ਪੱਛਮੀ ਬੰਗਾਲ ਦੀ ਰਾਜਨੀਤੀ ’ਚ ਅਚਾਨਕ ਰਾਬਿਨ ਹੁੱਡ ਦੇ ਅੰਦਾਜ਼ ’ਚ ਛਾਏ ਹੁਮਾਯੂੰ ਕਬੀਰ ਨੇ ਉਥੇ ਸਿਆਸੀ ਪਾਰਾ ਵਧਾ ਦਿੱਤਾ ਹੈ। ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਵਿਧਾਇਕ ਹੋ ਕੇ ਵੀ ਪਾਰਟੀ ਨੂੰ ਚੁਣੌਤੀ ਦੇਣ ਵਾਲੇ ਕਬੀਰ ਨੇ ਜੋ ਧਾਰਮਿਕ ਦਾਅ ਖੇਡਿਆ ਹੈ, ਉਹ ਬੇਸ਼ੱਕ ਅਜੇ ਪੱਛਮੀ ਬੰਗਾਲ ਦੇ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਹੋਵੇ ਪਰ ਇੰਨਾ ਜ਼ਰੂਰ ਮੰਨਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੇ ਸੈਕੂਲਰ ਹੋਣ ਦੇ ਦਾਅਵੇ ਨੂੰ ਭਾਜਪਾ ਤੋਂ ਵੀ ਵੱਡੀ ਚੁਣੌਤੀ ਉਨ੍ਹਾਂ ਦੇ ਆਪਣੇ ਵਿਧਾਇਕ ਨੇ ਦੇ ਦਿੱਤੀ।
ਹੁਮਾਯੂੰ 2026 ਦੀਆਂ ਚੋਣਾਂ ’ਚ ਖੁਦ ਨੂੰ ਨਾ ਸਿਰਫ ਕਿੰਗਮੇਕਰ ਦੱਸਦੇ ਹਨ, ਸਗੋਂ ਪੱਛਮੀ ਬੰਗਾਲ ਲਈ ਅਸਦੁਦੀਨ ਓਵੈਸੀ ਨਾਲ ਆਪਣੀ ਤੁਲਨਾ ਵੀ ਕਰ ਕੇ, ਉਨ੍ਹਾਂ ਨਾਲ ਗੱਠਜੋੜ ਦੀ ਗੱਲ ਵੀ ਕਹਿੰਦੇ ਹਨ। ਪੱਛਮੀ ਬੰਗਾਲ ਦੀ ਰਾਜਨੀਤੀ ਵੀ ਧਾਰਮਿਕ ਆਧਾਰਾਂ ’ਤੇ ਵੋਟਾਂ ਦੇ ਧਰੁਵੀਕਰਨ ’ਤੇ ਕੇਂਦਰਿਤ ਹੋ ਗਈ ਹੈ।
62 ਸਾਲ ਦੇ ਹੁਮਾਯੂੰ ਕਬੀਰ ਬੇਲਡਾਂਗਾ ’ਚ ਬਾਬਰੀ ਮਸਜਿਦ ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਜਿਥੇ ਅਪ੍ਰੈਲ 2025 ’ਚ ਫਿਰਕੂ ਹਿੰਸਾ ਹੋ ਚੁੱਕੀ ਹੈ। ਉਨ੍ਹਾਂ ਨੂੰ ਮਿਲੇ ਜਨ-ਸਮਰਥਨ ਅਤੇ 6 ਦਸੰਬਰ ਨੂੰ ਬਰਹਮਪੁਰ ’ਚ ਬਾਬਰੀ ਮਸਜਿਦ ਦੀ ਨੀਂਹ ਰੱਖਣ ਦੌਰਾਨ ਉਮੜੀ ਭੀੜ ਅਤੇ ਰੁਪਏ, ਇੱਟਾਂ ਦੇ ਨਾਲ ਪਹੁੰਚਦਾ ਭਾਰੀ ਜਨ-ਸੈਲਾਬ ਦੱਸਦਾ ਹੈ ਕਿ ਪੱਛਮੀ ਬੰਗਾਲ ਦੀ ਸਿਆਸੀ ਤਾਸੀਰ ’ਚ ਹੁਮਾਯੂੰ ਕਬੀਰ ਨੇ ਸ਼ਹਿ-ਮਾਤ ਦਾ ਉਹ ਦਾਅ ਚੱਲਿਆ ਹੈ ਕਿ ਮਮਤਾ ਬੈਨਰਜੀ ਨੂੰ ਚੁਣੌਤੀ ਸਮਝ ਆਉਣ ਲੱਗੀ। ਕਬੀਰ ਦਾ 135 ਸੀਟਾਂ ’ਤੇ ਉਮੀਦਵਾਰ ਉਤਾਰਨ ਦਾ ਐਲਾਨ ਅਤੇ ਕਈ ਸਿਆਸੀ ਪਾਰਟੀਆਂ ਅਤੇ ਲੋਕਾਂ ਨਾਲ ਸੰਪਰਕ ਦੀ ਵੰਗਾਰ ਦੱਸਦੀ ਹੈ ਕਿ ਇਸ ਵਾਰ ਪੱਛਮੀ ਬੰਗਾਲ ਦੀਆਂ ਚੋਣਾਂ ਕਾਫੀ ਵੱਖਰੀਆਂ ਹੋਣਗੀਆਂ।
ਹੁਮਾਯੂੰ ਕਬੀਰ ਦਾ ਸਿਆਸੀ ਟ੍ਰੈਕ ਰਿਕਾਰਡ ਵੀ ਦਿਲਚਸਪ ਹੈ। ਕਈ ਵਾਰ ਅਲੱਗ-ਅਲੱਗ ਪਾਰਟੀਆਂ ਬਦਲ ਚੁੱਕੇ ਹਨ। ਮੁਰਸ਼ਿਦਾਬਾਦ ’ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੇ ਕਰੀਬੀ ਵਜੋਂ ਸਿਆਸਤ ’ਚ ਆਏ ਅਤੇ 2009 ’ਚ ਉਥੋਂ ਦੀ ਇਕਾਈ ਦੇ ਜਨਰਲ ਸਕੱਤਰ ਬਣੇ। 2011 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਟਿਕਟ ’ਤੇ ਰੇਜਿਨਗਰ ਤੋਂ ਪਹਿਲੀ ਵਾਰ ਵਿਧਾਇਕ ਬਣੇ ਪਰ ਸਾਲ 2012 ’ਚ ਹੀ ਅਧੀਰ ਰੰਜਨ ਚੌਧਰੀ ਨਾਲ ਮਤਭੇਦਾਂ ਕਾਰਨ ਉਹ ਟੀ. ਐੱਮ. ਸੀ. ’ਚ ਚਲੇ ਗਏ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਪ ਚੋਣ ਹਾਰ ਗਏ 2015 ’ਚ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਟੀ. ਐੱਮ. ਸੀ. ’ਚੋਂ 6 ਸਾਲ ਲਈ ਮੁਅੱਤਲ ਹੋਏ।
2018 ’ਚ ਭਾਜਪਾ ’ਚ ਸ਼ਾਮਲ ਹੋਏ ਅਤੇ ਇੰਚਾਰਜ ਕੈਲਾਸ਼ ਵਿਜੇਵਰਗੀਯ ਦੇ ਇੰਨੇ ਨੇੜੇ ਹੋ ਗਏ ਕਿ ਉਨ੍ਹਾਂ ਨੂੰ 2019 ’ਚ ਮੁਰਸ਼ਿਦਾਬਾਦ ਲੋਕ ਸਭਾ ਤੋਂ ਟਿਕਟ ਤਕ ਮਿਲ ਗਈ ਪਰ ਟੀ. ਐੱਮ. ਸੀ. ਉਮੀਦਵਾਰ ਤੋਂ ਹਾਰ ਗਏ। ਇਸ ਤੋਂ ਬਾਅਦ 2021 ’ਚ ਉਹ ਫਿਰ ਤੋਂ ਟੀ. ਐੱਮ. ਸੀ. ’ਚ ਪਰਤ ਆਏ ਅਤੇ ਭਰਤਪੁਰ ਵਿਧਾਨ ਸਭਾ ਸੀਟ ਤੋਂ 42 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਵਿਧਾਇਕ ਬਣ ਗਏ।
