ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ) ਜਲੰਧਰ ਮੋਗਾ ਹਾਈਵੇਅ ‘ਤੇ ਸ਼ਾਹਕੋਟ ਤਹਿਸੀਲ ਦਾ ਪਿੰਡ ਬਾਜਵਾ ਕਲਾਂ ਪੰਜਾਬ ਦੇ ਉਹਨਾਂ ਪਿੰਡਾਂ ‘ਚੋਂ ਹੈ ਜੋ ਉਮੀਦ ਦੀ ਨਵੀਂ ਇਬਾਰਤ ਲਿਖ ਰਹੇ ਹਨ।ਆਧੁਨਿਕ ਸਕੂਲ,ਵਰਜਿਸ਼ਖਾਨੇ,ਕਲੱਬ,ਕਬੱਡੀ,ਕਲਾ ਅਤੇ ਹਰ ਉਹ ਸੰਵਾਦ ਇਸ ਪਿੰਡ ਦੀਆਂ ਸੱਥਾਂ ‘ਚੋਂ ਤੁਰਿਆ ਹੈ ਜਿਹਦੀ ਲੋੜ ਇਸ ਦੌਰ ਦੇ ਪੰਜਾਬ ਨੂੰ ਹੈ। ਇੱਥੇ 2018 ਤੋਂ ਮੇਲਿਆਂ ਦੀ ਨਵੀਂ ਨੁਹਾਰ ਘੜੀ ਗਈ ਹੈ।ਸਾਂਝ ਨਾਮ ਦੇ ਇਹਨਾਂ ਮੇਲਿਆਂ ਮਾਰਫਤ ਪਿੰਡ ਆਪਣੀ ਨੁਹਾਰ ਨੂੰ ਬਦਲ ਰਿਹਾ ਹੈ।ਫਰਵਰੀ ਦੀ ਆਉਂਦੀ 10 ਤਾਰੀਖ਼ ਨੂੰ ਐਤਵਾਰ ਦੂਜਾ ਸਾਂਝ ਮੇਲਾ ਲੱਗਣਾ ਹੈ।ਇਹਨੂੰ ਲੈਕੇ ਪਿੰਡ ‘ਚ ਪਿਛਲੇ 45 ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ।ਇਹ ਮੇਲਾ ਕੀ ਹੈ ਇਸ ਲਈ ਸਾਨੂੰ ਪਹਿਲਾਂ ਮੇਲੇ ਦਾ ਮੂਲ ਸਮਝਣ ਦੀ ਲੋੜ ਹੈ।
ਹੋਇਆ ਇੰਝ ਕਿ ਇਸ ਦਹਾਕੇ ‘ਚ ਪੰਜਾਬ,ਜਵਾਨੀ,ਪਰਵਾਸ,ਆਬੋ-ਹਵਾ,ਖੇਤੀਬਾੜੀ ਬਨਾਮ ਨਸ਼ਾ ਅਤੇ ਜ਼ਿੰਮੇਵਾਰੀ ਤੋਂ ਮੁਨਕਰ ਪੀੜ੍ਹੀ ਦੀ ਚਰਚਾ ਹਰ ਪਿੰਡ ਦੀ ਸੱਥ ਦੀ ਮੁੱਢਲੀ ਚਿੰਤਾ ਬਣੀ ਹੈ।ਨਸ਼ੇ ਦੀ ਗ੍ਰਿਫਤ ‘ਚ ਬੈਠੇ ਪੰਜਾਬ ਦੇ ਨੌਜਵਾਨਾਂ ਦੀ ਇਹ ਦਾਸਤਾਨ ਹਰ ਪਿੰਡ ਦੇ ਰੋਜ਼ਨਾਮਚੇ ਦੀ ਪਹਿਲੀ ਖ਼ਬਰ ਹੈ।