ਜਲੰਧਰ, (ਸ਼ੋਰੀ) - ਆਮ ਤੌਰ 'ਤੇ ਸਿਵਲ ਹਸਪਤਾਲ 'ਚ ਸਟਾਫ ਨਾਲ ਮਰੀਜ਼ਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਵਾਦਾਂ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਪਰ ਅੱਜ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਬਲੱਡ ਬੈਂਕ ਵਿਚ ਇਸ ਤੋਂ ਉਲਟ ਦੇਖਣ ਨੂੰ ਮਿਲਿਆ ਜਦੋਂ ਪਲੇਟਲੈਟਸ ਸੈੱਲ ਜਲਦੀ ਲੈਣ ਨੂੰ ਲੈ ਕੇ ਇਕ ਵਿਅਕਤੀ ਨੇ ਮਹਿਲਾ ਬਲੱਡ ਟੈਕਨੀਸ਼ੀਅਨ ਨਾਲ ਝਗੜਾ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ। ਉਸ ਨੂੰ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ। ਡਿਪਰੈਸ਼ਨ ਤੇ ਬੀ. ਪੀ. ਘੱਟ ਹੋਣ ਕਾਰਨ ਉਸ ਨੂੰ ਆਈ. ਸੀ. ਯੂ. ਵਾਰਡ ਵਿਚ ਦਾਖਲ ਕੀਤਾ ਗਿਆ। ਮਹਿਲਾ ਟੈਕਨੀਸ਼ੀਅਨ ਦੀ ਪਛਾਣ ਬਬਲਜੀਤ ਕੌਰ ਪੁੱਤਰੀ ਦਲਬੀਰ ਸਿੰਘ ਵਾਸੀ ਜੰਡਿਆਲਾ ਗੁਰੂ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਡਿਊਟੀ ਦੌਰਾਨ ਇਕ ਵਿਅਕਤੀ ਆ ਕੇ ਉਸ 'ਤੇ ਦਬਾਅ ਬਣਾਉਣ ਲੱਗਾ ਕਿ ਉਸ ਦੇ ਜਾਣਕਾਰ ਨੂੰ ਪਲੇਟਲੈਟਸ ਸੈੱਲ ਪਹਿਲਾਂ ਤਿਆਰ ਕਰ ਕੇ ਦਿੱਤੇ ਜਾਣ।
ਥੋੜ੍ਹਾ ਇੰਤਜ਼ਾਰ ਕਰਨ ਲਈ ਕਿਹਾ ਤਾਂ ਉਹ ਝਗੜਾ ਕਰਨ ਲੱਗਾ। ਇਸ ਗੱਲ ਨੂੰ ਲੈ ਕੇ ਉਹ ਡਿਪਰੈਸ਼ਨ 'ਚ ਚਲੀ ਗਈ ਅਤੇ ਬੇਹੋਸ਼ ਹੋ ਗਈ।ਇਸ ਘਟਨਾ ਨੂੰ ਲੈ ਕੇ ਹਸਪਤਾਲ ਦੇ ਬਾਕੀ ਸਟਾਫ 'ਚ ਰੋਸ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਉਹ ਪੁਲਸ ਕੋਲ ਸ਼ਿਕਾਇਤ ਕਰ ਕੇ ਬਬਲਜੀਤ ਕੌਰ ਨਾਲ ਝਗੜਾ ਕਰਨ ਵਾਲੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣਗੇ। ਉਥੇ ਟੈਕਨੀਸ਼ੀਅਨਾਂ ਦੀ ਮੰਗ ਹੈ ਕਿ ਬਲੱਡ ਬੈਂਕ ਵਿਚ ਸੁਰੱਖਿਆ ਵਧਾਈ ਜਾਵੇ।
ਗਮਾਡਾ ਦੇ ਸਾਬਕਾ ਐੱਸ. ਈ. ਸਮੇਤ ਸਾਰੇ ਮੁਲਜ਼ਮ 6 ਦਿਨਾ ਪੁਲਸ ਰਿਮਾਂਡ 'ਤੇ
NEXT STORY