ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਪੰਜਾਬ 'ਚ ਚੱਲ ਰਹੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰਾਂ ਦੀ ਪੁਸ਼ਤ-ਪਨਾਹੀ ਕਰ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਕਤ ਕੇਂਦਰ ਬਿਨਾਂ ਰੋਕ-ਟੋਕ ਚੱਲ ਰਹੇ ਹਨ। ਅਜਿਹੇ ਹੀ ਕੇਂਦਰਾਂ ਦਾ ਮੀਡੀਆ ਵਿਚ ਖੁਲਾਸਾ ਹੋਣ ਤੋਂ ਬਾਅਦ ਵਿਭਾਗ ਦੇ ਅਧਿਕਾਰੀ ਸਬੰਧਤ ਕੇਂਦਰਾਂ ਨੂੰ ਬਚਾਉਣ ਲਈ ਸਿਵਲ ਸਰਜਨਾਂ ਨੂੰ ਛੇਤੀ ਤੋਂ ਛੇਤੀ ਕੇਂਦਰਾਂ ਦੀ ਜ਼ਿਲਾ ਪੱਧਰ 'ਤੇ ਜਾਂਚ ਕਰ ਕੇ ਲਾਇਸੈਂਸ ਜਾਰੀ ਕਰਨ ਸਬੰਧੀ ਪੱਤਰ ਕੱਢ ਰਹੇ ਹਨ। ਇਹ ਖੁਲਾਸਾ ਆਰ. ਟੀ. ਆਈ. ਐਕਟੀਵਿਸਟ ਅਤੇ ਪ੍ਰਸਿੱਧ ਸਮਾਜ ਸੇਵਕ ਜੈ ਗੋਪਾਲ ਲਾਲੀ ਨੇ ਅੱਜ ਮਹੱਤਵਪੂਰਨ ਦਸਤਾਵੇਜ਼ ਪੱਤਰਕਾਰ ਸੰਮੇਲਨ ਦੌਰਾਨ ਸਾਂਝੇ ਕਰਦਿਆਂ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਗੋਪਾਲ ਲਾਲੀ ਨੇ ਕਿਹਾ ਕਿ ਮਜੀਠਾ-ਵੇਰਕਾ ਬਾਈਪਾਸ 'ਤੇ ਸਥਿਤ ਦੀ ਹਰਮੀਟੇਜ ਪੁਨਰਵਾਸ ਕੇਂਦਰ 'ਤੇ ਸਿਹਤ ਵਿਭਾਗ ਖਾਸ ਤੌਰ 'ਤੇ ਦਿਆਲੂ ਹੈ। ਉਕਤ ਕੇਂਦਰ ਦਾ ਲਾਇਸੈਂਸ ਨਹੀਂ ਹੈ ਅਤੇ ਵਿਭਾਗ ਦੇ ਮਹੱਤਵਪੂਰਨ ਅਹੁਦੇ 'ਤੇ ਮੌਜੂਦ ਰਹੇ ਉੱਚ ਅਧਿਕਾਰੀਆਂ ਨੇ ਉਕਤ ਕੇਂਦਰ ਦੇ ਕੰਮਾਂ ਵਿਚ ਸ਼ਾਮਲ ਹੁੰਦੇ ਹੋਏ ਕੇਂਦਰ ਦਾ ਕਈ ਸਾਲ ਪਹਿਲਾਂ ਉਦਘਾਟਨ ਵੀ ਕੀਤਾ। ਉੱਚ ਅਧਿਕਾਰੀਆਂ ਵੱਲੋਂ ਕੇਂਦਰ ਦੇ ਮਾਲਕ ਦੀ ਪਹੁੰਚ ਹੋਣ ਕਾਰਨ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਉਕਤ ਕੇਂਦਰ ਦਾ ਲਾਇਸੈਂਸ ਚੈੱਕ ਨਹੀਂ ਕੀਤਾ। ਪਿਛਲੇ ਦਿਨੀਂ ਸਿਵਲ ਸਰਜਨ ਡਾ. ਨਰਿੰਦਰ ਕੌਰ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਟੀਮ ਨੇ ਜਦੋਂ ਕੇਂਦਰ ਦੀ ਅਚਾਨਕ ਜਾਂਚ ਕੀਤੀ ਤਾਂ ਖੁਲਾਸਾ ਹੋਇਆ ਕਿ ਸਬੰਧਤ ਕੇਂਦਰ ਕੋਲ ਲਾਇਸੈਂਸ ਨਹੀਂ ਹੈ।
