ਜਲੰਧਰ (ਪੁਨੀਤ) : ਪਾਵਰ ਨਿਗਮ 'ਚ ਪ੍ਰਾਈਵੇਟ ਕੰਪਨੀ ਦੇ ਜ਼ਰੀਏ ਠੇਕੇ 'ਤੇ ਕੰਮ ਕਰ ਰਹੇ ਮੀਡਰ ਰੀਡਰ 4 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੋਂ ਨਾਰਾਜ਼ ਹੋ ਕੇ ਅੱਜ ਸਟ੍ਰਾਈਕ 'ਤੇ ਚਲੇ ਗਏ ਅਤੇ ਮੀਟਰਾਂ ਦੀ ਰੀਡਿੰਗ ਕਰਨ ਅਤੇ ਬਿਜਲੀ ਬਿੱਲ ਬਣਾਉਣ ਦੇ ਕੰਮ ਨੂੰ ਠੱਪ ਕਰ ਦਿੱਤਾ। ਇਸ ਸਟ੍ਰਾਈਕ ਨੂੰ ਅਧਿਕਾਰੀਆਂ ਨੇ ਗੰਭੀਰਤਾ ਨਾਲ ਲਿਆ ਅਤੇ ਪ੍ਰਾਈਵੇਟ ਕੰਪਨੀ ਨੇ ਆਪਣੇ ਠੇਕਾ ਕਰਮਚਾਰੀਆਂ ਦੇ ਖਾਤੇ ਵਿਚ 1 ਮਹੀਨੇ ਦੀ ਤਨਖਾਹ ਪੁਆ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਮਾਮਲਾ ਅਜੇ ਵੀ ਸੁਲਝਿਆ ਨਹੀਂ ਹੈ। ਮੀਟਰ ਰੀਡਰ ਯੂਨੀਅਨ ਨੇ 1 ਮਹੀਨੇ ਦੀ ਤਨਖਾਹ ਦੇਣ ਨੂੰ ਲਾਲੀਪਾਪ ਫੜਾਉਣ ਜਿਹਾ ਕਰਾਰ ਦਿੰਦਿਆਂ ਕਿਹਾ ਕਿ ਇਸ ਸਬੰਧ ਵਿਚ ਉਹ ਸ਼ੁੱਕਰਵਾਰ ਨੂੰ ਚੀਫ ਇੰਜੀਨੀਅਰ ਨਾਲ ਮੁਲਾਕਾਤ ਕਰ ਕੇ ਪੂਰਾ ਮਾਮਲਾ ਦੱਸਣਗੇ।
ਮੀਟਰ ਰੀਡਰ ਯੂਨੀਅਨ ਪੰਜਾਬ ਦੇ ਬੈਨਰ ਹੇਠ ਦਰਜਨਾਂ ਕੱਚੇ ਮੀਟਰ ਰੀਡਰ ਵੀਰਵਾਰ ਪ੍ਰਤਾਪ ਬਾਗ ਵਿਚ ਇਕੱਠੇ ਹੋਏ ਅਤੇ ਪ੍ਰਾਈਵੇਟ ਕੰਪਨੀ 'ਤੇ ਤਨਖਾਹ ਨਾ ਦੇਣ ਸਣੇ ਕਈ ਤਰ੍ਹਾਂ ਦੀਆਂ ਸਹੂਲਤਾਂ ਨਾ ਦੇਣ ਦਾ ਦੋਸ਼ ਲਾਇਆ। ਮੀਟਿੰਗ 'ਚ ਸਟ੍ਰਾਈਕ ਕਰਨ ਦਾ ਫੈਸਲਾ ਹੋਇਆ, ਜਿਸ ਨੂੰ ਸਾਰਿਆਂ ਨੇ ਸਮਰਥਨ ਦਿੱਤਾ। ਯੂਨੀਅਨ ਨੇ ਕਿਹਾ ਕਿ ਉਹ ਤਨਖਾਹ ਮਿਲਣ ਤੋਂ ਬਾਅਦ ਹੀ ਅਗਲਾ ਫੈਸਲਾ ਕਰਨਗੇ ਕਿਉਂਕਿ ਆਰਥਿਕ ਮੰਦੀ ਵਿਚ ਉਨ੍ਹਾਂ ਦਾ ਕੰਮ ਕਰਨਾ ਹੁਣ ਸੰਭਵ ਨਹੀਂ ਰਿਹਾ। ਮੀਟਿੰਗ ਵਿਚ ਸੁਭਾਸ਼ ਕੁਮਾਰ, ਪਰਮਜੀਤ ਸਿੰਘ, ਮੋਹਿਤ ਸ਼ਰਮਾ, ਵਿਪਨ, ਸਾਜਨ, ਰਾਕੇਸ਼, ਯਾਦਵਿੰਦਰ, ਅਜੇ, ਅਵਤਾਰ, ਜਸਪਾਲ ਸਿੰਘ, ਦਿਨੇਸ਼, ਅਵਤਾਰ ਸਿੰਘ, ਪਰਵੇਸ਼, ਸਾਹਿਬ, ਸੰਜੀਵ ਸਣੇ ਵੱਡੀ ਗਿਣਤੀ ਵਿਚ ਮੀਟਰ ਰੀਡਰ ਸ਼ਾਮਲ ਹੋਏ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਮੀਟਰ ਰੀਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਇਸ ਦੇ ਨਾਲ-ਨਾਲ ਮੈਡੀਕਲ, ਪੀ. ਐੱਫ. ਜਿਹੀਆਂ ਸਹੂਲਤਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ। ਇਸ ਸਬੰਧ ਵਿਚ ਕਈ ਵਾਰ ਪ੍ਰਾਈਵੇਟ ਕੰਪਨੀ ਨਾਲ ਗੱਲ ਕਰਨ ਦੇ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਮੀਟਰ ਰੀਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਤਨਖਾਹ ਦਿੱਤੀ ਜਾ ਰਹੀ ਹੈ, ਉਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੋਣਾ ਸੰਭਵ ਨਹੀਂ, ਤਨਖਾਹ ਵਧਾਉਣ ਨੂੰ ਲੈ ਕੇ ਕਈ ਵਾਰ ਕਿਹਾ ਜਾ ਚੁੱਕਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਪਾਵਰ ਨਿਗਮ ਦੇ ਪੱਕੇ ਰੀਡਰਾਂ ਵਾਂਗ ਹੀ ਕੰਮ ਕਰਦੇ ਹਨ ਪਰ ਉਨ੍ਹਾਂ ਨੂੰ ਮਾਮੂਲੀ ਤਨਖਾਹ ਦੇ ਕੇ ਪੂਰਾ ਕੰਮ ਲਿਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਰਾਬਰ ਕੰਮ, ਬਰਾਬਰ ਤਨਖਾਹ ਦਿੱਤੀ ਜਾਵੇ। ਇਸ ਸਬੰਧ ਵਿਚ ਉਹ ਚੀਫ ਇੰਜੀਨੀਅਰ ਗੋਪਾਲ ਸ਼ਰਮਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਉਣਗੇ ਤਾਂ ਜੋ ਉਨ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਨਿਕਲ ਸਕੇ। ਉਥੇ ਇਸ ਸਬੰਧ ਵਿਚ ਪ੍ਰਾਈਵੇਟ ਕੰਪਨੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਪਾਵਰ ਨਿਗਮ ਵਿਚ ਸਿਰਫ 90 ਪੱਕੇ ਮੀਟਰ ਰੀਡਰ
ਪਾਵਰ ਨਿਗਮ ਵਿਚ 2500 ਦੇ ਕਰੀਬ ਮੀਡਰ ਰੀਡਰਾਂ ਦੀ ਲੋੜ ਹੈ, ਜਦੋਂਕਿ ਵਿਭਾਗ ਦੇ ਕੋਲ ਸਿਰਫ 90 ਦੇ ਕਰੀਬ ਹੀ ਪੱਕੇ ਮੀਟਰ ਰੀਡਰ ਹਨ, ਜਿਸ ਕਾਰਣ ਵਿਭਾਗ ਨੂੰ ਪ੍ਰਾਈਵੇਟ ਕਰਮਚਾਰੀਆਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ। ਜੋ ਪੱਕੇ ਕਰਮਚਾਰੀ ਹਨ ਉਹ ਵੀ ਸਮੇਂ-ਸਮੇਂ 'ਤੇ ਰਿਟਾਇਰ ਹੋ ਰਹੇ ਹਨ ਤੇ ਵਿਭਾਗ ਵਿਚ ਪੱਕੇ ਕਰਮਚਾਰੀਆਂ ਦੀ ਗਿਣਤੀ ਸਮੇਂ-ਸਮੇਂ 'ਤੇ ਘੱਟ ਹੁੰਦੀ ਜਾ ਰਹੀ ਹੈ। ਪੰਜਾਬ ਵਿਚ ਪਾਵਰ ਨਿਗਮ ਦੇ 5 