ਜਲੰਧਰ (ਪੁਨੀਤ, ਸੋਨੂੰ)– ਪਨਬੱਸ ਅਤੇ ਪੀ. ਆਰ. ਟੀ. ਸੀ. ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਦੇ ਦੂਜੇ ਦਿਨ ਯਾਤਰੀਆਂ ਦੀ ਪਰੇਸ਼ਾਨੀ ਦਾ ਹੱਲ ਨਹੀਂ ਨਿਕਲ ਸਕਿਆ ਅਤੇ ਉਨ੍ਹਾਂ ਨੂੰ ਆਪਣੇ ਰੂਟ ਦੀਆਂ ਬੱਸਾਂ ਲੈਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰਾਂਸਪੋਰਟ ਮਹਿਕਮੇ ਵੱਲੋਂ ਬੱਸਾਂ ਦੀ ਆਵਾਜਾਈ ਕਰਵਾਉਣ ਲਈ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਨਵੇਂ ਸਟਾਫ਼ ਨੂੰ ਬੁਲਾਇਆ ਗਿਆ ਪਰ ਹੜਤਾਲੀ ਕਰਮਚਾਰੀਆਂ ਵੱਲੋਂ ਨਵੇਂ ਡਰਾਈਵਰਾਂ ਨੂੰ ਬੱਸਾਂ ਚਲਾਉਣ ਤੋਂ ਰੋਕ ਦਿੱਤਾ ਗਿਆ। ਇਸ ਕਾਰਨ ਜਲੰਧਰ ਦੇ ਡਿਪੂ-1 ਵਿਚ ਤਣਾਅਪੂਰਨ ਹਾਲਾਤ ਬਣ ਗਏ ਅਤੇ ਭਾਰੀ ਪੁਲਸ ਬਲ ਤਾਇਨਾਤ ਕਰਨਾ ਪਿਆ। ਰੋਡਵੇਜ਼ ਅਧਿਕਾਰੀਆਂ ਨੇ ਨਵੇਂ ਸਟਾਫ਼ ਤੋਂ ਬੱਸਾਂ ਚਲਵਾਉਣ ਲਈ ਕਾਫ਼ੀ ਯਤਨ ਕੀਤੇ ਪਰ ਯੂਨੀਅਨ ਨਹੀਂ ਮੰਨੀ। ਪੁਲਸ ਵੱਲੋਂ ਵੀ ਕਰਮਚਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਰੋਡਵੇਜ਼ ਅਧਿਕਾਰੀਆਂ ਅਤੇ ਯੂਨੀਅਨ ਮੈਂਬਰਾਂ ਵਿਚ ਤੂੰ-ਤੂੰ, ਮੈਂ-ਮੈਂ ਵੀ ਹੋਈ ਅਤੇ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ। ਰਾਤ ਨੂੰ ਨਵੇਂ ਡਰਾਈਵਰਾਂ ਵੱਲੋਂ ਡਿਪੂ ਵਿਚੋਂ ਬੱਸਾਂ ਕੱਢਣ ਦੀ ਸੂਚਨਾ ਦੇ ਆਧਾਰ ’ਤੇ ਯੂਨੀਅਨ ਵੱਲੋਂ ਪੰਜਾਬ ਦੇ ਲਗਭਗ ਸਾਰੇ ਡਿਪੂਆਂ ਸਾਹਮਣੇ ‘ਨਾਈਟ ਧਰਨਾ’ ਦਿੱਤਾ ਗਿਆ।
ਹੜਤਾਲ ਕਾਰਨ 2100 ਤੋਂ ਜ਼ਿਆਦਾ ਬੱਸਾਂ ਦਾ ਚੱਕਾ ਜਾਮ ਹੈ ਅਤੇ ਸਿਰਫ਼ 500 ਦੇ ਲਗਭਗ ਬੱਸਾਂ ਦੀ ਆਵਾਜਾਈ ਹੋ ਰਹੀ ਹੈ। ਜ਼ਿਆਦਾਤਰ ਰੂਟਾਂ ’ਤੇ ਬੱਸਾਂ ਦੀ ਬੇਹੱਦ ਘੱਟ ਆਵਾਜਾਈ ਕਾਰਨ ਯਾਤਰੀਆਂ ਦੀਆਂ ਪਰੇਸ਼ਾਨੀਆਂ ਵਧ ਰਹੀਆਂ ਹਨ। ਜੋ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਵਿਚ ਵੀ ਬੈਠਣ ਲਈ ਆਸਾਨੀ ਨਾਲ ਸੀਟ ਨਹੀਂ ਮਿਲ ਰਹੀ। ਸੋਮਵਾਰ ਰਾਤ 12 ਵਜੇ ਤੋਂ ਸ਼ੁਰੂ ਹੋਈ ਹੜਤਾਲ ਕਾਰਨ ਹਾਲੇ ਤੱਕ ਸਰਕਾਰੀ ਬੱਸਾਂ ਦੇ ਕਾਊਂਟਰਾਂ ਤੋਂ ਚੱਲਣ ਦੇ 7500 ਤੋਂ ਜ਼ਿਆਦਾ ਟਾਈਮ ਮਿਸ ਹੋ ਚੁੱਕੇ ਹਨ। ਇਸ ਕਾਰਨ ਮਹਿਕਮੇ ਨੂੰ 5.50 ਕਰੋੜ ਤੋਂ ਜ਼ਿਆਦਾ ਦਾ ਟਰਾਂਜੈਕਸ਼ਨ ਲਾਸ ਹੋ ਚੁੱਕਾ ਹੈ। ਪੱਕਾ ਕਰਨ ਦੀ ਮੰਗ ਨੂੰ ਲੈ ਕੇ 6000 ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਇਸ ਹੜਤਾਲ ਨੂੰ ਖ਼ਤਮ ਕਰਵਾਉਣਾ ਮਹਿਕਮੇ ਲਈ ਕਾਫ਼ੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਕਰਮਚਾਰੀ ਲਿਖ਼ਤੀ ਰੂਪ ਵਿਚ ਨੋਟੀਫਿਕੇਸ਼ਨ ਦੀ ਮੰਗ ਕਰ ਰਹੇ ਹਨ।
ਬੁੱਧਵਾਰ ਬੱਸਾਂ ਚਲਾਉਣ ਲਈ ਬੁਲਾਏ ਗਏ ਨਵੇਂ ਸਟਾਫ਼ ਦਾ ਵਿਰੋਧ ਸ਼ੁਰੂ ਹੁੰਦੇ ਹੀ ਅਧਿਕਾਰੀਆਂ ਵੱਲੋਂ ਯੂਨੀਅਨ ਮੈਂਬਰਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ। ਸਥਾਨਕ ਨੇਤਾਵਾਂ ਨੇ ਇਸ ਬਾਰੇ ਸਟੇਟ ਬਾਡੀ ਨੂੰ ਸੂਚਿਤ ਕੀਤਾ। ਉਪਰੰਤ ਬਟਾਲਾ ਤੋਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਜਲੰਧਰ ਪਹੁੰਚ ਕੇ ਡਿਪੂ-1 ਦੇ ਜੀ. ਐੱਮ. ਜਗਰਾਜ ਸਿੰਘ ਅਤੇ ਡਿਪੂ-2 ਦੇ ਜੀ. ਐੱਮ. ਰਿਸ਼ੀ ਸ਼ਰਮਾ ਨਾਲ ਮੁਲਾਕਾਤ ਕੀਤੀ। ਯੂਨੀਅਨ ਨੇਤਾਵਾਂ ਨੇ ਕਿਹਾ ਕਿ ਅਸੀਂ ਪੰਜਾਬ ਰੋਡਵੇਜ਼ ਦੇ ਪੱਕੇ ਕਰਮਚਾਰੀਆਂ ਵੱਲੋਂ ਬੱਸਾਂ ਚਲਾਉਣ ਦਾ ਵਿਰੋਧ ਨਹੀਂ ਕਰ ਰਹੇ ਪਰ ਨਵੇਂ ਸਟਾਫ ਤੋਂ ਬੱਸਾਂ ਚਲਵਾਉਣਾ ਬੇਹੱਦ ਗਲਤ ਹੈ। ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਡਿਪੂ-2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ ਤੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਨਵੇਂ ਡਰਾਈਵਰਾਂ ਨੂੰ ਬੱਸਾਂ ਚਲਾਉਣ ਦਾ ਤਜਰਬਾ ਨਹੀਂ ਹੈ ਅਤੇ ਉਕਤ ਨਵੇਂ ਸਟਾਫ਼ ਵੱਲੋਂ ਟਰੇਨਿੰਗ ਵੀ ਨਹੀਂ ਲਈ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਬਰਥ ਡੇਅ ਪਾਰਟੀ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ ਤੇ ਸਾੜੇ ਮੋਟਰਸਾਈਕਲ
