ਚੰਡੀਗੜ੍ਹ - ਭਾਰਤ 'ਚ ਆਸਟ੍ਰੇਲੀਆ ਦੀ ਰਾਜਦੂਤ ਹਰਿੰਦਰ ਸਿੱਧੂ ਨੇ ਕਿਹਾ ਹੈ ਕਿ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਦੋ ਪੱਖੀ ਵਪਾਰ, ਖੇਡਾਂ, ਸਿੱਖਿਆ ਤੇ ਖੇਤੀਬਾੜੀ ਦੇ ਖੇਤਰ 'ਚ ਕੰਮ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਇਨ੍ਹਾਂ ਸੰਭਾਵਨਾਵਾਂ ਨੂੰ ਅਸਲ ਰੂਪ ਦੇਣ ਲਈ ਉਹ ਪੰਜਾਬ ਦੇ ਤਿੰਨ ਦਿਨ ਦੇ ਦੌਰੇ 'ਤੇ ਆਈ ਹੈ। ਦੌਰੇ ਦੇ ਦੂਜੇ ਦਿਨ ਜਲੰਧਰ 'ਚ ਜਗ ਬਾਣੀ ਦਫਤਰ ਪਹੁੰਚੀ ਹਰਿੰਦਰ ਸਿੱਧੂ ਨਾਲ ਜਗ ਬਾਣੀ ਦੇ ਪੱਤਰਕਾਰ ਨਰੇਸ਼ ਕੁਮਾਰ ਤੇ ਰਿਮਾਂਸ਼ੂ ਗਾਬਾ ਨੇ ਗੱਲਬਾਤ ਕੀਤੀ। ਪੇਸ਼ ਹੈ ਗੱਲਬਾਤ ਦਾ ਪੂਰਾ ਵੇਰਵਾ :-
ਸ : ਪੰਜਾਬ ਦੀ ਯਾਤਰਾ ਦਾ ਮਕਸਦ ਕੀ ਹੈ ਤੇ ਇਹ ਕਿੰਨੀ ਸਫਲ ਰਹੀ ਹੈ?
ਜ : ਮੈਂ ਕਲ ਹੀ ਅੰਮ੍ਰਿਤਸਰ ਆਈ ਹਾਂ ਅਤੇ ਇਹ ਯਾਤਰਾ ਹੁਣ ਤਕ ਕਾਫੀ ਸਫਲ ਰਹੀ ਹੈ। ਇਹ ਪੰਜਾਬ 'ਚ ਮੇਰਾ ਤੀਜਾ ਦੌਰਾ ਹੈ। ਮੈਂ ਪਹਿਲੀ ਵਾਰ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਜਾ ਰਹੀ ਹਾਂ। ਇਸ ਲੜੀ 'ਚ ਮੈਂ ਸੋਮਵਾਰ ਲੁਧਿਆਣਾ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਵਾਂਗੀ। ਆਸਟ੍ਰੇਲੀਆ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਈ ਸਮਝੌਤਿਆਂ 'ਤੇ ਹਸਤਾਖਰ ਕੀਤੇ ਹੋਏ ਹਨ। ਆਸਟ੍ਰੇਲੀਆ ਤੇ ਪੰਜਾਬ ਦੋਵੇਂ ਮਿਲ ਕੇ ਖੇਤੀਬਾੜੀ ਦੇ ਖੇਤਰ 'ਚ ਕੰਮ ਕਰ ਰਹੇ ਹਨ। ਆਸਟ੍ਰੇਲੀਆ ਪੰਜਾਬ ਨੂੰ ਹੈਪੀ ਸੀਡ ਟੈਕਨਾਲੋਜੀ 'ਤੇ ਕੰਮ ਕਰਨ ਦੇ ਗੁਰ ਸਿਖਾਏਗਾ। ਇਸ ਤਕਨੀਕ ਅਧੀਨ ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਸਾੜਨ ਦੀ ਸਮੱਸਿਆ ਤੋਂ ਮੁਕਤੀ ਮਿਲ ਸਕੇਗੀ। ਇਸ ਦੇ ਨਾਲ ਹੀ ਕਣਕ ਦੀ ਗੁਣਵੱਤਾ ਦੇ ਸੁਧਾਰ ਨੂੰ ਲੈ ਕੇ ਵੀ ਆਸਟ੍ਰੇਲੀਆ ਤੇ ਪੰਜਾਬ ਦਰਮਿਆਨ ਕੰਮ ਚੱਲ ਰਿਹਾ ਹੈ। ਇਸ ਦੇ ਵੀ ਉਸਾਰੂ ਨਤੀਜੇ ਨਿਕਲਣਗੇ।
ਸ : ਆਸਟ੍ਰੇਲੀਆ ਲਈ ਅਦਾਨੀ ਗਰੁੱਪ ਵਲੋਂ ਕੋਲੇ ਦੀ ਖਾਨ ਤਕ ਰੇਲ ਲਿੰਕ ਲਈ ਦਿੱਤੀ ਗਈ ਅਰਜ਼ੀ ਦੀ ਕੀ ਸਥਿਤੀ ਹੈ?
