ਚੰਡੀਗੜ੍ਹ (ਵਿਜੇ)-ਇੰਟਰਨੈਸ਼ਨਲ ਯੋਗ ਦਿਵਸ ਲਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਸ ਸਾਲ ਪਲਾਜ਼ਾ 'ਚ ਇਵੈਂਟ ਕਰਵਾਇਆ ਜਾਏਗਾ। ਇਸ ਦੌਰਾਨ ਕੋਈ ਗੜਬੜੀ ਨਾ ਹੋਵੇ, ਇਸ ਲਈ ਪ੍ਰਸ਼ਾਸਨ ਵਲੋਂ ਐਤਵਾਰ ਸਵੇਰੇ ਰਿਹਰਸਲ ਕਰਵਾਈ ਗਈ ਪਰ ਇਸ 'ਚ ਕਈ ਖਾਮੀਆਂ ਸਾਹਮਣੇ ਆਈਆਂ। ਸਵੇਰੇ ਯੋਗ ਪ੍ਰੋਟੋਕਾਲ ਦੌਰਾਨ ਕੁਝ ਯੋਗ ਆਸਨਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਅਸਲ 'ਚ ਕੁਝ ਲੋਕ ਅਜਿਹੇ ਵੀ ਸਨ, ਜਿਨਾਂ ਨੂੰ ਯੋਗ ਆਸਨ ਚੰਗੀ ਤਰ੍ਹਾਂ ਕਰਨੇ ਨਹੀਂ ਆਏ ਤੇ ਮੌਕੇ 'ਤੇ ਕਿਸੇ ਦੇ ਸਰੀਰ ਦੀ ਨਸ ਖਿੱਚਣ ਤੇ ਕਿਸੇ ਦੇ ਦਰਦ ਹੋਣ ਦੀ ਸ਼ਿਕਾਇਤ ਆਉਣੀ ਸ਼ੁਰੂ ਹੋ ਗਈ। ਅਸਲ 'ਚ ਪ੍ਰੋਟੋਕਾਲ ਦੌਰਾਨ ਸੇਤੁਬੰਧ ਆਸਨ ਕਰਨ ਲਈ ਕਿਹਾ ਗਿਆ।
ਇਸ 'ਚ ਲੋਕਾਂ ਨੇ ਆਪਣੇ ਪੈਰ ਫੜ ਕੇ ਪੂਰੀ ਪਿੱਠ ਝੁਕਾਉਣੀ ਸੀ ਪਰ ਇਸ ਆਸਨ ਦੌਰਾਨ ਲਗਭਗ 12 ਲੋਕਾਂ ਦੀਆਂ ਨਸਾਂ ਖਿੱਚੀਆਂ ਗਈਆਂ। ਮੌਕੇ 'ਤੇ ਪ੍ਰਸ਼ਾਸਨ ਵਲੋਂ ਕੋਈ ਮੈਡੀਕਲ ਸਹੂਲਤ ਨਹੀਂ ਦਿੱਤੀ ਗਈ। ਯੋਗ ਸੰਸਥਾਵਾਂ ਵਲੋਂ ਆਏ ਨੁਮਾਇੰਦਿਆਂ ਨੇ ਤੁਰੰਤ ਉਨ੍ਹਾਂ ਨੂੰ ਸ਼ਵਾਸ਼ਨ 'ਚ ਲੇਟਣ ਲਈ ਕਿਹਾ। ਅਜਿਹੇ 'ਚ ਲੋਕਾਂ ਨੂੰ ਥੋੜ੍ਹੀ ਰਾਹਤ ਤਾਂ ਮਿਲੀ ਪਰ ਨਸ ਖਿੱਚਣ ਦੀ ਪ੍ਰੇਸ਼ਾਨੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਮਿਲ ਸਕਿਆ।
ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਰਹੇ ਲੋਕ
ਇਕ ਪਾਸੇ ਤਾਂ ਲੋਕੀ ਯੋਗ ਕਰ ਰਹੇ ਸਨ ਪਰ ਦੂਜੇ ਪਾਸੇ ਆਵਾਰਾ ਕੁੱਤੇ ਆਯੋਜਨ ਸਥਾਨ 'ਤੇ ਘੁੰਮ ਰਹੇ ਸਨ, ਕਿਸੇ ਵੀ ਕਰਮਚਾਰੀ ਨੇ ਉਨ੍ਹਾਂ ਨੂੰ ਉਥੋਂ ਹਟਾਉਣ ਦੀ ਖੇਚਲ ਨਹੀਂ ਕੀਤੀ। ਇਸ 'ਤੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਇਵੈਂਟ ਲਈ ਗੰਭੀਰ ਨਹੀਂ ਹੈ। ਸਹੂਲਤਾਂ ਦੇ ਨਾਂ 'ਤੇ ਪ੍ਰਸ਼ਾਸਨ ਵਲੋਂ ਕੁਝ ਨਹੀਂ ਕੀਤਾ ਜਾ ਰਿਹਾ ਹੈ। ਪ੍ਰੋਟੋਕਾਲ 'ਚ 26 ਆਸਨ ਰੱਖੇ ਗਏ ਹਨ, ਜਿਨ੍ਹਾਂ 'ਚੋਂ ਕੁਝ ਦੀ ਰਿਹਰਸਲ ਨਹੀਂ ਹੋ ਸਕੀ।
ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਪ੍ਰੋਟੋਕਾਲ
ਇੰਟਰਨੈਸ਼ਨਲ ਯੋਗ ਦਿਵਸ ਦਾ ਪ੍ਰੋਟੋਕਾਲ 7 ਤੋਂ 8 ਵਜੇ ਦਾ ਹੈ, ਇਹੋ ਟਾਈਮਿੰਗ ਪ੍ਰਸ਼ਾਸਨ ਨੇ 21 ਜੂਨ ਨੂੰ ਵੀ ਤੈਅ ਕੀਤੀ ਹੈ। ਸਭ ਕੁਝ ਟਾਈਮਿੰਗ ਦੇ ਹਿਸਾਬ ਨਾਲ ਫਿੱਟ ਰਹੇ, ਇਸ ਲਈ ਲੋਕਾਂ ਨੂੰ ਸਵੇਰੇ 6 ਵਜੇ ਹੀ ਪਲਾਜ਼ਾ 'ਚ ਪਹੁੰਚਣ ਲਈ ਕਿਹਾ ਗਿਆ ਸੀ, ਤਾਂ ਜੋ 7 ਵਜੇ ਇਵੈਂਟ ਸ਼ੁਰੂ ਹੋ ਜਾਏ ਪਰ 6.30 ਵਜੇ ਤਕ ਚੋਣਵੇ ਲੋਕ ਹੀ ਮੌਕੇ 'ਤੇ ਪਹੁੰਚੇ ਹੋਏ ਸਨ, ਜਿਸ ਕਾਰਨ ਪ੍ਰੋਟੋਕਾਲ 7.30 ਵਜੇ ਸ਼ੁਰੂ ਹੋਇਆ, ਜੋ 8. 30 ਵਜੇ ਖਤਮ ਕੀਤਾ ਗਿਆ।
ਬੁਲਾਏ ਸਨ 2000, ਆਏ ਸਿਰਫ 800
21 ਜੂਨ ਨੂੰ ਹੋਣ ਵਾਲੇ ਇੰਟਰਨੈਸ਼ਨਲ ਯੋਗ ਦਿਵਸ ਲਈ ਪ੍ਰਸ਼ਾਸਨ ਨੇ ਪਹਿਲਾਂ 3000 ਲੋਕਾਂ ਨੂੰ ਬੁਲਾਉਣ ਦਾ ਫੈਸਲਾ ਕੀਤਾ ਸੀ ਪਰ ਸ਼ਨੀਵਾਰ ਨੂੰ ਹੀ ਇਹ ਫੈਸਲਾ ਹੋਇਆ ਕਿ 2000 ਲੋਕਾਂ ਨੂੰ ਹੀ ਪਲਾਜ਼ਾ 'ਚ ਯੋਗ ਕਰਨ ਲਈ ਬੁਲਾਇਆ ਜਾਏਗਾ। ਪ੍ਰਸ਼ਾਸਨ ਦੇ ਇਸ ਪੂਰੇ ਪ੍ਰੋਗਰਾਮ 'ਤੇ ਉਦੋਂ ਸੁਆਲ ਖੜ੍ਹਾ ਹੋ ਗਿਆ ਜਦੋਂ ਰਿਹਰਸਲ ਲਈ ਲਗਭਗ 800 ਲੋਕ ਹੀ ਪਹੁੰਚੇ। ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਇਸ ਇਵੈਂਟ ਲਈ ਲੋਕਾਂ ਨੂੰ ਮੈਟ ਵੀ ਮਿਲਣਗੇ ਪਰ ਰਿਹਰਸਲ ਲਈ ਲੋਕਾਂ ਨੂੰ ਆਪਣੇ ਘਰੋਂ ਹੀ ਮੈਟ ਲਿਆਉਣੇ ਪਏ।
ਨਿਗਮ ਤੇ ਟਰੱਸਟ ਦੇ ਭ੍ਰਿਸ਼ਟ ਕਰਮਚਾਰੀਆਂ 'ਤੇ ਸਿੱਧੂ ਦੇ ਦਫਤਰ ਦੀ ਤਿੱਖੀ ਨਜ਼ਰ
NEXT STORY