ਹੁਸ਼ਿਆਰਪੁਰ (ਘੁੰਮਣ)-ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ‘ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ’ ਵੱਲੋਂ ਪਿੰਡ ਹੁਸੈਨਪੁਰ ਗੁਰੂ ਕਾ ਵਿਖੇ ਮੁਫ਼ਤ ਮੈਡੀਕਲ ਤੇ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ। ਸਰਪੰਚ ਰਕਸ਼ਾ ਦੇਵੀ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਲਗਾਏ ਇਸ ਮੁਫ਼ਤ ਮੈਡੀਕਲ ਕੈਂਪ ਦੌਰਾਨ ਡਾ. ਕੁਲਜੀਤ ਕੌਰ ਦੀ ਅਗਵਾਈ ਹੇਠ 270 ਮਰੀਜ਼ਾਂ ਦੇ ਮੁਫਤ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਕੈਂਸਰ ਦਾ ਅਗਾਊਂ ਪਤਾ ਲਗਾਉਣ ਵਾਲੇ ਟੈਸਟ ਵੀ ਮੁਫਤ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮਿੰਦਰ ਸਿੰਘ ਡਾਇਰੈਕਟਰ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਇਹ ਮੁਫ਼ਤ ਮੈਡੀਕਲ ਕੈਂਪ ਲੋਕਾਂ ਵਿਚ ਕੈਂਸਰ ਵਰਗੀਆਂ ਘਾਤਕ ਤੇ ਮਾਰੂ ਬੀਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪੰਜਾਬ ਭਰ ਵਿਚ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਮੁਫਤ ਦਵਾਈਆਂ ਦੇ ਨਾਲ-ਨਾਲ ਕੈਂਸਰ ਸੰਬੰਧੀ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਰਿਪੋਰਟਾਂ ਆਉਣ ਤੋਂ ਬਾਅਦ ਵੀ ਮਰੀਜ਼ ਨੂੰ ਸਹੀ ਇਲਾਜ ਕਰਵਾਉਣ ਬਾਰੇ ਕੌਂਸਲਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਆਪਣੀ ਚੰਗੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਸਮੇਂ ਦੀ ਮੁੱਖ ਲੋਡ਼ ਹੈ, ਤਾਂ ਜੋ ਸਮੇਂ ਸਿਰ ਬੀਮਾਰੀ ਦਾ ਪਤਾ ਲਗਾ ਕੇ ਸਮਾਂ ਰਹਿੰਦਿਆਂ ਹੀ ਘੱਟ ਲਾਗਤ ਨਾਲ ਇਲਾਜ ਕੀਤਾ ਜਾ ਸਕੇ। ਇਸ ਮੌਕੇ ਸਰਪੰਚ ਰਕਸ਼ਾ ਦੇਵੀ ਨੇ ‘ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ’ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਦਲਵੀਰ ਸਿੰਘ, ਜਸਵੀਰ ਸਿੰਘ ਪੰਚ, ਪ੍ਰਧਾਨ ਗੁਰਦੁਆਰਾ ਕਮੇਟੀ ਜਸਪਾਲ ਸਿੰਘ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਗੁਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਨੌਜਵਾਨ ਹਾਜ਼ਰ ਸਨ।
ਪ੍ਰਧਾਨ ਮੰਤਰੀ ਭਾਰਤੀਆ ਜਨ ਔਸ਼ਧੀ ਕੇਂਦਰ ਦੇ ਐੱਮ. ਡੀ. ਵੱਲੋਂ ਗੁਰੂ ਨਾਨਕ ਸੇਵਾਘਰ ਦਾ ਦੌਰਾ
NEXT STORY