ਜ : ਅਦਾਨੀ ਗਰੁੱਪ ਨੇ ਆਸਟ੍ਰੇਲੀਆ 'ਚ ਕੋਲੇ ਦੀ ਖਾਨ ਤਕ ਰੇਲ ਲਿੰਕ ਬਣਾਉਣ ਲਈ ਆਸਟ੍ਰੇਲੀਆ ਸਰਕਾਰ ਕੋਲੋਂ ਫੰਡ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਸਰਕਾਰ ਇਸ ਮਾਮਲੇ 'ਚ ਗੰਭੀਰ ਹੈ ਪਰ ਸਭ ਧਿਰਾਂ ਦੀ ਸਹਿਮਤੀ ਨਾ ਹੋਣ ਕਾਰਨ ਇਸ ਮਾਮਲੇ 'ਚ ਘੁੰਡੀ ਅਜੇ ਫਸੀ ਹੋਈ ਹੈ। ਸਭ ਧਿਰਾਂ ਦੀ ਸਹਿਮਤੀ ਤੋਂ ਬਾਅਦ ਹੀ ਕੋਈ ਹੱਲ ਲੱਭਿਆ ਜਾ ਸਕਦਾ ਹੈ।
ਸ : ਆਸਟ੍ਰੇਲੀਆ ਦੇ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ ਦੇ ਜਾਣ 'ਤੇ ਲੱਗੀ ਪਾਬੰਦੀ ਸਬੰਧੀ ਤੁਸੀਂ ਕੀ ਕਹੋਗੇ?
ਜ : ਆਸਟ੍ਰੇਲੀਆ ਦੇ ਸਭ ਗੁਰਦੁਆਰਿਆਂ 'ਚ ਇੰਝ ਨਹੀਂ ਹੋਇਆ। ਮੈਲਬੋਰਨ ਦੇ ਇਕ ਗੁਰਦੁਆਰੇ ਨੂੰ ਲੈ ਕੇ ਇਸ ਤਰ੍ਹਾਂ ਦੀ ਸੂਚਨਾ ਜ਼ਰੂਰ ਹੈ ਪਰ ਜਦ ਤਕ ਸਥਾਨਕ ਗੁਰਦੁਆਰਾ ਕਮੇਟੀ ਆਸਟ੍ਰੇਲੀਆ ਦੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੀਆਂ, ਸਰਕਾਰ ਉਸ 'ਚ ਕੋਈ ਦਖਲ ਨਹੀਂ ਦੇਵੇਗੀ। ਪੂਰੇ ਆਸਟ੍ਰੇਲੀਆ 'ਚ ਇੰਝ ਨਹੀਂ ਹੋ ਰਿਹਾ ਹੈ। ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਆਪਣੇ-ਆਪਣੇ ਢੰਗ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਦੀ ਆਜ਼ਾਦੀ ਹੈ।
ਸ : ਪੰਜਾਬ ਨਾਲ ਸਬੰਧਾਂ ਦੀ ਮਜ਼ਬੂਤੀ ਲਈ ਕੀ ਯੋਜਨਾ ਹੈ?
