ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) - ਸ਼ਹਿਰ ਦੀ ਇਕ ਸਾਂਝੀ ਚੈਰੀਟੇਬਲ ਧਰਮਸ਼ਾਲਾ (ਮੇਘ ਰਾਜ ਭਵਨ) ਨਜ਼ਦੀਕ ਰੇਲਵੇ ਸਟੇਸ਼ਨ ਬਹੁਤ ਹੀ ਖਸਤਾਹਾਲ ਵਿਚ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਅਸੁਰੱਖਿਅਤ ਐਲਾਨਿਅਾ ਜਾ ਚੁੱਕਿਆ ਹੈ। ਲੋਕ ਭਲਾਈ ਲਈ ਬਣਾਈ ਗਈ ਇਹ ਇਮਾਰਤ ਆਪਣਾ ਅਸਲੀ ਵਜੂਦ ਗੁਆ ਚੁੱਕੀ ਹੈ ਅਤੇ ਟਰੱਸਟੀਆਂ ਦੀ ਬੇਰੁਖੀ ਕਾਰਨ ਇਸ ਇਮਾਰਤ ਦੇ ਬਹੁਤ ਸਾਰੇ ਹਿੱਸੇ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।ਸੂਚਨਾ ਅਧਿਕਾਰ ਐਕਟ-2005 ਅਧੀਨ ਪ੍ਰਾਪਤ ਸੂਚਨਾ ਅਤੇ ਮਿਲੀ ਜਾਣਕਾਰੀ ਅਨੁਸਾਰ ਇਸ ਜਗ੍ਹਾ ਦੀ ਮਾਲਕੀ ਖੇਵਟ ਨੰ. 431 ਖਤੋਨੀ ਨੰ. 1046, ਖਸਰਾ ਨੰ. 1289, ਰਕਬਾ 1866 ਵਰਗ ਗਜ਼ 6 ਵਰਗ ਫੁੱਟ/16800 ਵਰਗ ਫੁੱਟ ਹੈ। ਜਮ੍ਹਾਬੰਦੀ ਸਾਲ 1946-47 ਅਾਬਾਦੀ ਜਦੀਦ ਦੇ ਮੁਤਾਬਕ ਲਾਲਾ ਮੇਘਾ ਮੱਲ ਇਸ ਦੇ ਮਾਲਕ ਸਨ। ਸਰਦਾਰੀ ਮੱਲ ਅਤੇ ਗੁਲਜ਼ਾਰੀ ਮੱਲ ਪੁੱਤਰਾਨ ਲਾਲਾ ਮੇਘਾ ਮੱਲ ਨੇ ਸਾਲ 1914 ਵਿਚ ਮੇਘ ਰਾਜ ਭਵਨ ਦਾ ਨਿਰਮਾਣ ਸ਼ੁਰੂ ਕੀਤਾ ਸੀ।
ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ. 457 ਮਿਤੀ 07-04-1876 ਨੂੰ ਨਗਰ ਪਾਲਿਕਾ ਬਣੀ ਸੀ ਅਤੇ ਇਸ ਦੇ ਅਧਿਕਾਰ ਅਧੀਨ ਮਿਸਲ ਹਕੀਅਤ ਅੰਦਰ ਲਾਲ ਲਕੀਰ ਦਾ ਏਰੀਆ ਆਉਂਦਾ ਸੀ। ਇਸ ਤੋਂ ਬਾਹਰ ਦਾ ਇਲਾਕਾ, ਜਿਸ ਨੂੰ ਅਾਬਾਦੀ ਜਦੀਦ ਕਹਿੰਦੇ ਹਨ, ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਨੰ. 5290 ਮਿਤੀ 23-12-1937 ਨੂੰ ਇਹ ਇਲਾਕਾ ਨਗਰ ਪਾਲਿਕਾ ਦੇ ਅਧੀਨ ਆ ਗਿਆ। ਸਾਲ 1914 ਵਿਚ ਜਦੋਂ ਇਸ ਧਰਮਸ਼ਾਲਾ ਦੀ ਉਸਾਰੀ ਸ਼ੁਰੂ ਹੋਈ ਤਾਂ ਇਹ ਨਗਰ ਪਾਲਿਕਾ ਅਧੀਨ ਨਹੀਂ ਸੀ।
ਮੇਘ ਰਾਜ ਭਵਨ ਦੇ ਟਰੱਸਟੀਆਂ ਨੇ ਖਸਰਾ ਨੰ. 1289 ਦੇ 16800 ਵਰਗ ਫੁੱਟ ਰਕਬੇ ਵਿਚ ਧਰਮਸ਼ਾਲਾ ਬਣਾਉਣ ਦੀ ਬਜਾਏ ਫਰੰਟ ਅੱਗੇ ਆਉਂਦਾ 9 ਫੁੱਟ ਚੌਡ਼ਾ ਅਤੇ 110 ਫੁੱਟ ਲੰਬਾ 110 ਮੁਰੱਬਾ ਗਜ਼ ਰਕਬੇ ’ਤੇ ਨਾਜਾਇਜ਼ ਕਬਜ਼ਾ ਕਰ ਕੇ ਧਰਮਸ਼ਾਲਾ ਵਿਚ ਸ਼ਾਮਲ ਕਰ ਲਿਆ ਅਤੇ ਹੁਣ ਧਰਮਸ਼ਾਲਾ 16800 ਵਰਗ ਫੁੱਟ ਦੀ ਬਜਾਏ 17800 ਵਰਗ ਫੁੱਟ ’ਤੇ ਬਣੀ ਹੋਈ ਹੈ।
ਧਰਮਸ਼ਾਲਾ ਲਾਵਾਰਿਸ ਹੋਣ ਕਾਰਨ ਟਰੱਸਟੀਆਂ ’ਚੋਂ ਇਕ ਟਰੱਸਟੀ ਰੌਸ਼ਨ ਲਾਲ ਜੱਗਾ ਪੁੱਤਰ ਸਰਦਾਰੀ ਮੱਲ ਪੁੱਤਰ ਮੇਘਾ ਮੱਲ ਵਾਸੀ ਗੋਡੀਆ ਨੇ ਲੀਜ਼ ਡੀਡ ਨੰ. 1511 ਮਿਤੀ 04-07-1997 ਨੂੰ ਧਰਮਸ਼ਾਲਾ ਦਾ 16800 ਵਰਗ ਫੁੱਟ ਦਾ ਰਕਬਾ 99 ਸਾਲ ਲਈ ਜ਼ਿਲਾ ਰੈੱਡ ਕਰਾਸ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਨੂੰ ਲੀਜ਼ ’ਤੇ ਦੇ ਦਿੱਤਾ ਪਰ ਬਡ਼ੇ ਅਫਸੋਸ ਦੀ ਗੱਲ ਹੈ ਕਿ ਰੈੱਡ ਕਰਾਸ ਦੇ ਕਿਸੇ ਵੀ ਅਧਿਕਾਰੀ ਜਾਂ ਨਗਰ ਕੌਂਸਲ ਦੇ ਅਧਿਕਾਰੀ ਨੇ ਧਰਮਸ਼ਾਲਾ ਤੇ ਇਸ ਦੇ ਅੱਗੇ ਸਡ਼ਕ ਦੀ ਜਗ੍ਹਾ ਦੀ ਮਿਣਤੀ ਕਰੀਬ 105 ਸਾਲ ਤੋਂ ਨਹੀਂ ਕੀਤੀ ਅਤੇ ਨਾ ਹੀ ਇਸ ਜਗ੍ਹਾ ਦਾ ਫਰਕ ਕੱਢਿਆ। ਜਮ੍ਹਾਬੰਦੀ ਦੇ ਮੁਤਾਬਕ ਖਸਰਾ ਨੰ. 1289 ਦੀ ਚੌਡ਼ਾਈ 90/110 ਫੁੱਟ ਅਤੇ ਲੰਬਾਈ 174/162 ਫੁੱਟ ਹੈ। ਇਸ ਦਾ ਰਕਬਾ 16800 ਵਰਗ ਫੁੱਟ ਹੈੈ।