ਪਰ ਇੱਕ ਪਿੰਡ ‘ਚ ਇਹ ਕਹਾਣੀ ਬਦਲੀ।ਪਿੰਡ ਦਾ ਸ਼ਿੰਦਾ ਮੁੰਬਈ ਤੋਂ ਮੁੜ ਆਇਆ।ਮਾਡਲ ਇੰਦਰ ਬਾਜਵਾ ਨਸ਼ਿਆਂ ਦੀਆਂ ਇਹਨਾਂ ਕਹਾਣੀਆਂ ਤੋਂ ਫਿਕਰ ਕਰਦਾ ਸਭ ਕੁਝ ਛੱਡ ਛਡਾਕੇ ਪਿੰਡ ਪਰਤਿਆ।35 ਸਾਲਾਂ ਇੰਦਰ ਬਾਜਵਾ ਕਹਿੰਦੇ ਹਨ ਕਿ ਪੰਜਾਬ ਦੀ ਖੇਤੀ,ਪਿੰਡਾਂ ਦੀ ਮੁਹੱਬਤ,ਨੌਜਵਾਨਾਂ ‘ਚ ਜ਼ਿੰਮੇਵਾਰੀ ਦਾ ਅਹਿਸਾਸ,ਕਲਾ ਅਤੇ ਸੁਹਿਰਦ ਚੀਜ਼ਾਂ ਪ੍ਰਤੀ ਇਹਨਾਂ ਦੀ ਸਮਝ,ਸਾਰਥਕ ਮਨ ਇਹ ਸਾਰੇ ਨੁਕਤਿਆਂ ਨੂੰ ਲੈਕੇ ਤੁਰਨ ਵਾਲਾ ਕਾਫਲਾ ਬਣਾਉਣਾ ਹੀ ਸਾਂਝ ਮੇਲੇ ਦਾ ਸੁਫ਼ਨਾ ਹੈ।

ਇੰਦਰ ਬਾਜਵਾ ਦੱਸਦੇ ਹਨ ਕਿ ਜਦੋਂ ਮੁੰਬਈ ਬੈਠਿਆਂ ਨਸ਼ੇ ਦੀ ਮਾਰ ਅਤੇ ਪੰਜਾਬ ਦੀਆਂ ਖ਼ਬਰਾਂ ਸੁਣਨੀਆਂ ਤਾਂ ਮਹਿਸੂਸ ਹੁੰਦਾ ਸੀ ਕਿ ਪਿੰਡਾਂ ਨੂੰ ਪਰਤਣਾ ਜ਼ਰੂਰੀ ਹੈ।ਇਹਨਾਂ ਪਿੰਡਾਂ ਅੰਦਰ ਪ੍ਰਤਿਭਾ ਹੈ,ਈਮਾਨਦਾਰੀ ਹੈ ਸਭ ਕੁਝ ਹੈ ਬੱਸ ਅਸੀਂ ਨੌਜਵਾਨਾਂ ਨੂੰ ਫਿਰ ਤੋਂ ਅਗਵਾਈ ਦੇਣੀ ਹੈ।ਇਸ ਗੱਲ ਦੇ ਸਦੰਰਭ ਨੂੰ ਪਿੰਡ ‘ਚ ਵੇਖਿਆ ਜਾ ਸਕਦਾ ਹੈ।ਪਿੰਡ ‘ਚ ਇੰਦਰ ਬਾਜਵਾ ਪਿੰਡ ਵਾਸੀਆਂ ਲਈ ਉਹਨਾਂ ਦਾ ਸ਼ਿੰਦਾ ਹੈ।ਨਿੱਕੇ ਨਿੱਕੇ ਬੱਚੇ ਸਕੂਲੋਂ ਘਰਾਂ ਨੂੰ ਜਾਂਦੇ ਉਹਨਾਂ ਨੂੰ ਭਾ ਜੀ ਸਤਿ ਸ੍ਰੀ ਅਕਾਲ ਕਹਿ ਅਥਾਹ ਪਿਆਰ ਦਾ ਪ੍ਰਗਟਾਵਾ ਕਰਦੇ ਹਨ।ਨੌਜਵਾਨਾਂ ‘ਚ ਕੁਝ ਸਿਰਜਣ ਦਾ ਜਜ਼ਬਾ ਰਹਿੰਦਾ ਹੈ।