ਜ : ਭਾਰਤ ਤੇ ਆਸਟ੍ਰੇਲੀਆ ਦਰਮਿਆਨ ਸਪੋਰਟਸ ਪਾਰਟਨਰਸ਼ਿਪ ਪ੍ਰੋਗਰਾਮ ਅਧੀਨ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦਾ ਪਿਛਲੇ ਸਾਲ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਤੇ ਪਟਿਆਲਾ ਨਾਲ ਸਮਝੌਤਾ ਹੋਇਆ ਹੈ। ਇਸ ਸਮਝੌਤੇ ਅਧੀਨ ਆਸਟ੍ਰੇਲੀਆ ਦੇ ਵਿਦਿਆਰਥੀਆਂ 'ਚ ਖਿਡਾਰੀਆਂ ਦੀ ਭਲਾਈ ਲਈ ਤਿਆਰ ਕੀਤੇ ਜਾ ਰਹੇ ਟ੍ਰੇਨਿੰਗ ਪ੍ਰੋਗਰਾਮਾਂ, ਕੋਚਿੰਗ ਦੀ ਗੁਣਵੱਤਾ ਸੁਧਾਰਨ ਤੇ ਖਿਡਾਰੀਆਂ ਦੇ ਅਭਿਆਸ ਦੇ ਤਰੀਕਿਆਂ ਲਈ ਤਿਆਰ ਕੀਤੇ ਗਏ ਪ੍ਰੋਗਰਾਮ ਪੰਜਾਬ ਨਾਲ ਸਾਂਝੇ ਕੀਤੇ ਜਾ ਰਹੇ ਹਨ। ਇੰਝ ਕਰਨ ਨਾਲ ਪੰਜਾਬ ਦੇ ਖਿਡਾਰੀਆਂ ਨੂੰ ਮਦਦ ਮਿਲੇਗੀ। ਇਸ ਤੋਂ ਇਲਾਵਾ ਪੰਜਾਬ ਨਾਲ ਖੇਤੀਬਾੜੀ ਤੇ ਸੈਰ-ਸਪਾਟੇ ਸਮੇਤ ਹੋਰਨਾਂ ਖੇਤਰਾਂ 'ਚ ਵੀ ਕੰਮ ਚੱਲ ਰਿਹਾ ਹੈ।
ਸ : ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ 'ਤੇ ਕਿਵੇਂ ਮਹਿਸੂਸ ਕੀਤਾ?
ਜ : ਇਸ ਨੂੰ ਸ਼ਬਦਾਂ 'ਚ ਵਰਨਣ ਨਹੀਂ ਕੀਤਾ ਜਾ ਸਕਦਾ। ਇਹ ਮੇਰੇ ਜ਼ਿੰਦਗੀ ਦਾ ਸਭ ਤੋਂ ਅਨਮੋਲ ਪਲ ਰਿਹਾ ਹੈ। ਮੈਨੂੰ ਉਥੇ ਜਾ ਕੇ ਬੇਹੱਦ ਸ਼ਾਂਤੀ ਦਾ ਅਹਿਸਾਸ ਹੋਇਆ।
ਸ : ਭਾਰਤ-ਆਸਟ੍ਰੇਲੀਆ ਦਰਮਿਆਨ ਦੋਪਾਸੜ ਵਪਾਰ ਨੂੰ ਵਧਾਉਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ?
ਜ : ਦੋਹਾਂ ਦੇਸ਼ਾਂ ਦਰਮਿਆਨ 2016 'ਚ 16.5 ਬਿਲੀਅਨ ਡਾਲਰ ਦਾ ਵਪਾਰ ਹੋਇਆ ਸੀ। ਇਸ 'ਚ ਹੋਰ ਵੀ ਵਾਧੇ ਦੀ ਸੰਭਾਵਨਾ ਹੈ। ਇਸ ਸੰਭਾਵਨਾ 'ਤੇ ਕੰਮ ਕਰਨ ਲਈ ਆਸਟ੍ਰੇਲੀਆ ਦੇ ਸਾਬਕਾ ਹਾਈ ਕਮਿਸ਼ਨਰ ਵਲੋਂ ਇਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਹ ਰਿਪੋਰਟ ਜਲਦੀ ਹੀ ਮੁਕੰਮਲ ਹੋ ਜਾਵੇਗੀ। ਇਸ ਰਿਪੋਰਟ ਮੁਤਾਬਿਕ ਭਾਰਤ ਤੇ ਆਸਟ੍ਰੇਲੀਆ ਖੇਤੀਬਾੜੀ ਦੇ ਨਾਲ ਮਿਨਰਲ, ਮਾਈਨਿੰਗ ਤੇ ਸਿੱਖਿਆ ਦੇ ਖੇਤਰ 'ਚ ਵਪਾਰ ਵਧਾਉਣਗੇ। ਰਿਪੋਰਟ ਆਉਣ ਤੋਂ ਬਾਅਦ ਅੱਗੋਂ ਕੰਮ ਕੀਤਾ ਜਾਵੇਗਾ।
ਵਿਦਿਆਰਥੀਆਂ ਲਈ ਨਰਮ ਆਸਟ੍ਰੇਲੀਆ, ਠੱਗੀ ਤੋਂ ਬਚਣ ਲਈ ਚੁਣੋ ਸਹੀ ਕੋਰਸ
ਸ : ਆਸਟ੍ਰੇਲੀਆ 'ਚ ਕੱਚੇ ਤੌਰ 'ਤੇ ਰਹਿਣ ਵਾਲਿਆਂ ਲਈ ਨਾਗਰਿਕਤਾ ਹਾਸਲ ਕਰਨ ਦਾ ਸਹੀ ਢੰਗ ਕੀ ਹੋਵੇਗਾ?
