ਹੁਸ਼ਿਆਰਪੁਰ (ਘੁੰਮਣ)-ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਿੰਡਾਂ ਅੰਦਰ ਕੰਮ ਕਰਦੇ ਮਨਰੇਗਾ ਵਰਕਰਾਂ ਦੀ ਦਿਹਾਡ਼ੀ ਵਿਚ ਸਿਰਫ ਇਕ ਰੁਪਏ ਦਾ ਵਾਧਾ ਕਰ ਕੇ ਇਨ੍ਹਾਂ ਮਿਹਨਤਕਸ਼ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਸੂਬਾ ਸਕੱਤਰ ਕਾ. ਹਰਕੰਵਲ ਸਿੰਘ ਤੇ ਜ਼ਿਲਾ ਸਕੱਤਰ ਪ੍ਰਿੰ. ਪਿਆਰਾ ਸਿੰਘ ਨੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2019-20 ਲਈ ਦਿਹਾਡ਼ੀ ਦੀਆਂ ਦਰਾਂ ਨੂੰ ਸੋਧ ਕੇ ਵਾਧਾ ਕੀਤਾ ਗਿਆ ਹੈ ਜਿਸ ਦੇ ਤਹਿਤ ਦੇਸ਼ ਦੇ ਪੰਜ ਸੂਬਿਆਂ ਵਿਚ ਰੋਜ਼ਾਨਾ ਦਿਹਾਡ਼ੀ ’ਚ 1 ਤੋਂ 5 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ ਅਤੇ ਬਾਕੀ ਰਾਜਾਂ ਵਿਚ ਦਿਹਾਡ਼ੀ ’ਚ ਕੋਈ ਵੀ ਵਾਧਾ ਨਹੀਂ ਹੋਇਆ ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਸਰਕਾਰ ਗਰੀਬ ਅਤੇ ਮਿਹਨਕਸ਼ ਲੋਕਾਂ ਦੀਆਂ ਜੀਵਨ ਹਾਲਤਾਂ ਨੂੰ ਸੁਧਾਰਨ ਲਈ ਨਹੀਂ ਬਲਕਿ ਸਰਮਾਏਦਾਰਾਂ ਦੇ ‘ਮਨ ਕੀ ਬਾਤ’ ਨੂੰ ਸੁਣਦੇ ਹੋਏ ਦੇਸ਼ ਦੇ ਧਨਾਢਾਂ ਨੂੰ ਲਾਭ ਪਹੁੰਚਾਉਣ ਲਈ ਬਹੁਤ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਕਾ. ਹਰਕੰਵਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਮਿਲਣ ਵਾਲੀ 240 ਰੁਪਏ ਦਿਹਾਡ਼ੀ ਨੂੰ ਵਧਾ ਕੇ 241 ਰੁਪਏ ਕਰਨਾ ਗਰੀਬ ਮਜ਼ਦੂਰਾਂ ਨਾਲ ਭੱਦਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਾਕੀ ਸੂਬਿਆਂ ਨਾਲੋਂ ਘੱਟ ਦਿਹਾਡ਼ੀ ਦਿੱਤੀ ਜਾ ਰਹੀ ਹੈ ਜਦਕਿ ਗੁਆਂਢੀ ਰਾਜ ਹਰਿਆਣਾ ਵਿਚ 284 ਰੁਪਏ ਅਤੇ ਕੇਰਲ ਵਿਚ 271 ਰੁਪਏ ਦਿਹਾਡ਼ੀ ਦਿੱਤੀ ਜਾ ਰਹੀ ਹੈ। ਮੰਗ ਤਾਂ ਇਹ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਵੱਲੋਂ ਬਣਾਈ ਮਹੇਂਦਰ ਦੇਵੀ ਕਮੇਟੀ ਦੀਆਂ ਸਿਫਾਰਿਸ਼ਾਂ ਤਹਿਤ ਮਨਰੇਗਾ ਦਿਹਾਡ਼ੀ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਅੰਦਰ ਲਿਆਂਦਾ ਜਾਵੇ ਜੋ ਕਿ ਕਿਸੇ ਵੀ ਪਰਿਵਾਰ ਦੀਆਂ ਮੁੱਢਲੀਆਂ ਲੋਡ਼ਾਂ ਪੂਰੀਆਂ ਕਰਨ ਲਈ ਜ਼ਰੂਰੀ ਹੈ ਪਰ ਸਰਕਾਰਾਂ ਵੱਲੋਂ ਲਗਾਤਾਰ ਮਨਰੇਗਾ ਦੇ ਬਜਟ ਨੂੰ ਘੱਟ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਕਾ. ਗੰਗਾ ਪ੍ਰਸਾਦ, ਮਹਿੰਦਰ ਸਿੰਘ ਜੋਸ਼, ਕਾ. ਜੋਧ ਸਿੰਘ, ਡਾ. ਤਰਲੋਚਨ ਸਿੰਘ, ਸਵਰਨ ਸਿੰਘ, ਡਾ. ਕਰਮਜੀਤ ਸਿੰਘ, ਗਿਆਨ ਸਿੰਘ ਗੁਪਤਾ, ਤਰਸੇਮ ਲਾਲ, ਅਮਰਜੀਤ ਸਿੰਘ ਕਾਨੂੰਗੋ, ਮਲਕੀਤ ਸਿੰਘ ਸਲੇਮਪੁਰ, ਕੁਲਤਾਰ ਸਿੰਘ, ਹਰਜਾਪ ਸਿੰਘ, ਸੱਤਪਾਲ ਲੱਠ, ਸ਼ਿਵ ਕੁਮਾਰ, ਕੁਲਭੂਸ਼ਣ ਕੁਮਾਰ, ਦਵਿੰਦਰ ਸਿੰਘ ਕੱਕੋਂ, ਗੁਰਦੇਵ ਦੱਤ, ਬਲਵੰਤ ਰਾਮ ਆਦਿ ਆਗੂ ਵੀ ਹਾਜ਼ਰ ਸਨ।
ਹੁਸ਼ਿਆਰਪੁਰ 'ਚ ਬਾਲ ਸੁਧਾਰ ਘਰ ਦੇ ਕੈਦੀਆਂ 'ਚ ਖੂਨੀ ਝੜਪ, 4 ਜ਼ਖਮੀ
NEXT STORY