ਖਮਾਣੋਂ(ਜਟਾਣਾ)– ਲਧਿਆਣਾ-ਚੰਡੀਗੜ੍ਹ ਰੋਡ 'ਤੇ ਜਟਾਣਾ ਨੀਵਾਂ ਦੇ ਬੱਸ ਅੱਡੇ ਨੇੜੇ ਡੇਰਾ ਬਾਬਾ ਮਸਤ ਰਾਮ ਵਿਖੇ ਜਿਥੇ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ 'ਤੇ ਸ਼ਰਾਬ ਦਾ ਚੜ੍ਹਾਵਾ ਚੜ੍ਹਾਉਂਦੇ ਹਨ, ਉਥੋਂ ਪ੍ਰਸ਼ਾਦ ਵਜੋਂ ਮਿਲੀ ਇਹ ਸ਼ਰਾਬ ਪੀ ਕੇ ਲੁਧਿਆਣਾ-ਚੰਡੀਗੜ੍ਹ ਰੋਡ ਦੇ ਕੰਢੇ 'ਤੇ ਕੁਝ ਲੋਕ ਲੇਟੇ ਰਹਿੰਦੇ ਹਨ। ਇਸੇ ਕਾਰਨ ਅੱਜ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 3 ਗੰਭੀਰ ਰੂਪ 'ਚ ਫੱਟੜ ਹੋ ਗਏ।
ਅੱਜ ਬਾਅਦ ਦੁਪਹਿਰ ਸ਼ਰਧਾਲੂਆਂ ਵਲੋਂ ਪ੍ਰਸ਼ਾਦ ਦੇ ਰੂਪ 'ਚ ਚੜ੍ਹਾਈ ਸ਼ਰਾਬ ਪੀ ਕੇ ਉਕਤ ਵਿਅਕਤੀ ਮੁੱਖ ਮਾਰਗ 'ਤੇ ਬੇਸ਼ੁੱਧ ਹਾਲਤ 'ਚ ਆ ਕੇ ਬੈਠ ਗਏ ਤੇ ਲਧਿਆਣਾ ਵਲੋਂ ਆ ਰਹੀ ਇਕ ਇਨੋਵਾ ਕਾਰ ਬੇਕਾਬੂ ਹੋ ਕੇ ਉਨ੍ਹਾਂ ਦੇ ਉਪਰ ਆ ਚੜ੍ਹੀ, ਜਿਸ ਨਾਲ ਸਵਰਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜਟਾਣਾ ਨੀਵਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ ਜਗਜੀਤ ਸਿੰਘ ਵਾਸੀ ਜਟਾਣਾ ਨੀਵਾਂ, ਨਛੱਤਰ ਸਿੰਘ ਵਾਸੀ ਫਰੋਰ, ਦਿਲਬਾਗ ਸਿੰਘ ਵਾਸੀ ਜਟਾਣਾ ਉੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਖਮਾਣੋਂ 'ਚ ਲਿਆਂਦਾ ਗਿਆ ਤੇ ਗੰਭੀਰ ਰੂਪ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ, ਜਿਥੇ ਡਾ. ਨਰੇਸ਼ ਚੌਹਾਨ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਕਥਿਤ ਰੂਪ 'ਚ ਸ਼ਰਾਬ ਪੀਤੀ ਹੋਈ ਸੀ।
