ਜਲਾਲਾਬਾਦ,(ਸੇਤੀਆ,ਸੁਮਿਤ)- ਬੀਤੇ ਦਿਨੀਂ ਜਲਾਲਾਬਾਦ ਦੇ ਪਿੰਡ ਭੜੋਲੀ ਵਾਲਾ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ ਦੇ ਸੈਂਪਲ ਲੈਣ ਗਈ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਵਾਸੀਆਂ ਵਲੋਂ ਸਹਿਯੋਗ ਨਹੀਂ ਮਿਲਿਆ। ਇਸ ਦੌਰਾਨ ਸਿਰਫ 5 ਲੋਕਾਂ ਦੇ ਸੈਂਪਲ ਹੋਣ ਤੋਂ ਬਾਅਦ ਬਾਕੀ ਲੋਕ ਘਰਾਂ ਨੂੰ ਤਾਲੇ ਲਗਾ ਕੇ ਚਲੇ ਗਏ। ਜਾਣਕਾਰੀ ਮੁਤਾਬਕ ਪਿੰਡ ਨਾਲ ਸਬੰਧਿਤ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਉਸ ਵਲੋਂ ਆਪਣੇ ਸੰਪਰਕ 'ਚ ਆਏ 31 ਲੋਕਾਂ ਬਾਰੇ ਦੱਸਿਆ ਗਿਆ, ਜਿਨ੍ਹਾਂ ਦੇ ਸੈਂਪਲ ਲਏ ਜਾਣੇ ਸਨ।
ਇਸ ਸਬੰਧੀ ਪਿੰਡ ਦੇ ਸਰਪੰਚ ਤੇ ਲੋਕਾਂ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ ਪਰ ਬੁੱਧਵਾਰ ਨੂੰ ਜੰਡਵਾਲਾ ਨਾਲ ਸਬੰਧਿਤ ਸਿਹਤ ਵਿਭਾਗ ਦੀ ਟੀਮ ਅਮਲੇ ਸਹਿਤ ਪਿੰਡ ਪਹੁੰਚੀ ਪਰ ਜ਼ਿਆਦਾਤਰ ਲੋਕਾਂ ਨੇ ਸੈਂਪਲ ਦੇਣ ਤੋਂ ਨਾ ਕਰ ਦਿੱਤੀ ਅਤੇ ਕਈ ਲੋਕ ਘਰਾਂ ਨੂੰ ਕੁੰਡੇ ਲਗਾ ਕੇ ਚਲੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੰਡਵਾਲਾ ਭੀਮੇਸ਼ਾਹ ਹੈਲਥ ਸੈਂਟਰ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਸ਼ਰਮਾ ਦੀ ਅਗਵਾਈ ਹੇਠ ਗੁਰਮੀਤ ਸਿੰਘ ਤੇ ਪਰਮਜੀਤ ਸਿੰਘ ਟੀਮ ਸਹਿਤ ਸੈਂਪਲ ਲੈਣ ਗਏ ਸਨ। ਜਿੱਥੇ ਸਿਰਫ 5 ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਬਾਕੀ 26 ਲੋਕਾਂ ਦੇ ਸੈਂਪਲ ਬਕਾਇਆ ਹਨ। ਉਨ੍ਹਾਂ ਕਿਹਾ ਕਿ ਸੈਂਪਲਿੰਗ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ ਸੀ ਪਰ ਬੁੱਧਵਾਰ ਨੂੰ ਉਸ ਨੇ ਪਿੰਡ ਤੋਂ ਬਾਹਰ ਹੋਣ ਦੀ ਗੱਲ ਕਹੀ। ਇਸ ਤੋਂ ਇਲਾਵਾ ਉਨ੍ਹਾਂ ਵੈਰੋਕਾ ਥਾਣੇ ਫੋਨ ਕਰਕੇ ਪੁਲਿਸ ਦਾ ਸਹਿਯੋਗ ਮੰਗਿਆ ਸੀ ਪਰ ਪੁਲਸ ਨਹੀਂ ਪਹੁੰਚੀ। ਉਧਰ ਲੋਕਾਂ ਨੇ ਸ਼ੱਕ ਜਾਹਿਰ ਕੀਤਾ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਸਰਕਾਰੀ ਹਸਪਤਾਲਾਂ 'ਚ ਬੁਰਾ ਹਾਲ ਹੁੰਦਾ ਹੈ ਅਤੇ ਨਾ ਹੀ ਉਥੇ ਕਿਸੇ ਦੀ ਪੁੱਛ ਪ੍ਰਤੀਤ ਹੈ। ਇਸ ਲਈ ਉਹ ਸੈਂਪਲ ਕਰਵਾ ਕੇ ਆਪਣੀ ਜਾਨ ਨੂੰ ਜ਼ੋਖਮ 'ਚ ਨਹੀਂ ਪਾਉਣਾ ਚਾਹੁੰਦੇ ਹਨ।ਇਸ ਸਬੰਧੀ ਥਾਣਾ ਵੈਰੋਕਾ ਦੇ ਮੁਖੀ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੱਕ ਢਾਬ ਖੁਸ਼ਹਾਲ 'ਚ ਪੁਲਸ ਦੇ ਸਹਿਯੋਗ ਦੀ ਕਾਲ ਆਈ ਸੀ, ਜਿੱਥੇ ਟੀਮ ਭੇਜ ਦਿੱਤੀ ਗਈ ਸੀ ਪਰ ਪਰ ਭੜੋਲੀਵਾਲਾ ਨਾਲ ਸਬੰਧਤ ਕਾਲ ਨਹੀਂ ਆਈ।
ਪੁਲਸ ਮੁਲਾਜ਼ਮ ਗੁਰਪ੍ਰੀਤ ਸਿੰਘ ਕੋਰੋਨਾ 'ਤੇ ਫ਼ਤਿਹ ਹਾਸਲ ਕਰ ਲੋਕਾਂ ਨੂੰ ਕਰ ਰਿਹੈ ਜਾਗਰੂਕ
NEXT STORY