ਜਲੰਧਰ : ਜਲੰਧਰ ਜ਼ਿਲ੍ਹੇ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਪਰ ਜ਼ਿਮਨੀ ਚੋਣ ਦੇ ਨਤੀਜਿਆਂ ਦੌਰਾਨ ਅੱਜ ਕਾਂਗਰਸ ਲਈ ਆਪਣਾ ਗੜ੍ਹ ਬਚਾਉਣਾ ਔਖਾ ਹੋ ਗਿਆ ਅਤੇ ਇੱਥੇ ਆਮ ਆਦਮੀ ਪਾਰਟੀ ਜਿੱਤ ਗਈ। ਕਾਂਗਰਸ ਲਗਾਤਾਰ ਇਸ ਸੀਟ 'ਤੇ 5 ਵਾਰ ਤੋਂ ਜਿੱਤਦੀ ਆ ਰਹੀ ਸੀ, ਇਸ ਦੇ ਬਾਵਜੂਦ ਵੀ ਅੱਜ ਪਾਰਟੀ ਇਹ ਸੀਟ ਹਾਰ ਗਈ। ਇਸ ਸੀਟ ਤੋਂ ਕਾਂਗਰਸ ਵੱਲੋਂ ਸਵ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜੋ ਦੂਜੇ ਨੰਬਰ 'ਤੇ ਰਹੇ ਹਨ। ਜਲੰਧਰ ਕਾਂਗਰਸ ਦੀ ਰਵਾਇਤੀ ਸੀਟ ਰਹੀ ਹੈ ਅਤੇ ਇਸ ਸੀਟ 'ਤੇ ਕਾਂਗਰਸ ਦੀ ਹਾਰ ਦੇ ਕਈ ਮੁੱਖ ਫੈਕਟਰ ਹਨ, ਆਓ ਇਨ੍ਹਾਂ 'ਤੇ ਇਕ ਝਾਤ ਪਾਉਂਦੇ ਹਾਂ-
ਇਹ ਵੀ ਪੜ੍ਹੋ : ਜਲੰਧਰ 'ਚ ਜਿੱਤ ਵੱਲ ਵੱਧ ਰਹੀ AAP, ਕੇਜਰੀਵਾਲ ਨੂੰ ਮਿਲਣ ਪੁੱਜੇ CM ਭਗਵੰਤ ਮਾਨ
ਸਾਬਕਾ CM ਚੰਨੀ ਨੂੰ ਨਹੀਂ ਮਿਲੀ ਟਿਕਟ
ਜਲੰਧਰ ਸੀਟ ਤੋਂ ਸੰਤੋਖ ਸਿੰਘ ਚੌਧਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਮਗਰੋਂ ਇਹ ਸੀਟ ਖ਼ਾਲੀ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਟਿਕਟਾਂ ਦੀ ਦੌੜ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਚਰਚਾ 'ਚ ਆਇਆ ਸੀ ਪਰ ਇੱਥੋਂ ਚੰਨੀ ਨੂੰ ਟਿਕਟ ਨਾ ਦਿੰਦੇ ਹੋਏ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦੇ ਦਿੱਤੀ ਗਈ। ਇਹ ਵੀ ਚਰਚਾ ਸਾਹਮਣੇ ਆਈ ਸੀ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੌਧਰੀ ਪਰਿਵਾਰ ਦੇ ਮੈਂਬਰ ਨੂੰ ਟਿਕਟ ਦੇਣ ਦੀ ਗੱਲ ਹਾਈਕਮਾਨ ਅੱਗੇ ਰੱਖੀ ਗਈ ਸੀ, ਜਿਸ ਤੋਂ ਬਾਅਦ ਕਰਮਜੀਤ ਕੌਰ ਨੂੰ ਇਸ ਸੀਟ 'ਤੇ ਉਮੀਦਵਾਰ ਬਣਾਇਆ ਗਿਆ।
ਕੋਈ ਕੇਂਦਰੀ ਮੰਤਰੀ ਪ੍ਰਚਾਰ ਕਰਨ ਨਹੀਂ ਪੁੱਜਾ