ਜ : ਇਹ ਗੁੰਝਲਦਾਰ ਸਵਾਲ ਹੈ। ਅਸਲ 'ਚ ਇਹ ਵਿਅਕਤੀ ਦੀ ਨਿੱਜੀ ਸਮਰਥਾ ਤੇ ਉਸ ਦੇ ਪ੍ਰੋਫੈਸ਼ਨਲ ਤਜਰਬੇ 'ਤੇ ਨਿਰਭਰ ਕਰਦਾ ਹੈ। 2016 ਦੀ ਮਰਦਮਸ਼ੁਮਾਰੀ ਮੁਤਾਬਕ ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਨਾਗਰਿਕਾਂ ਦੀ ਗਿਣਤੀ ਸਾਢੇ 6 ਲੱਖ ਦੇ ਲੱਗਭਗ ਹੈ। ਪਿਛਲੇ 10 ਸਾਲਾਂ 'ਚ ਇਹ ਤਿੰਨ ਗੁਣਾ ਵਧੀ ਹੈ। ਇਸ ਦਾ ਮਤਲਬ ਸਪੱਸ਼ਟ ਹੈ ਕਿ ਆਸਟ੍ਰੇਲੀਆ ਭਾਰਤੀ ਮੂਲ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੇ ਮਾਮਲੇ 'ਚ ਨਰਮ ਹੈ ਪਰ ਉਨ੍ਹਾਂ ਨੂੰ ਸਕਿੱਲ ਮਾਈਗ੍ਰੇਸ਼ਨ ਪ੍ਰੋਗਰਾਮ ਜਾਂ ਅਜਿਹੇ ਰਾਹ ਅਪਣਾਉਣੇ ਹੋਣਗੇ, ਜਿਨ੍ਹਾਂ 'ਚ ਕਾਨੂੰਨ ਮੁਤਾਬਿਕ ਆਸਟ੍ਰੇਲੀਅਨ ਨਾਗਰਿਕਤਾ ਮਿਲਣ ਦਾ ਪ੍ਰਬੰਧ ਹੈ। ਜੇ ਕਿਸੇ ਦੀ ਅਰਜ਼ੀ 'ਚ ਕੋਈ ਨੁਕਸ ਨਹੀਂ ਹੈ ਅਤੇ ਕੋਈ ਵਿਅਕਤੀ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਤਾਂ ਉਸ ਨੂੰ ਨਾਗਰਿਕਤਾ ਜ਼ਰੂਰ ਮਿਲਦੀ ਹੈ।
ਸ : ਪੜ੍ਹਾਈ ਲਈ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਹਾਸਲ ਕਰਨ ਦਾ ਸਹੀ ਰਾਹ ਕੀ ਹੋਵੇਗਾ?