ਸਾਂਝ ਮੇਲੇ ‘ਚ ਇਸ ਵਾਰ ਦਾ ਕੇਂਦਰੀ ਵਿਚਾਰ ‘ਉੱਦਮ’ ਹੈ। ਆਪਣੀ ਖ਼ੋਜ,ਯੁੱਥ ਸਰਵਿਸ ਕੱਲਬ ਵੱਲੋਂ ਕਰਵਾਇਆ ਜਾ ਰਿਹਾ ਸਾਂਝ ਮੇਲਾ ਇਕੱਲਾ ਜਸ਼ਨ ਨਹੀਂ ਹੈ।ਇਸ ਲਈ ਨੇੜਲੇ ਪਿੰਡਾਂ ਦਾ ਸਹਿਯੋਗ ਹੈ।ਇਹ ਪਿੰਡ ਦਾ ਪ੍ਰੋਗਰਾਮ ਹੈ ਅਤੇ ਇਸ ਲਈ ਬਕਾਇਦਾ ਪਿੰਡ ਵਾਲੇ ਪੰਜਾਬ ਦੀ ਪ੍ਰਾਹੁਣਾਚਾਰੀ ਨੂੰ ਧਿਆਨ ‘ਚ ਰੱਖਦਿਆਂ ਦੂਰ ਦੁਰਾਡਿਓਂ ਆਉਣ ਵਾਲੇ ਪ੍ਰਾਹੁਣਿਆਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਆਪਣੇ ਘਰਾਂ ‘ਚ ਹੀ ਕਰ ਰਹੇ ਹਨ। ਉੱਦਮ ਵਿਚਾਰ ਦੀ ਤਰਜਮਾਨੀ ਕਰਦੇ ਨਾਟਕ,ਤਕਰੀਰਾਂ,ਭੰਗੜਾ,ਗਿੱਧੇ ਸੰਗ ਇਹ ਖੁੱਲ੍ਹੀ ਸੱਥ ਦਾ ਮੇਲਾ ਹੈ।ਇਹ ਮੇਲਾ ਮੁਕਾਬਲਿਆਂ ਦੇ ਰੂਪ ‘ਚ ਨਹੀਂ ਹੈ।ਇਸ ‘ਚ ਸਭ ਦੀ ਹਿੱਸੇਦਾਰੀ ਹੈ।ਇੰਦਰ ਆਪਣੇ ਤਜ਼ਰਬਿਆਂ ਬਾਰੇ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਸਾਡੇ ਨਜ਼ਰੀਏ ਨੂੰ ਸਮਝਦਿਆਂ ਬਕਾਇਦਾ ਹਿੰਦੂਸਤਾਨ ਟਾਈਮਜ਼,ਸਕੂਪ-ਵਹੂਪ ਤੱਕ ਸਟੋਰੀਜ਼ ਲੱਗੀਆ ਹਨ।ਸਾਂਝ ਸਿਰਫ ਇੱਕ ਦਿਨਾਂ ਮੇਲਾ ਨਹੀਂ ਹੈ।ਇਸ ਬਹਾਨੇ ਸਾਨੂੰ ਕਲਾ ਨੂੰ ਸਮਰਪਿਤ ਬਹੁਤ ਬੱਚੇ ਮਿਲ ਰਹੇ ਹਨ।ਹਰ ਬੱਚੇ ਦੀ ਆਪਣੀ ਪ੍ਰਤਿਭਾ ਹੈ।ਇਸ ਪ੍ਰਤਿਭਾ ਰਾਹੀਂ ਜੇ ਉਹ ਜ਼ਿੰਮੇਵਾਰੀ ਨੂੰ ਸਮਝ ਜਾਣ ਤਾਂ ਪੰਜਾਬ ਬੇਉਮੀਦਾ ਕਿਉਂ ਹੋਵੇ ? ਪੰਜਾਬ ‘ਚ ਨਸ਼ੇ ਕਿਉਂ ਹੋਣ ?
