ਜਲੰਧਰ(ਜ.ਬ.)- ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਵਾਅਦੇ ’ਤੇ ਅਮਲ ਤਾਂ ਕੀ ਕਰਨਾ ਸੀ ਸਗੋਂ ਕਿਸਾਨਾਂ ਦੀ ਪਹਿਲਾਂ ਵਾਲੀ ਆਮਦਨੀ ਵੀ ਖੋਹ ਲਈ ਅਤੇ ਇਹ ਆਮਦਨੀ ਕਿਸਾਨਾਂ ’ਤੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਥੋਪਕੇ ਖੋਹੀ ਹੈ। ਇਹ ਵਿਚਾਰ ਕਿਸਾਨ ਆਗੂ ਹਰਿੰਦਰ ਸਿੰਘ ਢੀਂਡਸਾ ਨੇ ਕਿਸਾਨ ਸੰਸਦ ਨੂੰ ਐੱਮ. ਪੀ. ਵਜੋਂ ਸੰਬੋਧਨ ਕਰਦਿਆਂ ਪ੍ਰਗਟਾਏ।
ਇਹ ਵੀ ਪੜ੍ਹੋ- ਹੁਣ ਇੰਡਸਟਰੀ ਡਿਪਾਰਟਮੈਂਟ ’ਚ ਕਰੋੜਾਂ ਦੇ ਘਪਲੇ ਨੇ ਕਾਂਗਰਸ ਸਰਕਾਰ ਦੀ ਖੋਲ੍ਹੀ ਪੋਲ : ਕਾਲੀਆ
ਹਰਿੰਦਰ ਢੀਂਡਸਾ ਨੇ ਕਿਹਾ ਕਿ ਸੰਯੁਕਤ ਮੋਰਚੇ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਮੋਰਚੇ ਨੇ ਪਾਰਲੀਮੈਂਟ ਦੇ ਸਮਾਨ ਆਪਣੀ ਸੰਸਦ ਚਲਾ ਕੇ ਸਮੁੱਚੀ ਦੁਨੀਆ ਨੂੰ ਦੱਸ ਦਿੱਤਾ ਕਿ ਕਿਸਾਨਾਂ ’ਤੇ ਕੋਈ ਕਾਲਾ ਕਾਨੂੰਨ ਥੋਪਿਆ ਨਹੀਂ ਜਾ ਸਕਦਾ ਤੇ ਉਹ ਹਰ ਤਰ੍ਹਾਂ ਦੀ ਲੜਾਈ ਲੜ ਸਕਦੇ ਹਨ। ਕਿਸਾਨ ਸੰਸਦ ’ਚ ਉਸੇ ਹੀ ਤਰ੍ਹਾਂ ਬਿੱਲ ਪੇਸ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਪਾਰਲੀਮੈਂਟ ’ਚ ਬਿੱਲ ਪੇਸ਼ ਹੁੰਦਾ ਹੈ ਤੇ ਉਸੇ ਤਰ੍ਹਾਂ ਹੀ ਇਨ੍ਹਾਂ ਬਿੱਲਾਂ ’ਤੇ ਬਹਿਸ ਹੁੰਦੀ ਹੈ, ਜੋ ਬਹੁਤ ਹੀ ਰੌਚਕ ਬਣ ਜਾਂਦੀ ਹੈ। ਜ਼ਰੂਰੀ ਵਸਤਾਂ, ਸੋਧ ਬਿੱਲ ’ਤੇ ਹੋਈ ਬਹਿਸ ’ਚ ਕਿਸਾਨਾਂ ਨੇ ਪੂਰੀ ਸੰਜੀਦਗੀ ਨਾਲ ਹਿੱਸਾ ਲਿਆ ਤੇ ਤਰਕਾਂ ਦੇ ਆਧਾਰ ’ਤੇ ਕਿਸਾਨ ਸੰਸਦ ’ਚ ਇਹ ਕਾਨੂੰਨ ਰੱਦ ਕੀਤਾ ਗਿਆ।
ਇਹ ਵੀ ਪੜ੍ਹੋ- ਨਾਬਾਲਿਗ ਪੋਤਰੇ ਨਾਲ ਦਾਦੇ ਨੇ ਕੀਤੀ ਬਦਫੈਲੀ: ਗ੍ਰਿਫਤਾਰ
ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ 8 ਮਹੀਨਿਆਂ ਤੋਂ ਧਰਨਾ ਲਾ ਕੇ ਬੈਠੇ ਕਿਸਾਨਾਂ ’ਚ ਅੱਜ ਵੀ ਓਨਾ ਹੀ ਉਤਸ਼ਾਹ ਹੈ ਜਿੰਨਾ ਕਿ ਇਸ ਮੋਰਚੇ ਨੂੰ ਸ਼ੁਰੂ ਕਰਨ ’ਚ ਸੀ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਲੀਡਰ ਨਹੀਂ ਬਣਨਗੇ ਸਗੋਂ ਕਿਸਾਨ ਹੀ ਰਹਿਣਗੇ ਕਿਉਂਕਿ ਉਨ੍ਹਾਂ ਨੇ ਤਾਂ ਆਪਣੇ ਖੇਤਾਂ ’ਚ ਕੰਮ ਕਰਨਾ ਹੈ ਪਰ ਉਹ ਮੋਦੀ ਸਰਕਾਰ ਦੇ ਸਤਾਏ ਹੋਏ ਹੀ ਇੱਥੇ ਆਏ ਹਨ। ਕੇਂਦਰ ਦੀ ਗੂੰਗੀ-ਬੋਲੀ ਸਰਕਾਰ ਦੇ ਕੰਨਾਂ ’ਤੇ ਅਜੇ ਤੱਕ ਜੂੰ ਨਹੀਂ ਸਰਕੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਮੋਦੀ ਸਰਕਾਰ ਅਗੇ ਕਦੇ ਨਹੀਂ ਝੁਕਣਗੇ। ਕਿਸਾਨ ਦਿੱਲੀ ਮੋਰਚਾ ਫਤਿਹ ਕਰ ਕੇ ਹੀ ਘਰਾਂ ਨੂੰ ਵਾਪਸ ਪਰਤਨਗੇ, ਭਾਵੇਂ ਇਹ ਜਿੰਨਾ ਵੀ ਮਰਜ਼ੀ ਲੰਬਾ ਚੱਲੇ। ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਲੜਾਈ ਲੜ ਰਹੀਆਂ ਹਨ। ਇਸ ਮੌਕੇ ਢੀਂਡਸਾ ਨਾਲ ਦਿੱਲੀ ਕਿਸਾਨ ਸੰਸਦ ’ਚ ਸ਼ਾਮਲ ਹੋਏ ਕਿਸਾਨ ਆਗੂਆਂ ’ਚ ਮਲਕੀਅਤ ਸਿੰਘ ਦੌਲਤਪੁਰ, ਮੁਕੇਸ਼ ਕੁਮਾਰ, ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ ਮੱਟੂ, ਕੁਲਵੰਤ ਸਿੰਘ ਸੱਤੋਵਾਲੀ ਅਤੇ ਰਣਜੀਤ ਸਿੰਘ ਭੁੱਲਰ ਆਦਿ ਸ਼ਾਮਲ ਸਨ।
ਭਾਰਤੀ ਪੈਰਾਓਲੰਪਿਕ ਕਮੇਟੀ ਨੇ ਟੋਕੀਓ ਓਲੰਪਿਕ ਦੇ ਜੇਤੂਆਂ ਲਈ ਇਨਾਮਾਂ ਦੇ ਐਲਾਨ ਦੀ ਕੀਤੀ ਮੰਗ
NEXT STORY