ਲਾਲੀ ਨੇ ਸਿਹਤ ਵਿਭਾਗ ਵੱਲੋਂ ਜਾਰੀ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਸਾਂਝੇ ਕਰਦਿਆਂ ਕਿਹਾ ਕਿ ਸਿਵਲ ਸਰਜਨ ਵੱਲੋਂ ਜਾਂਚ ਤੋਂ ਬਾਅਦ ਕੇਂਦਰ ਨੂੰ ਨੋਟਿਸ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਗਿਆ ਹੈ ਕਿ ਹਰਮੀਟੇਜ ਪੁਨਰਵਾਸ ਕੇਂਦਰ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਥੋਂ ਦੇ ਸਟਾਫ ਨੇ ਮਨਜ਼ੂਰੀ ਦਾ ਸਰਟੀਫਿਕੇਟ ਜਾਂ ਉਸ ਦੀ ਕਾਪੀ ਪੇਸ਼ ਨਹੀਂ ਕੀਤੀ। ਇਸ ਤੋਂ ਇਲਾਵਾ ਉਕਤ ਕੇਂਦਰ ਵਿਚ ਕੋਈ ਵੀ ਪੜ੍ਹਿਆ-ਲਿਖਿਆ ਸਟਾਫ ਜਾਂਚ ਦੌਰਾਨ ਨਹੀਂ ਪਾਇਆ ਗਿਆ। ਸੈਂਟਰ 'ਚ 32 ਮਰੀਜ਼ ਦਾਖਲ ਸਨ, ਜਿਨ੍ਹਾਂ 'ਚੋਂ 29 ਆਦਮੀ ਤੇ 3 ਔਰਤਾਂ ਸਨ। ਸੈਂਟਰ ਵਿਚ ਕੋਈ ਵੀ ਸਿੱਖਿਅਤ ਕੇਅਰ ਟੇਕਰ ਮੌਜੂਦ ਨਹੀਂ ਸੀ। ਜਾਂਚ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੇਂਦਰ ਦੇ ਸਟਾਫ ਵੱਲੋਂ ਦਿਖਾਏ ਗਏ ਲਾਇਸੈਂਸ ਤੋਂ ਪੁਸ਼ਟੀ ਹੋਈ ਕਿ ਲਾਇਸੈਂਸ ਡਾ. ਜਗਦੀਪਕ ਪਾਲ ਸਿੰਘ ਭਾਟੀਆ ਕੇਅਰ ਆਫ ਭਾਟੀਆ ਨਿਊਰੋਸਾਇਕੇਟ੍ਰਿਕ ਐਂਡ ਡੀਐਡੀਕਸ਼ਨ ਕੌਂਸਲਿੰਗ ਅਤੇ ਰੀਹੈਬੀਲਿਟੇਸ਼ਨ ਸੈਂਟਰ 22 ਸਰਕੂਲਰ ਰੋਡ ਦੇ ਨਾਂ 'ਤੇ ਦਰਜ ਹੈ। ਸੈਂਟਰ 10 ਬੈੱਡ ਦਾ ਮਨਜ਼ੂਰਸ਼ੁਦਾ ਹੈ।
