ਪਾਇਲ(ਬਿੱਟੂ)-ਕੈਨੇਡਾ ਦੀ ਐੱਨ. ਡੀ. ਪੀ. ਪਾਰਟੀ ਵਲੋਂ ਪੰਜਾਬੀ ਸਿੱਖ ਲੜਕੇ ਜਗਮੀਤ ਸਿੰਘ ਜਿੰਮੀ ਨੂੰ ਪਾਰਟੀ ਦਾ ਮੁੱਖੀ ਚੁਣੇ ਜਾਣ 'ਤੇ ਜਿੰਮੀ ਦੇ ਨਾਨਕਾ ਘਰ ਘੁਡਾਣੀ ਖੁਰਦ ਵਿਖੇ ਖੁਸ਼ੀ ਦਾ ਮਾਹੌਲ ਹੈ। ਇਸ ਸੰਬੰਧੀ ਪਿੰਡ 'ਚ ਪਤਾ ਕੀਤਾ ਤਾਂ ਨੌਜਵਾਨ ਵਰਗ ਨੂੰ ਇਸ ਦਾ ਕੋਈ ਪਤਾ ਨਹਂੀਂ ਸੀ ਪ੍ਰੰਤੂ ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਗੁਆਂਢੀ ਸਰੂਪ ਸਿੰਘ ਦੀ ਇਕ ਲੜਕੀ ਹਰਮੀਤ ਕੌਰ ਬਰਨਾਲਾ ਨੇੜੇ ਪਿੰਡ ਠੀਕਰੀਵਾਲ ਵਿਖੇ ਜਗਤਰਨ ਸਿੰਘ ਧਾਲੀਵਾਲ ਨਾਲ ਵਿਆਹੀ ਹੋਈ ਸੀ ਤੇ ਜਿੰਮੀ ਦੇ ਲਗਭਗ ਪੰਜ ਸਾਲ ਦੇ ਸਮੇਂ 'ਤੇ ਉਹ ਪਰਿਵਾਰ ਸਮੇਤ ਕੈਨੇਡਾ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿੰਮੀ ਸਮੇਤ ਪਰਿਵਾਰ ਦੇ ਦੂਸਰੇ ਮੈਂਬਰਾਂ ਨੇ ਆਪਣੀ ਪੜ੍ਹਾਈ ਕੈਨੇਡਾ 'ਚ ਕੀਤੀ। ਜਿੰਮੀ ਦੇ ਨਾਨਾ ਸਰੂਪ ਸਿੰਘ ਦਾ ਪਰਿਵਾਰ ਵੀ ਕੈਨੇਡਾ ਵਿਖੇ ਹੀ ਰਹਿ ਰਿਹਾ ਹੈ ਅਤੇ ਕੇਵਲ ਇਕ ਪਰਿਵਾਰ ਦਾ ਮੈਂਬਰ ਹੀ ਪਰਿਵਾਰ ਸਮੇਤ ਪਿੰਡ ਘੁਡਾਣੀ ਵਿਖੇ ਰਹਿ ਰਿਹਾ ਹੈ। ਇਸ ਸਬੰਧੀ ਸਰੂਪ ਸਿੰਘ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਜਾਣਕਾਰੀ ਨਾ ਹੋਣ ਦੀ ਪੁਸ਼ਟੀ ਕਰਦਿਆਂ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਜਿੰਮੀ ਦਾ ਪਰਿਵਾਰ ਅੱਜ-ਕੱਲ ਬਰਨਾਲਾ ਵਿਖੇ ਰਹਿ ਰਿਹਾ ਹੈ ਅਤੇ 4 ਅਕਤੂਬਰ ਨੂੰ ਜਿੰਮੀ ਦੇ ਮਾਮਾ ਗੁਰਚਰਨ ਸਿੰਘ ਪਰਿਵਾਰ ਸਮੇਤ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਕੈਨੇਡਾ ਤੋਂ ਆਪਣੇ ਪਿੰਡ ਘੁਡਾਣੀ ਆ ਰਹੇ ਹਨ। ਉਘੇ ਸਮਾਜ ਸੇਵੀ ਇੰਜ. ਜਗਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਜਿੰਮੀ ਦੇ ਪਾਰਟੀ ਮੁਖੀ ਬਣਨ ਨਾਲ ਉਸ ਦੇ ਨਾਨਕੇ ਘਰ ਨੂੰ ਵੀ ਮਾਣ ਹੈ ਅਤੇ ਜੇਕਰ ਉਨ੍ਹਾਂ ਦੇ ਨਗਰ ਦਾ ਭਾਣਜਾ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਇਸ ਤੋਂ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ।
ਟਰੱਕ ਯੂਨੀਅਨ ਦਾ ਸਰਕਾਰ ਵੱਲ ਢਾਈ ਕਰੋੜ ਬਕਾਇਆ
NEXT STORY