ਜ. ਆਸਟ੍ਰੇਲੀਆ 'ਚ ਪੜ੍ਹਾਈ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਗਿਣਤੀ 'ਚ ਪਿਛਲੇ ਸਾਲ 14 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਪਿਛਲੇ ਸਾਲ ਲੱਗਭਗ 68,000 ਭਾਰਤੀ ਵਿਦਿਆਰਥੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਏ ਸਨ। ਆਸਟ੍ਰੇਲੀਆ ਆਉਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਅਰਜ਼ੀ 'ਚ ਕੋਈ ਗਲਤ ਜਾਣਕਾਰੀ ਨਾ ਹੋਵੇ। ਇੰਝ ਹੋਣ 'ਤੇ ਉਨ੍ਹਾਂ ਦੇ ਪੈਸੇ ਖਰਾਬ ਹੋਣਗੇ ਤੇ ਵੀਜ਼ਾ ਰੱਦ ਹੋਣ ਨਾਲ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਏਗੀ। ਇਸ ਲਈ ਵਿਦਿਆਰਥੀ ਉਸੇ ਕੋਰਸ ਲਈ ਅਪਲਾਈ ਕਰਨ, ਜਿਸ ਦੀ ਪੜ੍ਹਾਈ ਉਹ ਪੂਰੀ ਕਰ ਸਕਦੇ ਹਨ ਜਾਂ ਜਿਸ ਕੋਰਸ ਲਈ ਅਰਜ਼ੀ ਦੇਣ ਦੇ ਉਹ ਯੋਗ ਹਨ।
ਸ : ਕੀ ਆਉਣ ਵਾਲੇ ਦਿਨਾਂ 'ਚ ਅਸੀਂ ਵਿਦਿਆਰਥੀਆਂ ਲਈ ਵੀਜ਼ਾ ਨਰਮੀ ਦੀ ਉਮੀਦ ਰੱਖ ਸਕਦੇ ਹਾਂ?
ਜ : ਆਸਟ੍ਰੇਲੀਆ ਦੇ ਵੀਜ਼ਾ ਨਿਯਮ ਪਹਿਲਾਂ ਹੀ ਕਾਫੀ ਨਰਮ ਹਨ। ਆਸਟ੍ਰੇਲੀਆ 'ਚ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਹਫਤੇ 'ਚ 22 ਘੰਟੇ ਕੰਮ ਕਰਨ ਦੀ ਆਗਿਆ ਮਿਲਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀ ਨਾਲ ਆਉਣ ਵਾਲੇ ਉਸ ਦੇ ਸਾਥੀ (ਸਪਾਊਸ) ਨੂੰ ਕੰਮ ਕਰਨ ਦੀ ਆਗਿਆ ਮਿਲਦੀ ਹੈ। ਕੁਝ ਕੋਰਸ ਅਜਿਹੇ ਵੀ ਹਨ, ਜਿਨ੍ਹਾਂ 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰਨ ਦੇ ਮੌਕੇ ਦੇ ਨਾਲ-ਨਾਲ ਆਸਟ੍ਰੇਲੀਆ 'ਚ ਰਹਿਣ ਦਾ ਮੌਕਾ ਵੀ ਮਿਲਦਾ ਹੈ।
ਸ : ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਲੋਂ ਵਿਦਿਆਰਥੀਆਂ ਨਾਲ ਹੋ ਰਹੀ ਧੋਖਾਦੇਹੀ ਦੀਆਂ ਸ਼ਿਕਾਇਤਾਂ 'ਤੇ ਕੀ ਕਾਰਵਾਈ ਹੋ ਰਹੀ ਹੈ?
ਜ : ਹੁਣੇ ਜਿਹੇ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਥੇ ਵਿਦਿਆਰਥੀਆਂ ਨੇ ਧੋਖਾਦੇਹੀ ਦੀ ਸ਼ਿਕਾਇਤ ਕੀਤੀ ਹੈ। ਇਹ ਬਹੁਤ ਨਿਰਾਸ਼ ਕਰਨ ਵਾਲਾ ਮਾਮਲਾ ਹੈ। ਅਜਿਹੇ ਮਾਮਲਿਆਂ ਨਾਲ ਮਨ ਨੂੰ ਬਹੁਤ ਦੁੱਖ ਪੁੱਜਦਾ ਹੈ। ਆਸਟ੍ਰੇਲੀਆ ਦੀ ਸਰਕਾਰ ਅਜਿਹੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ।
ਸ਼ਰਾਬ ਸਮੱਗਲਰ 20 ਪੇਟੀਆਂ ਸ਼ਰਾਬ ਸਣੇ ਗ੍ਰਿਫਤਾਰ
NEXT STORY