ਫ਼ਰੀਦਕੋਟ (ਹਾਲੀ) - ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਸਰਵੇਲੈਂਸ ਰੱਖੀ ਜਾ ਰਹੀ ਹੈ। ਇਸ ਮੰਤਵ ਲਈ ਵੱਖ-ਵੱਖ ਟੀਮਾਂ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ ਘਰ-ਘਰ ਜਾ ਕੇ ਲਾਰਵੇ ਦੀ ਭਾਲ, ਸਪਰੇਅ ਕੀਤੀ ਜਾ ਰਹੀ ਹੈ ਅਤੇ ਸਿਹਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਵੱਲੋਂ ਫਰੀਦਕੋਟ ਦੇ ਬਾਜ਼ੀਗਰ ਬਸਤੀ ਖੇਤਰ ਵਿਖੇ ਕੀਤੀ ਜਾ ਰਹੀ ਵਿਭਾਗੀ ਗਤੀਵਿਧੀ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਟੀਕਾਕਰਨ ਅਫਸਰ ਡਾ. ਸੰਜੀਵ ਸੇਠੀ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਵੀ. ਪੀ. ਸਿੰਘ ਮੌਜੂਦ ਸਨ।
ਨਿਰੀਖਣ ਕਾਰਵਾਈ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਜਿੰਦਰ ਨੇ ਦੱਸਿਆ ਕਿ ਸਮੁੱਚੇ ਬਾਜ਼ੀਗਰ ਬਸਤੀ ਖੇਤਰ ਵਿਚ 4 ਟੀਮਾਂ ਵੱਲੋਂ ਸਰਵੇਲੈਂਸ ਕੀਤੀ ਜਾ ਰਹੀ ਹੈ। ਟੀਮਾਂ ਵੱਲੋਂ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੀ ਵੱਖ-ਵੱਖ ਘਰਾਂ 'ਚ ਫਰਿੱਜਾਂ ਦੀਆਂ ਟਰੇਆਂ ਅਤੇ ਸਟੋਰ ਕੀਤੇ ਪਾਣੀ ਦੇ ਬਰਤਨਾਂ ਵਿਚੋਂ ਲਾਰਵਾ ਭਾਲ ਕੀਤਾ ਗਿਆ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਤੇ ਇਥੇ ਲਾਗਲੇ ਘਰਾਂ ਵਿਚ ਸਪਰੇਅ ਵੀ ਕਰਵਾਈ ਗਈ। ਸਿਵਲ ਸਰਜਨ ਵੱਲੋਂ ਕੰਮ ਕਰ ਰਹੀਆਂ ਟੀਮਾਂ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟ ਕੀਤੀ ਗਈ। ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਸ-ਪਾਸ ਕਿਸੇ ਵੀ ਰੂਪ ਵਿਚ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ। ਫਰਿੱਜਾਂ ਦੀਆਂ ਟਰੇਆਂ, ਕੂਲਰਾਂ ਤੇ ਪਾਣੀ ਸਟੋਰ ਕਰਨ ਵਾਲੇ ਬਰਤਨਾਂ ਨੂੰ ਨਿਯਮਿਤ ਤੌਰ 'ਤੇ ਸੁਕਾਇਆ ਜਾਵੇ। ਇਸ ਮੁਹਿੰਮ ਵਿਚ ਸਹਾਇਕ ਯੂਨਿਟ ਅਫਸਰ ਜਗਰੂਪ ਸਿੰਘ ਕਟਾਰੀਆ, ਦੇਸ ਰਾਜ ਤੇ ਸਮੂਹ ਸਿਹਤ ਵਰਕਰਾਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ।
ਹਿੰਦੀ ਭਾਸ਼ਾ ਨੂੰ ਸਾਈਨ ਬੋਰਡਾਂ ਤੋਂ ਹਟਾਉਣ ਦੇ ਮਾਮਲੇ ਦਾ ਭਾਜਪਾ ਨੇ ਲਿਆ ਸਖਤ ਨੋਟਿਸ
NEXT STORY