ਜਲੰਧਰ (ਮ੍ਰਿਦੁਲ) – ਬੀਤੇ ਦਿਨੀਂ ਆਦਮਪੁਰ ਹਲਕੇ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਦੇ ਨਾਲ ਸਦਨ ਵਿਚ ਹੋਈ ਬਹਿਸ ਅਤੇ ਹੱਥੋਪਾਈ ਖਿਲਾਫ ਅਕਾਲੀ ਦਲ ਵਲੋਂ ਸਥਾਨਕ ਹੋਟਲ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਉਨ੍ਹਾਂ ਦੋਸ਼ ਲਾਏ ਗਏ ਕਿ ਸਦਨ ਵਿਚ ਕਾਂਗਰਸੀ ਵਿਧਾਇਕਾਂ ਵਲੋਂ ਜੋ ਵਰਤਾਅ ਕੀਤਾ ਗਿਆ, ਉਹ ਬਿਲਕੁਲ ਗਲਤ ਹੈ। ਜਿਸ ਤਰ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਚੁਣਿਆ ਹੈ, ਉਸੇ ਤਰ੍ਹਾਂ ਹੋਰ ਪਾਰਟੀ ਦੇ ਵਿਧਾਇਕਾਂ ਨੂੰ ਚੁਣਿਆ ਹੈ। ਜਦੋਂ ਵਿਰੋਧੀ ਧਿਰ ਵਲੋਂ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨਾਲ ਇਸ ਤਰ੍ਹਾਂ ਹੱਥੋਪਾਈ ਹੋ ਜਾਣਾ ਅਤੇ ਗਾਲੀ-ਗਲੋਚ ਕਰਨਾ ਬਿਲਕੁਲ ਗਲਤ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਖੋਖਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਆਮ ਜਨਤਾ, ਕਿਸਾਨਾਂ, ਦਲਿਤਾਂ, ਨੌਜਵਾਨਾਂ ਅਤੇ ਛੋਟੇ ਵਪਾਰੀਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ।
ਉਨ੍ਹਾਂ ਬਜਟ ਨੂੰ ਚੋਣ ਮੈਨੀਫੈਸਟੋ ਵਰਗਾ ਦੱਸਦਿਆਂ ਕਿਹਾ ਕਿ ਬਜਟ ਵਿਚ ਸਿਰਫ ਵਾਅਦੇ ਹੀ ਕੀਤੇ ਗਏ ਹਨ। ਇਸ ਬਜਟ ਨੂੰ ਉਨ੍ਹਾਂ 420 ਡਾਕੂਮੈਂਟਰੀ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 3 ਸਾਲਾ ਤੋਂ ਜੋ ਪ੍ਰਾਜੈਕਟ ਜਾਂ ਸੰਸਥਾਵਾਂ ਬਣਾਉਣ ਲਈ ਐਲਾਨ ਕੀਤਾ ਗਿਆ, ਉਨ੍ਹਾਂ ਵਿਚ ਸਿਰਫ ਹਵਾਈ ਇੱਟਾਂ ਹੀ ਲੱਗੀਆਂ ਹਨ। ਨੌਜਵਾਨਾਂ ਨੂੰ ਨੌਕਰੀ ਦੇਣ ਅਤੇ 10 ਲੱਖ ਰੁਪਏ ਦੇਣ ਦੇ ਨਾਂ ’ਤੇ ਧੋਖਾਦੇਹੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਵਲੋਂ ਦਲਿਤ ਵਿਦਿਆਰਥੀਆਂ ਲਈ ਪਿਛਲੇ 3 ਸਾਲਾਂ ਤੋਂ ਬਜਟ ’ਚ ਰੱਖੇ ਗਏ 2500 ਕਰੋੜ ਰੁਪਏ ਬਾਰੇ ਪੁੱਛਿਆ ਤਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਾਰੇ ਸਵਾਲਾਂ ਨੂੰ ਟਾਲਦੇ ਰਹੇ। ਬਜਟ ਬਹਿਸ ਵਿਚ ਜਵਾਬ ਦਿੰਦੇ ਸਮੇਂ ਵਿੱਤ ਮੰਤਰੀ ਬਾਦਲ ਵਲੋਂ ਵਿਧਾਇਕਾਂ ਨੂੰ ਖੁਸ਼ ਕੀਤਾ ਗਿਆ ਪਰ ਗਰੀਬ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਸਕਾਲਰਸ਼ਿਪ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਉਲਟਾ ਮਨਪ੍ਰੀਤ ਬਾਦਲ ਨੇ ਤੈਸ਼ ਵਿਚ ਆ ਕੇ ਵਿਧਾਨ ਸਭਾ ਦੀ ਮਰਿਆਦਾ ਨੂੰ ਭੁੱਲਦਿਆਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਦੀ ਸ਼ਿਕਾਇਤ ਅਕਾਲੀ-ਭਾਜਪਾ ਦੇ ਵਿਧਾਇਕਾਂ ਨੇ ਮਾਣਯੋਗ ਸਪੀਕਰ ਨੂੰ ਦਿੱਤੀ।
ਉਨ੍ਹਾਂ ਮੰਗ ਕੀਤੀ ਹੈ ਕਿ ਵਿਧਾਨ ਸਭਾ ਦੇ ਅੰਦਰ ਸਾਰੀ ਆਡੀਓ ਤੇ ਵੀਡੀਓ ਸੀਲ ਕੀਤੀ ਜਾਵੇ ਅਤੇ ਇਕ ਸਾਂਝੀ ਕਮੇਟੀ ਬਣਾਈ ਜਾਵੇ ਅਤੇ ਮਨਪ੍ਰੀਤ ਬਾਦਲ ਤੇ ਕਾਂਗਰਸੀ ਵਿਧਾਇਕਾਂ ਵਲੋਂ ਵਿਧਾਨ ਸਭਾ ਵਿਚ ਹੋਈ ਗੁੰਡਾਗਰਦੀ ਦੀ ਜਾਂਚ ਕਰਵਾਈ ਜਾਵੇ। ਪੱਤਰਕਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੱਖਾਂ ਦਲਿਤ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਦਾਖਲਾ ਨਹੀਂ ਮਿਲ ਰਿਹਾ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਰੋਲ ਨੰਬਰ ਵੀ ਨਹੀਂ ਦਿੱਤੇ ਜਾਂਦੇ, ਡਿਗਰੀਆਂ ਨਹੀਂ ਮਿਲੀਆਂ, ਪੋਸਟਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਨਹੀਂ ਮਿਲਿਆ, ਜਿਸ ਲਈ ਮਨਪ੍ਰੀਤ ਬਾਦਲ ਜ਼ਿੰਮੇਵਾਰ ਹਨ। ਪਵਨ ਟੀਨੂੰ ਨੇ ਕਿਹਾ ਕਿ ਦਲਿਤ ਵਿਦਿਆਰਥੀ ਕਾਂਗਰਸ ਦੇ ਰਾਜ ਵਿਚ ਬੇਰੋਜ਼ਗਾਰੀ ਦਾ ਸ਼ਿਕਾਰ ਹੋਏ, ਜਿਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਕੁਲਵੰਤ ਸਿੰਘ ਮੰਨਣ, ਬਲਜੀਤ ਸਿੰਘ ਨੀਲਾਮਹਿਲ, ਕਮਲਜੀਤ ਸਿੰਘ ਭਾਟੀਆ, ਸੇਠ ਸਤਪਾਲ ਮੱਲ, ਸੁਰੇਸ਼ ਸਹਿਗਲ, ਪਰਮਜੀਤ ਸਿੰਘ ਰੇਰੂ, ਸੁਭਾਸ਼ ਸੋਂਧੀ, ਹੰਸਰਾਜ ਰਾਣਾ ਆਦਿ ਮੌਜੂਦ ਸਨ।
ਹੜਤਾਲ 'ਤੇ ਜਾਂਦਿਆਂ ਹੀ ਮੀਟਰ ਰੀਡਰਾਂ ਦੇ ਖਾਤੇ 'ਚ ਪਈ 1 ਮਹੀਨੇ ਦੀ ਤਨਖਾਹ
NEXT STORY