ਸਵੇਰੇ ਹੜਤਾਲ ਦੌਰਾਨ ਕਰਮਚਾਰੀਆਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ ਗਈ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਗੁਰਪ੍ਰਕਾਰ ਸਿੰਘ, ਚਾਨਣ ਸਿੰਘ, ਵਿਕਰਮਜੀਤ ਸਿੰਘ, ਭੁਪਿੰਦਰ ਸਿੰਘ ਫੌਜੀ, ਜਸਵੀਰ ਸਿੰਘ, ਮਲਕੀਤ ਸਿੰਘ ਸਮੇਤ ਸੀਨੀਅਰ ਨੇਤਾ ਸ਼ਾਮਲ ਸਨ। ਹੜਤਾਲ ਦੌਰਾਨ ਬੱਸ ਅੱਡੇ ਵਿਚ ਯਾਤਰੀਆਂ ਨੂੰ ਖਾਲੀ ਕਾਊਂਟਰਾਂ ਦੇ ਸਾਹਮਣੇ ਲੰਮੇ ਸਮੇਂ ਤੱਕ ਉਡੀਕ ਕਰਦਿਆਂ ਵੇਖਿਆ ਗਿਆ। ਉਥੇ ਹੀ ਪੀ. ਏ. ਪੀ., ਰਾਮਾ ਮੰਡੀ ਅਤੇ ਹੋਰ ਸਥਾਨਾਂ ’ਤੇ ਯਾਤਰੀਆਂ ਦਾ ਜਮਾਵੜਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: ਵਿਰਾਸਤ-ਏ-ਖਾਲਸਾ ਪੁੱਜੇ CM ਚੰਨੀ ਨੇ ਕਈ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ, ਕੀਤੇ ਵੱਡੇ ਐਲਾਨ
ਅੱਜ ਕੈਬਨਿਟ ਦੀ ਬੈਠਕ ’ਚ ਨਤੀਜਾ ਨਾ ਨਿਕਲਿਆ ਤਾਂ ਸੀ. ਐੱਮ. ਰਿਹਾਇਸ਼ ਦਾ ਕਰਾਂਗੇ ਘਿਰਾਓ
ਪੰਜਾਬ ਦੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਅਤੇ ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 9 ਦਸੰਬਰ ਨੂੰ ਕੈਬਨਿਟ ਦੀ ਬੈਠਕ ਹੋਣ ਵਾਲੀ ਹੈ। ਇਸ ਦੌਰਾਨ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਪ੍ਰਸਤਾਵ ’ਤੇ ਜੇਕਰ ਮੋਹਰ ਨਾ ਲਗਾਈ ਗਈ ਤਾਂ ਉਹ ਸੀ. ਐੱਮ. ਰਿਹਾਇਸ਼ ਦਾ ਘਿਰਾਓ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲਵ ਮੈਰਿਜ ਕਰਵਾਉਣ ਮਗਰੋਂ ਵੇਚਣੇ ਪਏ ਸਨ ਗਹਿਣੇ ਤੇ ਫੋਨ, ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਜੋੜਾ (ਵੀਡੀਓ)
NEXT STORY