ਜ਼ੋਨ ਹਨ, ਜਿਨ੍ਹਾਂ ਵਿਚ ਨਾਰਥ, ਸਾਊਥ, ਵੈਸਟ, ਸੈਂਟਰ ਅਤੇ ਬਾਰਡਰ ਜ਼ੋਨ ਸ਼ਾਮਲ ਹਨ। ਇਨ੍ਹਾਂ 5 ਜ਼ੋਨਾਂ ਦੇ ਤਹਿਤ 20 ਸਰਕਲ ਹਨ ਅਤੇ ਹਰੇਕ ਸਰਕਲ ਦੇ ਤਹਿਤ 5-6 ਡਵੀਜ਼ਨਾਂ ਆਉਂਦੀਆਂ ਹਨ, ਇਸ ਹਿਸਾਬ ਨਾਲ ਮੌਜੂਦਾ ਸਮੇਂ ਵਿਚ ਪੰਜਾਬ ਵਿਚ ਕਰੀਬ 550 ਸਬ-ਡਵੀਜ਼ਨਾਂ ਹਨ। ਹਰੇਕ ਸਬ-ਡਵੀਜ਼ਨ ਵਿਚ ਘੱਟੋ-ਘੱਟ 5 ਦੇ ਕਰੀਬ ਮੀਟਰ ਰੀਡਰ ਚਾਹੀਦੇ ਹਨ, ਇਸ ਹਿਸਾਬ ਨਾਲ 2500 ਮੀਟਰ ਰੀਡਰ ਬਣਦੇ ਹਨ ਪਰ ਵਿਭਾਗ ਕੋਲ ਸਿਰਫ 90 ਦੇ ਕਰੀਬ ਮੀਟਰ ਰੀਡਰ ਹਨ।
ਪ੍ਰਾਈਵੇਟ ਕੰਪਨੀ ਨੇ ਤਨਖਾਹ ਪਾਈ, ਹਰ ਮਸਲਾ ਹੱਲ ਕਰਾਂਗੇ : ਚੀਫ ਇੰਜੀਨੀਅਰ
ਚੀਫ ਇੰਜੀਨੀਅਰ ਗੋਪਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸਟ੍ਰਾਈਕ ਬਾਰੇ ਪਤਾ ਲੱਗਾ ਤਾਂ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਸ਼੍ਰੀ ਮਿਸ਼ਰਾ ਨਾਲ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀ ਵਲੋਂ ਤਨਖਾਹ ਪਾਉਣ ਦੀ ਗੱਲ ਕਹੀ ਗਈ ਹੈ। ਸਟ੍ਰਾਈਕ ਜਿਹੀ ਕੋਈ ਗੱਲ ਨਹੀਂ ਹੈ, ਰੁਟੀਨ ਵਾਂਗ ਬਿੱਲ ਬਣਾਉਣ ਦਾ ਪ੍ਰਾਈਵੇਟ ਕੰਪਨੀ ਨੇ ਵਿਸ਼ਵਾਸ ਦਿੱਤਾ ਹੈ। ਇੰਜੀ. ਸ਼ਰਮਾ ਨੇ ਕਿਹਾ ਕਿ ਜੇਕਰ ਪ੍ਰਾਈਵੇਟ ਮੀਟਰ ਰੀਡਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਇਸ ਸਬੰਧ ਵਿਚ ਉਨ੍ਹਾਂ ਨਾਲ ਗੱਲ ਕਰਨ, ਉਨ੍ਹਾਂ ਦੇ ਹਰ ਮਸਲੇ ਨੂੰ ਹੱਲ ਕਰਵਾਇਆ ਜਾਵੇਗਾ। ਸ਼ਰਮਾ ਨੇ ਕਿਹਾ ਕਿ ਬਿਜਲੀ ਬਿੱਲ ਬਣਾਉਣ ਦਾ ਕੰਮ ਰੈਵੇਨਿਊ ਨਾਲ ਸਬੰਧਤ ਹੈ, ਇਸ ਨੂੰ ਕਿਸੇ ਹਾਲਤ ਵਿਚ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਸਬੰਧਤ ਅਧਿਕਾਰੀਆਂ ਨੂੰ ਪੂਰੀ ਸਥਿਤੀ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
ਕੈਪਟਨ ਵਲੋਂ ਅਮੀਰ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਮਹਾਨ ਸ਼ਖਸੀਅਤਾਂ ਦੇ ਬੁੱਤ ਲਾਉਣ ਦੀ ਪ੍ਰਵਾਨਗੀ
NEXT STORY