ਲੁਧਿਆਣਾ (ਨਿਤਿਨ ਧੀਮਾਨ) — ਲੁਧਿਆਣਾ 'ਚ ਹਰ ਰੋਜ਼ ਲਗਭਗ 750 ਐੱਮ. ਐੱਲ. ਡੀ. (ਮਿਲੀਅਨ ਲੀਟਰ ਡੇਲੀ) ਪਾਣੀ ਬੁੱਢੇ ਨਾਲੇ ਜ਼ਰੀਏ ਸਤਲੁਜ 'ਚ ਜਾਂਦਾ ਹੈ। ਨਿਗਮ ਨੇ ਪਾਣੀ ਸਾਫ ਕਰਨ ਲਈ ਜੋ 5 ਐੱਸ. ਟੀ. ਪੀ. ਲਗਾ ਰੱਖੇ ਹਨ ਜੋ ਸਾਰੇ ਅੰਡਰ ਕਪੈਸਟੀ ਹਨ। ਇਹ ਪਲਾਂਟ ਸ਼ਹਿਰ ਦੇ ਘਰੇਲੂ ਤੇ ਇੰਡਸਟ੍ਰੀਅਲ ਪਾਣੀ ਨੂੰ ਸਾਫ ਕਰਕੇ ਸਤੁਲਜ ਤਕ ਲੈ ਜਾਣ ਲਈ ਲਗਾਏ ਗਏ ਸਨ। ਇਹ ਪੰਜ ਪਲਾਂਟ ਕੁੱਲ 466 ਐੱਮ. ਐੱਲ. ਡੀ. ਪਾਣੀ ਸਾਫ ਕਰਨ ਦੀ ਸਮਰੱਥਾ ਰੱਖਦੇ ਹਨ। ਮਤਲਬ ਕਿ ਬਾਕੀ ਦਾ ਬਿਨਾਂ ਟ੍ਰੀਟ ਹੋਇਆ 284 ਐੱਮ.ਐੱਲ. ਡੀ. ਕੈਮੀਕਲਯੁਕਤ ਪਾਣੀ ਬੁੱਢੇ ਨਾਲੇ 'ਚ ਜਾ ਕੇ ਉਸ ਨੂੰ ਜ਼ਹਿਰੀਲਾ ਬਣਾ ਰਿਹਾ ਹੈ। ਇਹੀ ਪਾਣੀ ਸਾਫ ਕੀਤੇ ਹੋਏ 466 ਐੱਮ. ਐੱਲ. ਡੀ. ਪਾਣੀ 'ਚ ਮਿਲ ਕੇ ਸਤਲੁਜ 'ਚ ਜਾ ਕੇ ਖਤਰਨਾਕ ਬੀਮਾਰੀਆਂ ਫੈਲਾ ਰਿਹਾ ਹੈ।
ਨਗਰ ਨਿਗਮ ਪੰਜ ਪਲਾਂਟਾਂ ਨੂੰ ਚਲਾਉਣ ਲਈ ਹਰ ਸਾਲ ਲਗਭਗ 22 ਕਰੋੜ ਰੁਪਏ ਖਰਚ ਕਰਦਾ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਨਗਰ ਨਿਗਮ ਦੇ ਅਫਸਰਾਂ ਵਲੋਂ ਬਣਾਈਆਂ ਗਈਆਂ ਕਾਗਜ਼ੀ ਯੋਜਨਾਵਾਂ 22 ਕਰੋੜ ਨੂੰ ਵੀ ਹਰ ਸਾਲ ਪਾਣੀ 'ਚ ਵਹਾ ਰਹੀਆਂ ਹਨ। ਜੇਕਰ ਪਾਣੀ ਸਤਲੁਜ ਤਕ ਪਹੁੰਚਦੇ-ਪਹੁੰਚਦੇ ਫਿਰ ਤੋਂ ਜ਼ਹਿਰੀਲਾ ਬਣਨਾ ਹੈ ਤਾਂ ਪਲਾਂਟ ਚਲਾਉਣ ਦੀ ਲੋੜ ਹੀ ਕੀ ਹੈ। ਇਹ ਪਲਾਂਟ ਸਾਲ 2011-12 'ਚ ਚੱਲੇ ਸਨ। ਮਤਲਬ ਸੱਤ ਸਾਲਾਂ 'ਚ ਨਿਗਮ ਨੇ 154 ਕਰੋੜ ਰੁਪਏ ਬੁੱਢੇ ਨਾਲੇ 'ਚ ਇਹ ਦਿਖਾਉਣ ਲਈ ਵਹਾ ਦਿੱਤੇ ਕਿ ਨਿਗਮ ਦੇ ਅਫਸਰ ਐੱਸ. ਟੀ. ਪੀ. ਲਗਾ ਕੇ ਆਧੁਨਿਕ ਤਕਨੀਕ ਲੁਧਿਆਣਾ ਵਾਸੀਆਂ ਨੂੰ ਦੇਣਗੇ ਤਾਂ ਕਿ ਪੀਣ ਲਈ ਸਾਫ ਪਾਣੀ ਮਿਲੇਗਾ। ਨਿਗਮ ਤੋਂ ਰੋਜ਼ਾਨਾ ਕੁਲ ਡਿਸਚਾਰਜ ਹੋਣ ਵਾਲਾ ਪਾਣੀ ਸਾਫ ਨਹੀਂ ਹੋ ਰਿਹਾ ਤਾਂ ਲੋਕ ਕਿਵੇਂ ਉਮੀਦ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਪੀਣ ਯੋਗ ਪਾਣੀ ਮਿਲੇਗਾ। ਲੋਕ ਅੱਜ ਵੀ ਸਾਫ ਪਾਣੀ ਪੀਣ ਲਈ ਤਰਸ ਰਹੇ ਹਨ ਮਤਲਬ ਨਗਰ ਨਿਗਮ ਦਾ ਸਾਰਾ ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ।
1200 ਕਰੋੜ ਦੇ ਬਜਟ ਵਾਲਾ ਨਿਗਮ ਵੰਡ ਰਿਹਾ ਬੀਮਾਰੀਆਂ
ਸਾਲਾਨਾ 1200 ਕਰੋੜ ਰੁਪਏ ਦੇ ਬਜਟ ਵਾਲਾ ਲੁਧਿਆਣਾ ਨਗਰ ਨਿਗਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਵੰਡ ਕੇ ਉਨ੍ਹਾਂ ਨੂੰ ਮੌਤ ਦੇ ਨੇੜੇ ਪਹੁੰਚਾ ਰਿਹਾ ਹੈ। ਟੈਕਸ ਦੇਣ ਦੇ ਬਾਅਦ ਵੀ ਲੋਕ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਕਾਰਨ ਡਾਕਟਰਾਂ ਕੋਲ ਲੱਖਾਂ-ਕਰੋੜਾਂ ਰੁਪਏ ਦਾ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ।
10 ਫੁੱਟ ਤੋਂ ਜ਼ਿਆਦਾ ਡੂੰਘਾ ਹੂੰਦਾ ਸੀ ਬੁੱਢਾ ਨਾਲਾ
ਦਹਾਕਿਆਂ ਪੁਰਾਣਾ ਬੁੱਢਾ ਨਾਲਾ ਕਦੇ 10 ਤੋਂ 12 ਫੁੱਟ ਡੂੰਘਾ ਹੁੰਦਾ ਸੀ। ਅੱਜ ਉਹ ਗਾਰ ਭਰਨ ਕਾਰਨ ਸਿਰਫ 4 ਤੋਂ 5 ਫੁੱਟ ਰਹਿ ਗਿਆ ਹੈ। ਗਾਰ ਇੰਨੀ ਜ਼ਿਆਦਾ ਭਰ ਚੁਕੀ ਹੈ ਕਿ ਡ੍ਰੇਗ ਲੇਨ ਮਸ਼ੀਨਾਂ ਵੀ ਬੰਦ ਹੋ ਗਈਆਂ ਹਨ। ਸ਼ਹਿਰ 'ਚ ਇਸ ਸਮੇਂ ਸਿੰਚਾਈ ਵਿਭਾਗ ਦੀਆਂ 5 ਮਸ਼ੀਨਾਂ ਹਨ, ਉਹ ਵੀ 1979 ਮਾਡਲ ਦੀਆਂ, ਜੋ ਸਿਰਫ ਦਿਖਾਵੇ ਲਈ ਖੜ੍ਹੀਆਂ ਹਨ।