ਨੈਸ਼ਨਲ ਅਵੇਅਰਨੈੱਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬਡ਼ਾ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ, ਸਕੱਤਰ ਸੁਦਰਸ਼ਨ ਸਿਡਾਨਾ ਅਤੇ ਖਜ਼ਾਨਚੀ ਸੁਭਾਸ਼ ਚਗਤੀ ਨੇ ਮਾਣਯੋਗ ਰਾਜਪਾਲ ਪੰਜਾਬ ਚੰਡੀਗਡ਼੍ਹ, ਡਿਪਟੀ ਕਮਿਸ਼ਨਰ, ਪ੍ਰਧਾਨ ਰੈੱਡ ਕਰਾਸ ਸੋਸਾਇਟੀ ਅਤੇ ਨਗਰ ਕੌਂਸਲ ਦੇ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ ਉਕਤ ਸਾਰੇ ਮਾਮਲੇ ਦੀ ਉੱਚ ਪੱਧਰੀ ਪਡ਼ਤਾਲ ਕਰਵਾਈ ਜਾਵੇ ਅਤੇ ਜੇਕਰ 9 ਫੁੱਟ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਪਾਇਆ ਜਾਂਦਾ ਹੈ ਤਾਂ ਇਸ ਹਿੱਸੇ ਨੂੰ ਤੁਰੰਤ ਢਾਹ ਕੇ ਸਡ਼ਕ ਵਿਚ ਸ਼ਾਮਲ ਕੀਤਾ ਜਾਵੇ। ਇਸ ਨਾਲ ਜਿੱਥੇ ਸਡ਼ਕ ਦੀ ਚੌਡ਼ਾਈ 38 ਫੁੱਟ ਤੋਂ 47 ਫੁੱਟ ਹੋ ਜਾਵੇਗੀ, ਉੱਥੇ ਹੀ ਪੁਲ ਬਣਨ ਤੋਂ ਬਾਅਦ ਸ਼ਹਿਰ ਨਿਵਾਸੀਅਾਂ ਨੁੰ ਸਹੂਲਤ ਮਿਲੇਗੀ।
ਕੀ ਕਹਿਣਾ ਹੈ ਰੈੱਡ ਕਰਾਸ ਸਕੱਤਰ ਦਾ
ਇਸ ਮਾਮਲੇ ਸਬੰਧੀ ਜਦੋਂ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਪ੍ਰੋ. ਗੋਪਾਲ ਸਿੰਘ ਨੇ ਕਿਹਾ ਕਿ ਠੀਕ ਹੈ ਕਿ ਇਹ ਮੇਘ ਰਾਜ ਭਵਨ ਰੈੱਡ ਕਰਾਸ ਕੋਲ 99 ਸਾਲ ਲਈ ਲੀਜ਼ ’ਤੇ ਹੈ ਪਰ ਪ੍ਰਸ਼ਾਸਨ ਨੇ ਇਸ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਹੋਇਆ ਹੈ ਅਤੇ ਜਦੋਂ ਵੀ ਇੱਥੇ ਆਮ ਲੋਕਾਂ ਦੀ ਸਲਾਹ ਨਾਲ ਇਸ ਇਮਾਰਤ ਨੂੰ ਢਾਹ ਕੇ ਧਰਮਸ਼ਾਲਾ ਜਾਂ ਪਾਰਕ ਦੀ ਨਵੇਂ ਸਿਰਿਓਂ ਉਸਾਰੀ ਕੀਤੀ ਜਾਵੇਗੀ, ਉਸ ਸਮੇਂ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਹੀ ਨਿਰਮਾਣ ਕੀਤਾ ਜਾਵੇਗਾ।
ਸਾਦਿਕ ਦਾ ਖੇਡ ਸਟੇਡੀਅਮ ਬਣਿਆ ਨਸ਼ੇਡ਼ੀਆਂ ਦਾ ਅੱਡਾ
NEXT STORY