ਬਾਜਵਾ ਕਲਾਂ ਪਿੰਡ ‘ਚ ਬਦਲ ਰਹੇ ਮਾਹੌਲ ਦੀ ਤਸਵੀਰ ਇਹ ਹੈ ਕਿ ਨੌਜਵਾਨਾਂ ਦਾ ਇੱਕਠ ਰਚਨਾਤਮਕ ਕਾਰਜ਼ਸ਼ੀਲਤਾ ‘ਚ ਰਹਿੰਦਾ ਹੈ।ਸਾਂਝ ਮੇਲੇ ਦਾ ਸਾਰਾ ਪ੍ਰਬੰਧ ਇਹ ਨੌਜਵਾਨ ਆਪ ਕਰ ਰਹੇ ਹਨ।ਸਵੇਰੇ ਉੱਠਕੇ ਸੜਕਾਂ ਨੂੰ ਦੌੜਦੇ,ਕਸਰਤਾਂ ਕਰਦੇ ਇਹ ਆਫ਼ਤਾਬੀ ਚਿਹਰੇ ਪਿੰਡ ਦੀ ਕਬੱਡੀ ਟੀਮ ਨੂੰ ਅਗਵਾਈ ਦੇ ਰਹੇ ਹਨ।ਇੰਦਰ ਬਾਜਵਾ ਕਹਿੰਦੇ ਹਨ ਕਿ ਮੈਨੂੰ ਯਕੀਨ ਹੈ ਕਿ ਸਾਡੇ ਪਿੰਡ ਤੋਂ ਹਜ਼ਾਰਾਂ ਹੁਨਰਾਂ ਦੇ ਬੂਟੇ ਇੱਕ ਦਿਨ ਪੁਰੇ ਜੋਬਨ ਰੁੱਤੇ ਤਿਆਰ ਹੋਣਗੇ।
ਸਾਂਝ ਮੇਲੇ ‘ਚ ਇਸ ਵਾਰ ਰੱਬੀ ਸ਼ੇਰਗਿੱਲ ਵੀ ਸ਼ਿਰਕਤ ਕਰ ਰਹੇ ਹਨ।ਰੱਬੀ ਕਹਿੰਦੇ ਹਨ ਕਿ ਹੁਣ ਵੇਲਾ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਆਪਣਾ ਸੱਚ ਬੋਲਣਾ ਚਾਹੀਦਾ ਹੈ।ਇਹ ਸਮਾਂ ਉਰਲੀਆਂ-ਪਰਲੀਆਂ ਮਾਰਨ ਦਾ ਨਹੀਂ।ਸਾਂਝ ਮੇਲਾ ਇੱਕ ਬਾਰੀ ਖੁੱਲ੍ਹੀ ਹੈ ਅਤੇ ਇਸ ਬਾਰੀ ਤੋਂ ਅਸੀਂ ਨਵੀਂ ਉਮੀਦ ਨੂੰ ਵੇਖਣਾ ਹੈ।ਬਾਜਵਾ ਕਲਾਂ ਦੇ ਸਾਂਝ ਮੇਲੇ ‘ਚ ਜੇ ਮੈਂ ਆ ਰਿਹਾ ਹਾਂ ਤਾਂ ਇਹ ਆਂਦਰਾਂ ਦੀ ਖਿੱਚ ਹੈ।ਇਹਨਾਂ ਪਾਣੀਆਂ,ਕਹਾਣੀਆਂ ਤੇ ਨਿਸ਼ਾਨੀਆਂ ਵਿੱਚ ਖੁਦ ਦੀਆਂ ਜਵਾਨੀਆਂ ਵੱਡੇ ਸਵਾਲਾਂ ਸਾਹਮਣੇ ਖੜ੍ਹੀਆਂ ਹਨ।ਸਾਡੀਆਂ ਮਾਵਾਂ ਹੱਥ ਅਖੀਰ ਆਖਰੀ ਬਿਆਨ ਆਪਣੇ ਮੋਏ ਪੁੱਤਾਂ ਦੀ ਫੋਟੋਆਂ ਹੀ ਹਨ ਜਿਹੜੇ ਜਾਂ ਤਾਂ ਕਰਜ਼ੇ ਦੀ ਮਾਰ ਹੇਠ ਮਰ ਮੁੱਕ ਗਏ ਜਾਂ ਏਜੰਟਾ ਧੱਕੇ ਚੜ੍ਹਕੇ ਬਾਹਰ ਜਾਂਦੇ ਅੱਧਵਾਟੇ ਰਾਹਵਾਂ ‘ਚ ਗਵਾਚ ਗਏ।ਸੋ ਨਵੀਂ ਨਸਲ ਦਾ ਹੰਭਲਾ ਨਵੀਂ ਨਸਲ ਵਿੱਚੋਂ ਹੀ ਹੈ।
'ਆਪ' ਨਾਲ ਗਠਜੋੜ ਲਈ ਬਸਪਾ ਦੀ ਵੱਡੀ ਸ਼ਰਤ (ਵੀਡੀਓ)
NEXT STORY