ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਇੰਟਰਨੈਸ਼ਨਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਪੰਜਾਬ ਦੇ ਕਈ ਸਟੇਸ਼ਨਾਂ ਦੇ ਨਾਲ-ਨਾਲ ਬਰਨਾਲਾ ਰੇਲਵੇ ਸਟੇਸ਼ਨ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਦੇ ਬਾਵਜੂਦ ਰੇਲਵੇ ਸਟੇਸ਼ਨ ਦੀ ਸੁਰੱਖਿਆ ਰੱਬ ਭਰੋਸੇ ਹੀ ਸੀ ਜਦੋਂਕਿ ਹਜ਼ਾਰਾਂ ਲੋਕ ਰੋਜ਼ਾਨਾ ਰੇਲਵੇ ਸਟੇਸ਼ਨ 'ਤੇ ਆਉਂਦੇ ਹਨ। 'ਜਗ ਬਾਣੀ' ਦੀ ਟੀਮ ਨੇ 410 ਮੀਟਰ ਲੰਬੇ ਇਸ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਇਥੇ ਸਿਰਫ ਇਕ ਕਰਮਚਾਰੀ ਤਾਇਨਾਤ ਸੀ, ਜਿਸ ਦੇ ਹੱਥ 'ਚ ਡੰਡਾ ਸੀ। ਜਦੋਂਕਿ ਰੇਲਵੇ ਸਟੇਸ਼ਨ 'ਤੇ ਕਈ ਸਵਾਰੀਆਂ ਗੱਡੀ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਕਿਸੇ ਵੀ ਕਰਮਚਾਰੀ ਵਲੋਂ ਨਹੀਂ ਲਈ ਜਾ ਰਹੀ ਸੀ। ਰੇਲਵੇ ਸਟੇਸ਼ਨ 'ਤੇ ਆਉਣ-ਜਾਣ ਵਾਲੇ ਵਿਅਕਤੀ ਬਿਨਾਂ ਚੈਕਿੰਗ ਤੋਂ ਆ ਜਾ ਰਹੇ ਸਨ। ਰੋਜ਼ਾਨਾ ਰੇਲਵੇ ਸਟੇਸ਼ਨ ਤੋਂ 20 ਗੱਡੀਆਂ ਦੀ ਆਵਾਜਾਈ ਹੁੰਦੀ ਹੈ। ਇਸ ਤੋਂ ਇਲਾਵਾ ਹਫ਼ਤੇ 'ਚ ਚਾਰ ਗੱਡੀਆਂ ਦੀ ਹੋਰ ਆਵਾਜਾਈ ਹੁੰਦੀ ਹੈ। ਕੁੱਲ ਦੋ ਦਰਜਨ ਸਵਾਰੀ ਗੱਡੀਆਂ ਰੇਲਵੇ ਸਟੇਸ਼ਨ ਤੋਂ ਲੰਘਦੀਆਂ ਹਨ ਅਤੇ 5000 ਤੋਂ ਵਧ ਯਾਤਰੀ ਰੇਲਵੇ ਸਟੇਸ਼ਨ ਬਰਨਾਲਾ ਤੋਂ ਸਫ਼ਰ ਕਰਦੇ ਹਨ। ਇਸ ਰੇਲਵੇ ਸਟੇਸ਼ਨ ਦੀ ਤਲਾਸ਼ੀ ਸਿਰਫ ਫੋਟੋ ਖਿਚਵਾਉਣ ਲਈ ਕੀਤੀ ਜਾਂਦੀ ਹੈ।
ਮੇਨ ਗੇਟ 'ਤੇ ਨਾ ਤਲਾਸ਼ੀ ਨਾ ਮੈਟਲ ਡਿਟੈਕਟਰ
ਰੇਲਵੇ ਸਟੇਸ਼ਨ ਦੇ ਮੁੱਖ ਗੇਟ 'ਤੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਲਈ ਕੋਈ ਵੀ ਪੁਲਸ ਕਰਮਚਾਰੀ ਤਾਇਨਾਤ ਨਹੀਂ ਸੀ। ਲੋਕ ਬਿਨਾਂ ਰੋਕ-ਟੋਕ ਤੋਂ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਜਾ ਰਹੇ ਸਨ। ਅੱਤਵਾਦੀਆਂ ਵਲੋਂ ਦਿੱਤੀ ਧਮਕੀ ਦੇ ਬਾਵਜੂਦ ਮੁੱਖ ਗੇਟ 'ਤੇ ਪ੍ਰਸ਼ਾਸਨ ਅਤੇ ਰੇਲਵੇ ਪੁਲਸ ਵਲੋਂ ਮੈਟਲ ਡਿਟੈਕਟਰ ਨਹੀਂ ਲਾਇਆ ਗਿਆ। ਇਸ ਕਾਰਨ ਕੋਈ ਵੀ ਸ਼ੱਕੀ ਵਿਅਕਤੀ ਬੜੀ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਨਾ ਹੀ ਰੇਲਵੇ ਸਟੇਸ਼ਨ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ ਕਿ ਤੀਜੀ ਅੱਖ ਰਾਹੀਂ ਹੀ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖੀ ਜਾ ਸਕੇ। ਰੇਲਵੇ ਪੁਲਸ ਅਤੇ ਪ੍ਰਸ਼ਾਸਨ ਦੀ ਇਹ ਅਣਗਹਿਲੀ ਕਈ ਸਵਾਲਾਂ ਨੂੰ ਜਨਮ ਦੇ ਰਹੀ ਹੈ।
ਰੇਲਵੇ ਟਰੈਕ 'ਤੇ ਚੱਲ ਰਹੇ ਸਨ ਆਮ ਲੋਕ
ਰੇਲਵੇ ਸਟੇਸ਼ਨ ਮਾਸਟਰ ਦੇ ਦਫਤਰ ਦੇ ਸਾਹਮਣੇ ਕਈ ਲੋਕ ਬਿਨਾਂ ਰੋਕ-ਟੋਕ ਰੇਲਵੇ ਟਰੈਕ 'ਤੇ ਚੱਲ ਰਹੇ ਸਨ। ਕਈ ਵਿਅਕਤੀ ਤਾਂ ਰੇਲਵੇ ਸਟੇਸ਼ਨ 'ਤੇ ਮਾਲ ਗੱਡੀ ਦੇ ਡੱਬਿਆਂ ਵਿਚਕਾਰ ਦੀ ਲੰਘ ਰਹੇ ਸਨ। ਅੱਤਵਾਦੀਆਂ ਵਲੋਂ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਇਸ ਭੀੜ 'ਚ ਕੋਈ ਸ਼ਰਾਰਤੀ ਅਨਸਰ ਰੇਲਵੇ ਟਰੈਕ 'ਤੇ ਕੋਈ ਵਿਸਫੋਟਕ ਪਦਾਰਥ ਰੱਖ ਕੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਜਦੋਂ ਆਮ ਲੋਕ ਮੁੱਖ ਰੇਲਵੇ ਸਟੇਸ਼ਨ ਕੋਲ ਬਿਨਾਂ ਰੋਕ-ਟੋਕ ਰੇਲਵੇ ਟਰੈਕ 'ਤੇ ਚੱਲ ਰਹੇ ਹਨ ਤਾਂ ਰੇਲਵੇ ਸਟੇਸ਼ਨ ਤੋਂ ਦੂਰ ਤਾਂ ਕੋਈ ਵੀ ਸ਼ਰਾਰਤੀ ਅਨਸਰ ਰੇਲਵੇ ਟਰੈਕ 'ਤੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਹੈ।
ਆਰ ਪੀ. ਐੱਫ. ਪੁਲਸ ਚੌਕੀ ਦੇ ਇੰਚਾਰਜ ਸਤਵੀਰ ਸਿੰਘ ਨੇ ਕਿਹਾ ਕਿ ਸਾਡੇ ਕੋਲ 56 ਕਿਲੋਮੀਟਰ ਏਰੀਏ ਦੀ ਚੈਕਿੰਗ ਕਰਨ ਦੀ ਡਿਊਟੀ ਹੈ। ਜਦੋਂਕਿ ਸਾਡੇ ਕੋਲ ਸਿਰਫ਼ 6 ਕਰਮਚਾਰੀ ਹਨ। ਇਕ ਕਰਮਚਾਰੀ ਦੀ ਡਿਊਟੀ ਇਲੈਕਸ਼ਨ 'ਤੇ ਲੱਗੀ ਹੋਈ ਹੈ। ਇਕ ਮਹਿਲਾ ਕਾਂਸਟੇਬਲ ਬਠਿੰਡਾ ਵਿਖੇ ਹੈ। ਬਾਕੀ ਮੇਰੇ ਸਮੇਤ 4 ਕਰਮਚਾਰੀ ਹੀ ਬਚਦੇ ਹਨ। ਇਨ੍ਹਾਂ ਚਾਰ ਕਰਮਚਾਰੀਆਂ ਨੇ ਆਰ.ਪੀ.ਐੱਫ. ਦਾ ਦਫਤਰ ਵੀ ਦੇਖਣਾ ਹੈ, 56 ਕਿਲੋਮੀਟਰ ਏਰੀਏ ਦੀ ਰਾਖੀ ਕਰਨੀ ਹੈ, ਬਾਹਰਲੇ ਕੰਮ ਵੀ ਕਰਨੇ ਹਨ। ਚਾਰ ਕਰਮਚਾਰੀਆਂ ਨਾਲ ਇਹ ਸਾਰਾ ਕੁਝ ਸੰਭਵ ਨਹੀਂ।ਇਸੇ ਤਰ੍ਹਾਂ ਨਾਲ ਹੀ ਜੀ.ਆਰ.ਪੀ. ਰੇਲਵੇ ਸਟੇਸ਼ਨ ਦੇ ਇੰਚਾਰਜ ਨੇ ਕਿਹਾ ਕਿ ਸਾਡੇ ਕੋਲ ਨਫਰੀ ਦੀ ਭਾਰੀ ਘਾਟ ਹੈ।
ਪੰਜਾਬ 'ਚ ਭਾਰੀ ਮੀਂਹ ਤੇ ਗੜੇਮਾਰੀ ਨਾਲ ਕਣਕ ਦੀ ਫਸਲ ਤਬਾਹ
NEXT STORY