ਮੋਗਾ (ਗੋਪੀ ਰਾਊਕੇ) : ਕੇਂਦਰ ਦੀ ਮੋਦੀ ਸਰਕਾਰ ਦੀਆਂ 8 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਲੋਕ ਕਚਹਿਰੀ ਵਿਚ ਹੇਠਲੇ ਪੱਧਰ ’ਤੇ ਪੇਸ਼ ਕਰਨ ਦੇ ਮਨੋਰਥ ਨਾਲ ਇੱਥੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੀ ਅਗਵਾਈ ਹੇਠ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਇੰਚਾਰਜ ਹਲਕਾ ਮੋਗਾ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਇੰਚਾਰਜ ਹਲਕਾ ਧਰਮਕੋਟ, ਜਗਤਾਰ ਸਿੰਘ ਰਾਜੇਆਣਾ ਇੰਚਾਰਜ ਹਲਕਾ ਬਾਘਾਪੁਰਾਣਾ ਅਤੇ ਐੱਸ.ਪੀ ਮੁਖਤਿਆਰ ਸਿੰਘ ਇੰਚਾਰਜ ਹਲਕਾ ਨਿਹਾਲ ਸਿੰਘ ਵਾਲਾ ਆਪਣੇ ਵੱਡੇ ਕਾਫ਼ਲਿਆਂ ਨਾਲ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਇਸ ਵੇਲੇ ਮੰਝਧਾਰ ਵਿਚ ਫ਼ਸਿਆ ਹੋਇਆ ਹੈ ਕਿਉਂਕਿ ਸੂਬੇ ਸਿਰ 3 ਲੱਖ ਕਰੋੜ ਦਾ ਕਰਜ਼ਾ ਹੈ ’ਤੇ ਇਸ ਤੋਂ ਇਲਾਵਾ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਹੋਰ ਵੀ ਸਮੱਸਿਆਵਾਂ ਹਨ ਜਿਨ੍ਹਾਂ ਦੇ ਹੱਲ ਲਈ ਠੋਸ ਫ਼ੈਸਲੇ ਲੈਣ ਦੀ ਜ਼ਰੂਰਤ ਹੈ ਅਤੇ ਇਹ ਸਿਰਫ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪੰਜਾਬ ਵਿਚ ਭਾਜਪਾ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਾਜਪਾ ਨੂੰ ਲਿਆਉਣਾ ਜ਼ਰੂਰੀ ਹੈ।
ਉਨ੍ਹਾਂ ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਲਈ ਸਿੱਧੇ ਤੌਰ ’ਤੇ ਪੰਜਾਬ ਦੀ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਐਲਾਨ ਮੰਤਰੀ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਸਸਤੀ ਕਰਨ ਦਾ ਕੋਈ ਲਾਹਾ ਲੋਕਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਅਕਾਲੀ ਸਰਕਾਰ ਵੇਲੇ ’ਚਿੱਟੇ’ ਨੇ ਨੌਜਵਾਨੀ ਦਾ ਘਾਣ ਕੀਤਾ ਇਸੇ ਤਰ੍ਹਾਂ ਅੱਜ ਵੀ ਨਸ਼ੇ ਨੌਜਵਾਨਾਂ ਦਾ ਘਾਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬੇਰੁਜ਼ਗਾਰੀ ਦੀ ਦਲਦਲ ਵਿਚ ਡੁੱਬਿਆ ਹੈ ’ਤੇ ਇਸ ਵੇਲੇ ਪੰਜਾਬ ਨੂੰ ਬਚਾਉਣ ਲਈ ਇੰਡਸਟਰੀ ਦੀ ਲੋੜ ਹੈ ਜੋ ਕੇਦਰ ਸਰਕਾਰ ਦੀ ਮੱਦਦ ਨਾਲ ਹੀ ਆ ਸਕਦੀ ਹੈ। ਉਨ੍ਹਾਂ ਕਾਂਗਰਸ ’ਤੇ ਵਰ੍ਹਦੇ ਹੋਏ ਕਿਹਾ ਕਿ ਕਾਂਗਰਸ ਨੂੰ ਜੇਕਰ ਕੋਈ ਚੰਗੀ ਸਲਾਹ ਦਿੰਦਾ ਹੈ ਤਾਂ ਉਸ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਜਾਂਦਾ ਹੈ, ਇਸ ਲਈ ਹੁਣ ਕਾਂਗਰਸ ਵਿਚ ਕੋਈ ਨਹੀਂ ਰਹੇਗਾ ਕਿਉਂਕਿ ਇਸ ਪਾਰਟੀ ਦੀ ਨੀਤੀ ਅਤੇ ਨੀਅਤ ਠੀਕ ਨਹੀਂ ਹੈ।
ਉਨ੍ਹਾਂ ਕੇਂਦਰ ਸਰਕਾਰ ਦੀਆਂ 8 ਵਰ੍ਹਿਆਂ ਦੀ ਪ੍ਰਾਪਤੀਆਂ ਨੂੰ ਦੱਸਦੇ ਹੋਏ ਕਿਹਾ ਕਿ ਪਹਿਲਾਂ ਕਿਸੇ ਵੀ ਕੇਂਦਰ ਸਰਕਾਰ ਨੇ ਇਨਾਂ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 2024 ਵਿਚ ਮੋਦੀ ਸਰਕਾਰ ਹੈਟ੍ਰਿਕ ਮਾਰੇਗੀ ’ਤੇ ਇਸ ਵਿਚ ਸਾਨੂੰ ਆਪਣੀ ਸਾਂਝੇਦਾਰੀ ਪਾਉਣ ਲਈ ਪੰਜਾਬ ਵਿਚ ਘਰ-ਘਰ ਜਾ ਕੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਪਹੁੰਚਾਉਣ ਦੀ ਲੋੜ ਹੈ। ਇਸ ਮੌਕੇ ਦੇਵ ਪ੍ਰਿਯਾ ਤਿਆਗੀ, ਡਾ. ਸੀਮਾਂਤ ਗਰਗ, ਤਿਰਲੋਚਨ ਸਿੰਘ ਗਿੱਲ, ਅਨਿਲ ਬਾਂਸਲ ਸਾਬਕਾ ਡਿਪਟੀ ਮੇਅਰ, ਮੋਹਨ ਲਾਲ ਸੇਠੀ, ਗੁਰਮਿੰਦਰਜੀਤ ਸਿੰਘ ਬਬਲੂ, ਹਿਤੇਸ਼ ਗੁਪਤਾ, ਮੁਨੀਸ਼ ਮੈਨਰਾਏ, ਬੋਹੜ ਸਿੰਘ ਸਾਬਕਾ ਕੌਸਲਰ, ਸਰਪੰਚ ਮਨਾਵਾਂ, ਸੀਨੀਅਰ ਆਗੂ ਰਾਕੇਸ ਭੱਲਾ, ਪ੍ਰਧਾਨ ਵਰੁਣ ਭੱਲਾ ਵਿੱਕੀ ਸਿਤਾਰਾ, ਬਲਵਿੰਦਰਪਾਲ ਸਿੰਘ ਹੈਪੀ ਬੱਧਨੀ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।
ਪਾਵਰਕਾਮ ਦਾ ਪਾਇਲਟ ਪ੍ਰੋਜੈਕਟ ਰਿਹਾ ਸਫ਼ਲ, 4 ਸਾਲਾਂ ’ਚ ਵਧੀ ਕਿਸਾਨਾਂ ਦੀ ਆਮਦਨ
NEXT STORY