ਮਹੱਤਵਪੂਰਨ ਦਸਤਾਵੇਜ਼ ਰਾਹੀਂ ਹੋਇਆ ਖੁਲਾਸਾ : ਲਾਲੀ ਨੇ ਕਿਹਾ ਕਿ ਨੋਟਿਸ ਕੱਢਣ ਦੇ ਕੁਝ ਹੀ ਦਿਨਾਂ ਬਾਅਦ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਸਿਵਲ ਸਰਜਨ ਅੰਮ੍ਰਿਤਸਰ ਨੂੰ ਪੱਤਰ ਜਾਰੀ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਉਹ ਜ਼ਿਲਾ ਪੱਧਰ 'ਤੇ ਕਮੇਟੀ ਗਠਿਤ ਕਰ ਕੇ ਸੈਂਟਰ ਦੀ ਜਾਂਚ ਕਰਵਾ ਕੇ ਆਪਣੀ ਸਿਫਾਰਸ਼ ਅਤੇ ਟਿੱਪਣੀ ਸਮੇਤ 7 ਦਿਨਾਂ ਦੇ ਅੰਦਰ ਰਿਪੋਰਟ ਵਿਭਾਗ ਨੂੰ ਭੇਜੇ ਤਾਂ ਕਿ ਉਕਤ ਕੇਂਦਰ ਦਾ ਲਾਇਸੈਂਸ ਜਾਰੀ ਕਰਨ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ। ਇਹ ਪੱਤਰ ਜਾਰੀ ਹੋਣ ਤੋਂ ਬਾਅਦ ਵੀ ਅੱਜ ਤੱਕ ਸਿਹਤ ਵਿਭਾਗ ਨੇ ਨਾ ਤਾਂ ਸਬੰਧਤ ਕੇਂਦਰ ਖਿਲਾਫ ਕਾਰਵਾਈ ਕੀਤੀ ਤੇ ਨਾ ਹੀ ਮਰੀਜ਼ਾਂ ਨੂੰ ਕਿਸੇ ਹੋਰ ਮਨਜ਼ੂਰਸ਼ੁਦਾ ਪੁਨਰਵਾਸ ਕੇਂਦਰ ਵਿਚ ਸ਼ਿਫਟ ਕਰਵਾਉਣ ਸਬੰਧੀ ਕੋਈ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮਹੱਤਵਪੂਰਨ ਦਸਤਾਵੇਜ਼ਾਂ ਅਨੁਸਾਰ ਸਪੱਸ਼ਟ ਹੈ ਕਿ ਸੈਂਟਰ ਕੋਲ ਲਾਇਸੈਂਸ ਨਹੀਂ ਹੈ ਪਰ ਫਿਰ ਵੀ ਸੈਂਟਰ ਦੇ ਮਾਲਕ ਮੀਡੀਆ ਨੂੰ ਵੀ ਗੁੰਮਰਾਹ ਕਰਦੇ ਹੋਏ ਲਾਇਸੈਂਸ ਹੋਣ ਦਾ ਦਾਅਵਾ ਕਰ ਰਹੇ ਹਨ।
ਮੁੱਖ ਮੰਤਰੀ ਨੂੰ ਵੀ ਭੇਜੀ ਲਿਖਤੀ ਸ਼ਿਕਾਇਤ: ਉਨ੍ਹਾਂ ਕਿਹਾ ਕਿ ਵਿਭਾਗ ਦੇ ਚੰਡੀਗੜ੍ਹ ਦਫ਼ਤਰ 'ਚ ਬੈਠੇ ਉੱਚ ਅਧਿਕਾਰੀ ਜ਼ਿਲਾ ਪੱਧਰ ਦੇ ਅਧਿਕਾਰੀਆਂ ਨੂੰ ਸਬੰਧਤ ਕੇਂਦਰ ਖਿਲਾਫ ਕਾਰਵਾਈ ਕਰਨ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਿਖਤੀ ਸ਼ਿਕਾਇਤ ਕਰ ਕੇ ਜਾਣਕਾਰੀ ਦੇ ਦਿੱਤੀ ਹੈ। ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਹੀ ਪੰਜਾਬ ਵਿਚ ਨਸ਼ਾ ਛੁਡਾਊ ਕੇਂਦਰ ਧੜੱਲੇ ਨਾਲ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਹੀ ਗ੍ਰਹਿਣ ਲਾ ਰਹੇ ਹਨ।