ਇਥੇ ਇਹ ਵੀ ਵਰਣਨਯੋਗ ਹੈ ਕਿ ਹਰ ਐਤਵਾਰ ਨੂੰ ਦੂਰੋਂ-ਦੂਰੋਂ ਆ ਕੇ ਲੋਕ ਸ਼ਰਾਬ ਦੀਆਂ ਪੇਟੀਆਂ ਦਾ ਡੇਰੇ ਵੱਲ ਮੂੰਹ ਕਰਕੇ ਭੋਗ ਲਵਾ ਕੇ ਸ਼ਰਾਬ ਨੂੰ ਪ੍ਰਸ਼ਾਦ ਵਜੋਂ ਲੋਕਾਂ 'ਚ ਵੰਡ ਦਿੰਦੇ ਹਨ। ਇਸੇ ਕਰਕੇ ਸ਼ਰਾਬ ਮਿਲਣ ਦੀ ਆਸ ਲੈ ਕੇ ਇਲਾਕੇ ਦੇ ਦਰਜਨਾਂ ਹੀ ਵਿਅਕਤੀ ਲੁਧਿਆਣਾ-ਚੰਡੀਗੜ੍ਹ ਰੋਡ ਦੇ ਕੰਢੇ 'ਤੇ ਬੈਠੇ ਸ਼ਰਾਬ ਦੀ ਉਡੀਕ ਕਰਦੇ ਰਹਿੰਦੇ ਹਨ ਤੇ ਬਾਹਰੋਂ ਆਈ ਸੰਗਤ ਇਨ੍ਹਾਂ ਲੋਕਾਂ ਨੂੰ ਸ਼ਰੇਆਮ ਸ਼ਰਾਬ ਵਰਤਾਉਂਦੀ ਹੈ ਤੇ ਸਬੰਧਿਤ ਪੁਲਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹਿੰਦੀ ਹੈ।
ਰੋਜ਼ਾਨਾ ਚੜ੍ਹਦੀ ਸ਼ਰਾਬ ਬਾਰੇ ਕੀ ਕਹਿੰਦੇ ਹਨ ਉਪ ਪੁਲਸ ਕਪਤਾਨ ਖਮਾਣੋਂ : ਇਸ ਸਬੰਧੀ ਡੀ. ਐੱਸ. ਪੀ. ਖਮਾਣੋਂ ਗੁਰਮੀਤ ਸਿੰਘ ਤੇਜਾ ਦਾ ਕਹਿਣਾ ਕਿ ਨਸ਼ਾ ਭਾਵੇਂ ਕਿਸੇ ਵੀ ਕਿਸਮ ਦਾ ਹੈ, ਇਸ ਖਿਲਾਫ ਪੂਰੀ ਸਖਤੀ ਕੀਤੀ ਜਾਵੇਗੀ ਤੇ ਪਰਚੇ ਦਰਜੇ ਕਰਕੇ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਕੀ ਕਹਿਣਾ ਹੈ ਡੇਰੇ ਦੇ ਪ੍ਰਬੰਧਕ ਦਾ : ਜਦੋਂ ਸਰਕਾਰ ਵਲੋਂ ਨਸ਼ੇ ਰੋਕਣ ਦੀ ਸਖਤੀ ਦੇ ਬਾਵਜੂਦ ਚੜ੍ਹਾਈ ਜਾਂਦੀ ਸ਼ਰਾਬ ਬਾਰੇ ਡੇਰੇ ਦੇ ਪ੍ਰਬੰਧਕ ਰਜਿੰਦਰ ਸਿੰਘ ਕਾਲਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਤਾਂ ਐਵੇਂ ਹੀ ਬੈਠੇ ਸਨ, ਉਨ੍ਹਾਂ ਨੇ ਸ਼ਰਾਬ ਨਹੀਂ ਸੀ ਪੀਤੀ। ਜਦੋਂ ਉਸਦਾ ਧਿਆਨ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਵੱਲ ਲਿਜਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਉਕਤ ਵਿਅਕਤੀ ਠੇਕੇ ਤੋਂ ਸ਼ਰਾਬ ਪੀ ਕੇ ਆਏ ਹੋਣ।
ਲੜਕੀ ਦੀਆਂ ਧੋਖੇ ਨਾਲ ਖਿੱਚੀਆਂ ਤਸਵੀਰਾਂ, ਹੱਦ ਤਾਂ ਉਦੋਂ ਹੋਈ ਜਦੋਂ ਮਾਂ ਨੇ ਵੀ ਨਾ ਛੱਡੀ ਕੋਈ ਕਸਰ
NEXT STORY