੀਡੀਆ ਅਫ਼ਸਰ ਪ੍ਰਸ਼ੋਤਮ ਲਾਲ, ਕੌਂਸਲਰ ਉਮੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾਡ਼ੇ ਸਬੰਧੀ ਸਜਾਇਆ ਅਲੌਕਿਕ ਨਗਰ ਕੀਰਤਨ
NEXT STORY