ਕਿੰਨੀ ਕਪੈਸਿਟੀ ਦਾ ਕਿਥੇ ਲੱਗਾ ਹੈ ਪਲਾਂਟ
* ਬੱਲੋਕੇ ਕੋਲ 152 ਅਤੇ 105 ਐੱਮ. ਐੱਲ. ਡੀ. ਦੇ 2 ਪਲਾਂਟ ਲਗਾਏ ਗਏ ਹਨ।
* ਭੱਠੀਆਂ 'ਚ ਵੀ 2 ਪਲਾਂਟ 111 ਅਤੇ 50 ਐੱਮ. ਐੱਲ. ਡੀ. ਦੇ ਲੱਗੇ ਹਨ।
* ਜਮਾਲਪੁਰ 'ਚ 48 ਐੱਮ. ਐੱਲ. ਡੀ. ਦਾ ਇਕ ਪਲਾਂਟ ਲੱਗਾ ਹੈ ਜੋ ਹਮੇਸ਼ਾ ਓਵਰਫਲੋਅ ਹੁੰਦਾ ਹੈ।
ਐੱਸ. ਟੀ. ਪੀ. ਨੂੰ ਚਲਾਉਣ ਦਾ ਕੋਈ ਫਾਇਦਾ ਨਹੀਂ, ਸਿਰਫ ਜਨਤਾ ਦਾ ਪੈਸਾ ਬਰਬਾਦ ਹੋ ਰਿਹੈ : ਮੇਅਰ
ਅੱਜ ਲੁਧਿਆਣਾ ਦਾ ਹਰ ਵਿਅਕਤੀ ਜਾਣਨਾ ਚਾਹੁੰਦਾ ਹੈ ਕਿ ਕੀ ਬੁੱਢਾ ਨਾਲਾ ਕਦੇ ਸਾਫ ਹੋਵੇਗਾ। ਇਸ 'ਤੇ ਜਦੋਂ 'ਜਗ ਬਾਣੀ' ਦੀ ਟੀਮ ਨੇ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਰੋਣ ਧੋਣ ਵਾਲਾ ਰਾਗ ਅਲਾਪਿਆ ਕਿ ਨਿਗਮ ਦਾ ਖਜ਼ਾਨਾ ਖਾਲੀ ਹੈ ਤਾਂ ਫਿਰ ਕੀ ਬੁੱਢੇ ਨਾਲੇ ਦੇ ਪ੍ਰਦੂਸ਼ਣ ਨਾਲ ਲੋਕਾਂ ਨੂੰ ਮਰਨ ਦਿੱਤਾ ਜਾਵੇ ਤਾਂ ਉਹ ਇਸ ਸਵਾਲ 'ਤੇ ਚੁੱਪ ਹੋ ਗਏ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਪੰਜ ਐੱਸ.ਟੀ. ਪੀ. ਨੂੰ ਚਲਾਉਣ ਦਾ ਫਾਇਦਾ ਕੀ ਹੈ ਜਦੋਂ ਪਾਣੀ ਸਾਫ ਹੋ ਕੇ ਫਿਰ ਓਵਰਫਲੋਅ ਹੋ ਰਹੇ ਗੰਦੇ ਪਾਣੀ 'ਚ ਜਾ ਕੇ ਮਿਲਣਾ ਹੈ। ਉਨ੍ਹਾਂ ਮੰਨਿਆ ਕਿ ਇਨ੍ਹਾਂ ਪਲਾਂਟਾਂ ਨੂੰ ਫਿਲਹਾਲ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ। ਸਿਰਫ ਜਨਤਾ ਦਾ ਪੈਸਾ ਬਰਬਾਦ ਹੋ ਰਿਹਾ ਹੈ। ਪਰ ਇਸ ਸਬੰਧ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋ ਚੁੱਕੀ ਹੈ। ਇਸ ਦਾ ਹੱਲ ਜਲਦੀ ਹੀ ਸਾਹਮਣੇ ਆਏਗਾ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਪ੍ਰਦੂਸ਼ਣ ਫੈਲਾਉਣ ਦੇ ਜ਼ਿੰਮੇਵਾਰ ਅਫਸਰਾਂ 'ਤੇ ਸਰਕਾਰ ਜਾਂ ਨਿਗਮ ਕੋਈ ਕਾਰਵਾਈ ਕਰੇਗਾ ਜਿਨ੍ਹਾਂ ਕਾਰਨ ਲੱਖਾਂ ਲੋਕ ਬੀਮਾਰ ਪਏ ਹਨ ਤਾਂ ਉਹ ਹੈਰਾਨ ਪ੍ਰੇਸ਼ਾਨ ਹੋ ਗਏ ਅਤੇ ਕੋਈ ਜਵਾਬ ਨਹੀਂ ਦੇ ਸਕੇ। ਇਥੇ ਦੱਸ ਦੇਈਏ ਕਿ ਨਗਰ ਨਿਗਮ ਕੋਲ ਬੁੱਢੇ ਨਾਲੇ ਨੂੰ ਸਾਫ ਕਰਨ ਲਈ ਕੋਈ ਪੁਖਤਾ ਯੋਜਨਾ ਨਹੀਂ ਹੈ।
ਅਫਸਰ ਰੋਜ਼ਾਨਾ ਦੇਖਦੇ ਹਨ ਬੁੱਢੇ ਨਾਲੇ 'ਚ ਜਾ ਰਿਹਾ ਡਾਇੰਗ ਇੰਡਸਟਰੀ ਦਾ ਗੰਦਾ ਪਾਣੀ ਪਰ...
ਜਮਾਲਪੁਰ 'ਚ ਲੱਗਾ 48 ਐੱਮ. ਐੱਲ. ਡੀ. ਦਾ ਐੱਸ. ਟੀ. ਪੀ. ਰੋਜ਼ਾਨਾ ਓਵਰਫਲੋਅ ਹੋ ਕੇ ਗੰਦਾ ਪਾਣੀ ਬੁੱਢੇ ਨਾਲੇ 'ਚ ਡੇਗ ਰਿਹਾ ਹੈ। ਇਥੇ ਅੰਦਾਜ਼ਨ 100 ਐੱਮ. ਐੱਲ. ਡੀ. ਤੋਂ ਜ਼ਿਆਦਾ ਪਾਣੀ ਆਉਂਦਾ ਹੈ। ਪਲਾਂਟ ਨਾਲ ਹੀ ਇਕ ਛੋਟਾ ਜਿਹਾ ਨਾਲਾ ਬਣਿਆ ਹੈ ਜਿਸ ਜ਼ਰੀਏ ਬਿਨਾਂ ਟ੍ਰੀਟ ਕੀਤਾ ਹੋਇਆ ਡਾਇੰਗ ਇੰਡਸਟਰੀ ਦਾ ਪਾਣੀ ਬੁੱਢੇ ਨਾਲੇ 'ਚ ਜਾਂਦਾ ਹੈ। ਅਫਸਰ ਰੋਜ਼ਾਨਾ ਦੇਖਦੇ ਹਨ ਕਿ ਗੰਦਾ ਪਾਣੀ ਜਾ ਰਿਹਾ ਹੈ ਪਰ ਕਿਸੇ ਦੇ ਦਿਮਾਗ 'ਤੇ ਕੋਈ ਬੋਝ ਨਹੀਂ।