ਫਿਲਹਾਲ ਕਬੀਰ ਦੀਆਂ ਕੋਸ਼ਿਸ਼ਾਂ ਬਿਹਾਰ ਵਰਗੀਆਂ ਭਾਵਨਾਵਾਂ ਨੂੰ ਪੱਛਮੀ ਬੰਗਾਲ ’ਚ ਜ਼ਿੰਦਾ ਕਰਨ ਦੀਆਂ ਲੱਗਦੀਆਂ ਹਨ, ਜਿਥੇ ਅਸਦੁਦੀਨ ਓਵੈਸੀ ਨੇ ਸੀਮਾਂਚਲ ਇਲਾਕੇ ’ਚ ਆਰ. ਜੇ. ਡੀ. ਨੂੰ ਦੋ ਵਾਰ ਚੁਣੌਤੀ ਦਿੱਤੀ। 2020 ਅਤੇ 2025 ਦੀਆਂ ਵਿਧਾਨ ਸਭਾ ਚੋਣਾਂ ’ਚ 5-5 ਸੀਟਾਂ ਹਾਸਲ ਕੀਤੀਆਂ। ਠੀਕ ਉਸੇ ਤਰਜ਼ ’ਤੇ ਕਬੀਰ ਦੀ ਐਂਟਰੀ ਹੋਈ ਜੋ ਸਥਾਨਕ ਪਰ ਪ੍ਰਭਾਵਸ਼ਾਲੀ ਅਸਰ ਦਿਸਣ ਦੇ ਨਾਲ ਭਵਿੱਖ ਦੇ ਬਦਲਾਅ ’ਤੇ ਵੀ ਸੰਕੇਤ ਹੈ। ਪੱਛਮੀ ਬੰਗਾਲ ’ਚ ਬਾਂਗਲਾ ਬੋਲਣ ਵਾਲੇ ਮੁਸਲਿਮਾਂ, ਜਿਨ੍ਹਾਂ ਨੂੰ ਸ਼ੇਰਸ਼ਾਹਬਾਦੀ ਕਿਹਾ ਜਾਂਦਾ ਹੈ, ਦੀ ਗਿਣਤੀ ਜ਼ਿਆਦਾ ਹੈ ਜਦਕਿ ਉਰਦੂ ਬੋਲਣ ਵਾਲੇ ਮੁਸਲਮਾਨ ਘੱਟਗਿਣਤੀ ਹਨ। ਸਮਾਜਿਕ ਦ੍ਰਿਸ਼ਟੀਕੋਣ ਨਾਲ ਵੀ ਪੱਛਮੀ ਬੰਗਾਲ ਦਾ ਮੁਸਲਿਮ ਵੋਟਰ ਵੱਖ-ਵੱਖ ਸਮਾਜਿਕ-ਆਰਥਿਕ ਢਾਂਚੇ ’ਚ ਵੰਡਿਆ ਹੈ। ਵੱਖਰੀ ਸੋਚ ਕਾਰਨ ਇਨ੍ਹਾਂ ਦਾ ਸਮਾਜਿਕ ਤਾਣਾ-ਬਾਣਾ ਵੀ ਕਾਫੀ ਗੁੰਝਲਦਾਰ ਹੈ।
ਜਿਥੇ ਬਾਂਗਲਾ ਬੋਲਣ ਵਾਲੇ ਮੁਸਲਮਾਨ ਜ਼ਿਆਦਾਤਰ ਪਿੰਡਾਂ-ਕਸਬਿਆਂ ਤੋਂ ਹਨ, ਜਿਨ੍ਹਾਂ ਦੀ ਸੰਸਕ੍ਰਿਤੀ ਅਤੇ ਸਮਾਜਿਕ ਰੀਤੀ-ਰਿਵਾਜ ਕਈ ਮਾਮਲਿਆਂ ’ਚ ਬੰਗਾਲੀ ਹਿੰਦੂਆਂ ਨਾਲ ਮਿਲਦੇ-ਜੁਲਦੇ ਹਨ, ਉਥੇ ਹੀ ਉਰਦੂ ਬੋਲਣ ਵਾਲੇ ਮੁਸਲਮਾਨਾਂ ਦੀ ਆਬਾਦੀ ਮੁੱਖ ਤੌਰ ’ਤੇ ਸ਼ਹਿਰਾਂ ’ਚ ਵਸੀ ਹੈ, ਜੋ ਖਾਸ ਕਰ ਕੇ ਕੋਲਕਾਤਾ ’ਚ ਰਹਿੰਦੇ ਹਨ। ਇਹ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਬਤੌਰ ਪ੍ਰਵਾਸੀ ਆ ਕੇ ਰਹਿ ਰਹੇ ਹਨ। ਇਨ੍ਹਾਂ ਦੀ ਸੱਭਿਅਤਾ, ਰਹਿਣ-ਸਹਿਣ, ਰੀਤੀ-ਰਿਵਾਜ ਅਲੱਗ ਹਨ। ਯਕੀਨੀ ਤੌਰ ’ਤੇ ਇਹ ਭੇਦ ਮਮਤਾ ਬੈਨਰਜੀ ਲਈ ਕਿਤੇ ਫਾਇਦਾ ਤਾਂ ਕਿਤੇ ਨੁਕਸਾਨ ਵਾਲਾ ਹੋਵੇਗਾ।
ਕੋਲਕਾਤਾ ’ਚ ਰਾਮ ਮੰਦਰ ਬਣਾਉਣ ਦਾ ਐਲਾਨ ਹੋ ਚੁੱਕਾ ਹੈ। 26 ਮਾਰਚ ਨੂੰ ਰਾਮਨੌਮੀ ਦੇ ਮੌਕੇ ’ਤੇ ਇਸ ਦੀ ਨੀਂਹ ਰੱਖੀ ਜਾਵੇਗੀ। ਜ਼ਾਹਿਰ ਹੈ ਕਿ ਭਾਜਪਾ ਵੀ ਵੋਟਾਂ ਦੇ ਧਰੁਵੀਕਰਨ ਦਾ ਵੱਡਾ ਦਾਅ ਖੇਡ ਰਹੀ ਹੈ। ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਇਹ ਚੋਣਾਂ ਰਾਜਨੀਤੀ ਅਤੇ ਵਿਕਾਸ ਦੇ ਮੁੱਦਿਆਂ ਤੋਂ ਇਲਾਵਾ ਯਕੀਨੀ ਤੌਰ ’ਤੇ ਇਕ ਤਰ੍ਹਾਂ ਨਾਲ ਧਰਮ ਯੁੱਧ ਵਾਂਗ ਲੜੀਆਂ ਜਾਣਗੀਆਂ, ਜਿਸ ’ਚ ਅੰਦਰੂਨੀ ਗੱਠਜੋੜ ਅਤੇ ਹਿਡਨ ਏਜੰਡੇ ਖੂਬ ਕੰਮ ਕਰਨਗੇ। ਟੀ. ਐੱਮ. ਸੀ. ਦੀ ਚੁਣੌਤੀ ਵਧਣੀ ਤੈਅ ਹੈ। ਲੱਗਦਾ ਹੈ ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ਖੱਬੇਪੱਖੀਆਂ ਨੂੰ ਆਪਣੀ ਵੰਗਾਰ ਨਾਲ ਚੁਣੌਤੀ ਦਿੱਤੀ ਸੀ, ਠੀਕ ਉਸੇ ਤਰ੍ਹਾਂ ਉਨ੍ਹਾਂ ਨੂੰ ਨਵੇਂ ਸਿਆਸੀ ਸਮੀਕਰਨਾਂ ਨਾਲ ਚੁਣੌਤੀ ਤੈਅ ਹੈ। ਦੇਖਣਾ ਹੋਵੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ? ਫਿਲਹਾਲ ਪੱਛਮੀ ਬੰਗਾਲ ਦੀਆਂ ਚੋਣਾਂ ਸਭ ਤੋਂ ਵੱਧ ਚਰਚਾ ’ਚ ਹਨ।
- ਰਿਤੂਪਰਣ ਦਵੇ
rituparndave@gmail.com
‘ਹਸਪਤਾਲਾਂ ’ਚ ਚੂਹਿਆਂ ਦਾ ਕਹਿਰ’ ਬਣ ਰਿਹਾ ਰੋਗੀਆਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ!
NEXT STORY