ਵਿਭਾਗ ਨੂੰ ਦੇ ਦਿੱਤਾ ਹੈ ਨੋਟਿਸ ਦਾ ਜਵਾਬ: ਇਸ ਸਬੰਧੀ ਜਦੋਂ ਸੈਂਟਰ ਦੇ ਮਾਲਕ ਡਾ. ਜਗਦੀਪਕ ਭਾਟੀਆ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਮਜੀਠਾ-ਵੇਰਕਾ ਬਾਈਪਾਸ ਦੇ ਹਰਮੀਟੇਜ ਪੁਨਰਵਾਸ ਕੇਂਦਰ ਦਾ ਸਰਟੀਫਿਕੇਟ ਹੈ। ਵਿਭਾਗ ਦੀ ਜ਼ਿਲਾ ਪੱਧਰੀ ਟੀਮ ਵੱਲੋਂ ਕੀਤੀ ਗਈ ਜਾਂਚ ਅਤੇ ਉਸ ਤੋਂ ਬਾਅਦ ਜਾਰੀ ਨੋਟਿਸ ਦਾ ਜਵਾਬ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਵਿਭਾਗ ਨੂੰ 2011 ਤੋਂ ਚੱਲ ਰਹੇ ਕੇਂਦਰ ਦੀਆਂ ਸਾਰੀਆਂ ਫਾਈਲਾਂ ਦੇ ਦਿੱਤੀਆਂ ਹਨ, ਖਾਸ ਤੌਰ 'ਤੇ ਪਿਛਲੇ 2 ਸਾਲਾਂ ਦੀਆਂ ਰਿਪੋਰਟਾਂ ਵੀ ਵਿਭਾਗ ਨੂੰ ਦੇ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮਰੀਜ਼ਾਂ ਦੀ ਹਫਤਾਵਾਰੀ ਰਿਪੋਰਟ ਵੀ ਵਿਭਾਗ ਨੂੰ ਭੇਜੀ ਜਾ ਰਹੀ ਹੈ।
ਨੋਟਿਸ ਦਾ ਜਵਾਬ ਤਸੱਲੀਬਖਸ਼ ਨਹੀਂ: ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਕਿਹਾ ਕਿ ਹਰਮੀਟੇਜ ਪੁਨਰਵਾਸ ਕੇਂਦਰ ਕੋਲ ਲਾਇਸੈਂਸ ਨਹੀਂ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟਿਸ ਦਾ ਤਸੱਲੀਬਖਸ਼ ਜਵਾਬ ਕੇਂਦਰ ਵੱਲੋਂ ਨਹੀਂ ਦਿੱਤਾ ਗਿਆ। ਵਿਭਾਗ ਦੇ ਡਾਇਰੈਕਟਰ ਵੱਲੋਂ ਕੇਂਦਰ ਦਾ ਲਾਇਸੈਂਸ ਜਾਰੀ ਕਰਨ ਸਬੰਧੀ ਜਾਂਚ ਕਰਨ ਲਈ ਕਿਹਾ ਗਿਆ ਹੈ। ਕੇਂਦਰ ਵੱਲੋਂ ਨੋਟਿਸ ਦਾ ਤਸੱਲੀਬਖਸ਼ ਜਵਾਬ ਜਾਣ ਉਪਰੰਤ ਜਾਂਚ ਕੀਤੀ ਜਾਵੇਗਾ।
ਧੂਮ-ਧਾਮ ਨਾਲ ਮਨਾਈ ਦੀਵਾਲੀ ਤੇ ਵਿਸ਼ਵਕਰਮਾ ਦਿਵਸ
NEXT STORY