ਹੁਸ਼ਿਆਰਪੁਰ (ਅਮਰਿੰਦਰ)-ਥਾਣਾ ਮਾਡਲ ਟਾਊਨ ਦੀ ਪੁਲਸ ਨੇ 2 ਦਿਨ ਪਹਿਲਾਂ ਅਟਲਗਡ਼੍ਹ ਮੋਡ਼ ’ਤੇ 136 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਹੋਏ ਦੋਸ਼ੀ ਸੰਜੀਵ ਕੁਮਾਰ ਤੋਂ ਪੁੱਛਗਿੱਛ ਦੇ ਆਧਾਰ ’ਤੇ ਇਸ ਮਾਮਲੇ ਦਾ ਕਿੰਗਪਿਨ ਮੰਨੇ ਜਾਂਦੇ ਦੋਸ਼ੀ ਜੋਸ਼ਿਲ ਕੁਮਾਰ ਉਰਫ਼ ਪ੍ਰੋਫੈਸਰ ਵਾਸੀ ਦਸਮੇਸ਼ ਨਗਰ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮਾਡਲ ਟਾਊਨ ’ਚ ਦੋਸ਼ੀ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਇਸ ਮਾਮਲੇ ਦਾ ਪਰਦਾਫਾਸ਼ ਕਰਦੇ ਐੱਸ.ਐੱਚ.ਓ. ਭਰਤ ਮਸੀਹ ਨੇ ਦੱਸਿਆ ਕਿ ਦੋਸ਼ੀ ਪ੍ਰੋਫੈਸਰ ਕੋਲੋਂ ਪੁਲਸ ਨੇ ਹੁਣ ਤੱਕ ਪੁੱਛਗਿੱਛ ਦੇ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਚੋਰੀਸ਼ੁਦਾ 13 ਮੋਬਾਇਲ ਫੋਨ, 6 ਦੋਪਹੀਆ ਵਾਹਨ, 12 ਹਜ਼ਾਰ ਰੁਪਏ ਦੀ ਨਕਦੀ ਦੇ ਨਾਲ 30 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਹੈ। ਡਬਲ ਐੱਮ.ਏ. ਕੀਤੀ, ਦੋਸ਼ੀ ਪਹਿਲਾਂ ਚਲਾਉਂਦਾ ਸੀ ਅਕੈਡਮੀ ਐੱਸ.ਐੱਚ.ਓ. ਮਸੀਹ ਨੇ ਦੱਸਿਆ ਕਿ 136 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਹੋਏ ਤੇ ਇਸ ਸਮੇਂ ਜੁਡੀਸ਼ੀਅਲ ਰਿਮਾਂਡ ’ਤੇ ਚੱਲ ਰਹੇ ਦੋਸ਼ੀ ਸੰਜੀਵ ਕੁਮਾਰ ਉਰਫ਼ ਸੰਨੀ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਇਹ ਨਸ਼ੇ ਵਾਲਾ ਪਾਊਡਰ ਪ੍ਰੋਫੈਸਰ ਤੋਂ ਖਰੀਦ ਕੇ ਅੱਗੇ ਸਪਲਾਈ ਕਰਨ ਜਾ ਰਿਹਾ ਸੀ। ਪੁੱਛਗਿੱਛ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਪ੍ਰੋਫੈਸਰ ਨਸ਼ੇ ਵਾਲੇ ਪਾਊਡਰ ਸ੍ਰੀਨਗਰ ਤੇ ਸੀਮਾਵਰਤੀ ਜ਼ਿਲਿਆਂ ਤੋਂ ਹੁਸ਼ਿਆਰਪੁਰ ਲਿਆ ਕੇ ਅੱਗੇ ਸਪਲਾਈ ਕਰਦਾ ਸੀ। ਦੋਸ਼ੀ ਜੋਸ਼ਿਲ ਕੁਮਾਰ ਡਬਲ ਐੱਮ.ਏ. ਕਰਨ ਦੇ ਬਾਅਦ ਅਕੈਡਮੀ ਖੋਲ੍ਹ ਕੇ ਬੱਚਿਆਂ ਨੂੰ ਪਡ਼੍ਹਾਉਂਦਾ ਸੀ। ਇਸੇ ਵਜ੍ਹਾ ਨਾਲ ਲੋਕ ਉਸ ਨੂੰ ਪ੍ਰੋਫੈਸਰ ਦੇ ਨਾਂ ਨਾਲ ਵੀ ਜਾਣਦੇ ਹਨ। ਪੁਲਸ ਰਿਮਾਂਡ ਲੈ ਕੇ ਪ੍ਰੋਫੈਸਰ ਤੋਂ ਕੀਤੀ ਜਾਵੇਗੀ ਹੋਰ ਪੁੱਛਗਿੱਛ ਐੱਸ.ਐੱਮ.ਓ. ਮਸੀਹ ਨੇ ਦੱਸਿਆ ਕਿ ਦੋਸ਼ੀ ਜੋਸ਼ਿਲ ਉਰਫ਼ ਪ੍ਰੋਫੈਸਰ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਪੁਲਸ ਰਿਮਾਂਡ ’ਚ ਦੋਸ਼ੀ ਤੋਂ ਪੁੱਛਿਆ ਜਾਵੇਗਾ ਕਿ ਉਹ ਨਸ਼ੇ ਵਾਲੇ ਪਾਊਡਰ ਦੀ ਸਪਲਾੲੀ ਕਿਥੇ-ਕਿਥੇ ਕਰਦਾ ਸੀ ਤੇ ਉਸ ਦੇ ਨਾਲ ਇਸ ਕੰਮ ’ਚ ਕੌਣ ਲੋਕ ਸ਼ਾਮਲ ਹਨ। ਫਿਲਹਾਲ ਪੁਲਸ ਨੇ ਦੋਸ਼ੀ ਪ੍ਰੋਫੈਸਰ ਖਿਲਾਫ਼ ਐੱਨ.ਡੀ.ਪੀ.ਐੈੱਸ. ਐਕਟ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਰਡਵੇਅਰ, ਲੱਕਡ਼ੀ ਤੇ ਜੂਲਰੀ ਕਾਰੋਬਾਰੀਆਂ ’ਤੇ ਆਮਦਨ ਕਰ ਵਿਭਾਗ ਦੀ ਦਬਿਸ਼
NEXT STORY