'ਜਗ ਬਾਣੀ' ਟੀਮ ਨੇ ਗਰਾਊਂਡ 'ਤੇ ਜਾ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਤਾਜਪੁਰ ਦੀਆਂ ਕੁਝ ਡਾਇੰਗ ਇੰਡਸਟਰੀਆਂ ਨੇ ਤਾਂ ਜ਼ਮੀਨ ਦੇ ਹੇਠਾਂ ਤੋਂ ਪਾਈਪ ਸਿੱਧੇ ਬੁੱਢੇ ਨਾਲੇ 'ਚ ਪਾਏ ਹੋਏ ਹਨ, ਜਿਸ ਨਾਲ ਬਿਨਾਂ ਟ੍ਰੀਟ ਕੀਤਾ ਹੋਇਆ ਕੈਮੀਕਲ ਯੁਕਤ ਪਾਣੀ ਸਿੱਧਾ ਬੁੱਢੇ ਨਾਲੇ ਜ਼ਰੀਏ ਸਤਲੁਜ 'ਚ ਜਾ ਰਿਹਾ ਹੈ। ਇਨ੍ਹਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹੈ। ਇਸ ਦੇ ਅਫਸਰ ਵੀ ਜੇਬਾਂ ਗਰਮ ਕਰ ਕੇ ਅੱਖਾਂ ਬੰਦ ਕਰ ਕੇ ਬੈਠੇ ਹਨ।
ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਪਾਣੀ ਸਭ ਤੋਂ ਖਤਰਨਾਕ
ਲੁਧਿਆਣਾ 'ਚ ਲਗਭਗ 1200 ਯੂਨਿਟ ਇਲੈਕਟ੍ਰੋਪਲੇਟਿੰਗ ਕਰਦੇ ਹਨ ਜਿਨ੍ਹਾਂ ਦਾ ਹਰ ਮਹੀਨੇ ਲਗਭਗ 2 ਕਰੋੜ ਲੀਟਰ ਪਾਣੀ ਹੈਵੀ ਮੈਟਲ ਨਾਲ ਭਰਿਆ ਹੁੰਦਾ ਹੈ ਜਿਸ ਨੂੰ ਬਿਨਾਂ ਟ੍ਰੀਟ ਕੀਤੇ ਸਤਲੁਜ 'ਚ ਨਹੀਂ ਪਾਇਆ ਜਾ ਸਕਦਾ ਪਰ ਇਸ 'ਚ ਲਗਭਗ 1.25 ਕਰੋੜ ਲੀਟਰ ਪਾਣੀ ਫੋਕਲ ਪੁਆਇੰਟ 'ਚ ਲੱਗੇ ਪਲਾਂਟ ਤਕ ਪਹੁੰਚ ਕੇ ਸਾਫ ਹੋ ਕੇ ਦੁਬਾਰਾ ਇਸਤੇਮਾਲ ਹੋ ਰਿਹਾ ਹੈ ਪਰ ਬਾਕੀ ਦਾ ਪਾਣੀ ਕਿਥੇ ਜਾ ਰਿਹਾ ਹੈ ਇਸ ਦੀ ਜਾਂਚ ਕਰਨ ਦਾ ਸਮਾਂ ਵੀ ਬੋਰਡ ਅਧਿਕਾਰੀਆਂ ਕੋਲ ਨਹੀਂ ਹੈ। ਕੁਝ ਯੂਨਿਟ ਕਥਿਤ ਤੌਰ 'ਤੇ ਨਿਗਮ ਦੇ ਸੀਵਰੇਜ ਨਾਲ ਕੁਨੈਕਸ਼ਨ ਜੋੜ ਕੇ ਬਿਨਾਂ ਟ੍ਰੀਟ ਕੀਤਾ ਜ਼ਹਿਰੀਲਾ ਪਾਣੀ ਸੁੱਟ ਰਹੇ ਹਨ।
ਸੁਖਬੀਰ ਦੇ ਨਿਵੇਸ਼ ਦਾਅਵੇ, 'ਖੋਦਿਆ ਪਹਾੜ ਤੇ ਨਿਕਲਿਆ ਚੂਹਾ ਵੀ ਨਹੀਂ' ਵਰਗੇ
NEXT STORY