ਇਹ ਵੀ ਦੱਸ ਦੇਈਏ ਕਿ ਜਿੱਥੇ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਨੇ ਇਸ ਸੀਟ 'ਤੇ ਜਿੱਤ ਹਾਸਲ ਕਰਨ ਲਈ ਪੂਰੀ ਤਾਕਤ ਝੋਕ ਦਿੱਤੀ ਸੀ, ਉੱਥੇ ਹੀ ਕਾਂਗਰਸ ਵੱਲੋਂ ਕੋਈ ਵੀਂ ਕੇਂਦਰੀ ਮੰਤਰੀ ਇਸ ਸੀਟ 'ਤੇ ਪ੍ਰਚਾਰ ਕਰਨ ਨਹੀਂ ਆਇਆ ਅਤੇ ਉਮੀਦਵਾਰ ਨੂੰ ਕੇਂਦਰੀ ਕਾਂਗਰਸੀ ਆਗੂਆਂ ਦਾ ਸਾਥ ਨਹੀਂ ਮਿਲਿਆ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਮਿਲੀ ਵੱਡੀ ਲੀਡ, 60 ਹਜ਼ਾਰ ਦੇ ਕਰੀਬ ਵੋਟਾਂ ਨਾਲ ਅੱਗੇ
ਕਰਨਾਟਕ ਚੋਣਾਂ 'ਚ ਰੁੱਝੀ ਰਹੀ ਹਾਈਕਮਾਨ
ਜਲੰਧਰ ਲੋਕ ਸਭਾ ਸੀਟ 'ਤੇ ਕਾਂਗਰਸ ਦੀ ਹਾਰ ਦਾ ਇਕ ਮੁੱਖ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਨੇ ਇਸ ਸੀਟ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਉਮੀਦਵਾਰ ਦੇ ਹੱਕ 'ਚ ਕੋਈ ਖ਼ਾਸ ਪ੍ਰਚਾਰ ਕੀਤਾ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਰੁੱਝੀ ਰਹੀ ਅਤੇ ਕੋਈ ਵੱਡਾ ਨੇਤਾ ਜਲੰਧਰ 'ਚ ਪ੍ਰਚਾਰ ਕਰਨ ਨਹੀਂ ਆਇਆ, ਜਿਸ ਕਾਰਨ ਪਾਰਟੀ ਨੂੰ ਇਸ ਸੀਟ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ AAP ਨੂੰ ਜਿੱਤ ਦੀ ਦਿੱਤੀ ਵਧਾਈ, ਬੋਲੇ-ਲੋਕਾਂ ਦਾ ਫ਼ਤਵਾ ਸਵੀਕਾਰ
ਆਪਸੀ ਫੁੱਟ ਵੀ ਹੈ ਇਕ ਵੱਡਾ ਕਾਰਨ
ਅਸਲ 'ਚ ਤਸਵੀਰਾਂ 'ਚ ਇਕਮੁੱਠ ਦਿਖਾਈ ਦੇਣ ਵਾਲੀ ਪੰਜਾਬ ਕਾਂਗਰਸ 'ਚ ਅੰਦਰੂਨੀ ਫੁੱਟ ਵੀ ਇਸ ਹਾਰ ਦਾ ਇਕ ਮੁੱਖ ਕਾਰਨ ਰਿਹਾ ਹੈ। ਪਹਿਲਾਂ ਇਹ ਚਰਚਾਵਾਂ ਸਨ ਕਿ ਇਨ੍ਹਾਂ ਚੋਣਾਂ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਪਰ ਜਦੋਂ ਜਲੰਧਰ ਸੀਟ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਸਾਹਮਣੇ ਆਈ ਤਾਂ ਉਸ 'ਚ ਨਵਜੋਤ ਸਿੱਧੂ ਨੂੰ ਚਰਨਜੀਤ ਸਿੰਘ ਚੰਨੀ ਤੋਂ ਵੀ ਹੇਠਾਂ 8ਵੇਂ ਨੰਬਰ 'ਤੇ ਰੱਖਿਆ ਗਿਆ।
ਕਾਂਗਰਸੀ ਮੰਤਰੀਆਂ ਦੇ ਘਪਲਿਆਂ 'ਚ ਫਸਣ ਕਾਰਨ ਵੀ ਲੋਕਾਂ 'ਤੇ ਪਿਆ ਅਸਰ
ਜਦੋਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਕਈ ਸਾਬਕਾ ਕਾਂਗਰਸੀ ਮੰਤਰੀ ਵੱਖ-ਵੱਖ ਤਰਾਂ ਦੇ ਘਪਲਿਆਂ ਨੂੰ ਲੈ ਰਾਡਾਰ 'ਤੇ ਆ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਬਲਬੀਰ ਸਿੰਘ ਸਿੱਧੂ ਜਿੱਥੇ ਵਿਜੀਲੈਂਸ ਦੀ ਰਾਡਾਰ 'ਤੇ ਆਏ, ਉੱਥੇ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਟੈਂਡਰ ਘਪਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਬ੍ਰਹਮ ਮੋਹਿੰਦਰਾ ਵੀ ਵਿਜਿਲੈਂਸ ਦੀ ਰਾਡਾਰ 'ਤੇ ਰਹੇ, ਜਿਸ ਕਾਰਨ ਕਿਤੇ ਨਾ ਕਿਤੇ ਲੋਕਾਂ ਦਾ ਭਰੋਸਾ ਆਗੂਆਂ ਤੋਂ ਉੱਠਦਾ ਗਿਆ ਅਤੇ ਪਾਰਟੀ ਦਾ ਅਕਸ ਲੋਕਾਂ 'ਚ ਖ਼ਰਾਬ ਹੁੰਦਾ ਚਲਾ ਗਿਆ।
5 ਵਿਧਾਨ ਸਭਾ ਸੀਟਾਂ ਹੋਣ ਦੇ ਬਾਵਜੂਦ ਵੀ ਹਾਰੀ ਕਾਂਗਰਸ
ਜਲੰਧਰ ਲੋਕ ਸਭਾ ਹਲਕੇ ਦੀਆਂ 9 ਸੀਟਾਂ 'ਚੋਂ 5 ਵਿਧਾਨ ਸਭਾ ਸੀਟਾਂ ਕਾਂਗਰਸ ਕੋਲ ਹਨ। ਇਨ੍ਹਾਂ 'ਚੋਂ ਫਿਲੌਰ ਤੋਂ ਵਿਕਰਮਜੀਤ ਚੌਧਰੀ, ਸ਼ਾਹਕੋਟ ਤੋਂ ਹਰਦੇਵ ਲਾਡੀ, ਜਲੰਧਰ ਕੈਂਟ ਤੋਂ ਪਰਗਟ ਸਿੰਘ, ਜਲੰਧਰ ਉੱਤਰੀ ਤੋਂ ਅਵਤਾਰ ਸਿੰਘ ਜੂਨੀਅਰ ਅਤੇ ਆਦਮਪੁਰ ਤੋਂ ਸੁਖਵਿੰਦਰ ਕੋਟਲੀ ਕਾਂਗਰਸ ਦੇ ਵਿਧਾਇਕ ਹਨ, ਇਸ ਦੇ ਬਾਵਜੂਦ ਵੀ ਅੱਜ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
2 ਦਹਾਕਿਆਂ ਬਾਅਦ ਕਰਨਾ ਪਿਆ ਹਾਰ ਦਾ ਸਾਹਮਣਾ
ਜਲੰਧਰ ਲੋਕ ਸਭਾ ਸੀਟ 'ਤੇ ਕਾਂਗਰਸ ਦੀ 2 ਦਹਾਕਿਆਂ ਬਾਅਦ ਕਰਾਰੀ ਹਾਰ ਹੋਈ ਹੈ। ਦੱਸਣਯੋਗ ਹੈ ਕਿ ਸਾਲ 1998 'ਚ ਜਲੰਧਰ ਲੋਕ ਸਭਾ ਸੀਟ ਤੋਂ ਗੈਰ ਕਾਂਗਰਸੀ ਜਨਤਾ ਦਲ ਦੇ ਇੰਦਰ ਕੁਮਾਰ ਜਿੱਤੇ ਸਨ। ਇਸ ਤੋਂ ਬਾਅਦ ਇਸ ਲੋਕ ਸਭਾ ਸੀਟ 'ਤੇ ਕਿਸੇ ਗੈਰ ਕਾਂਗਰਸੀ ਦਲ ਨੇ ਕਬਜ਼ਾ ਨਹੀਂ ਕੀਤਾ। 1999 'ਚ ਕਾਂਗਰਸ ਦੇ ਬਲਬੀਰ ਸਿੰਘ, 2004 'ਚ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ, 2009 'ਚ ਕਾਂਗਰਸ ਦੇ ਮੋਹਿੰਦਰ ਸਿੰਘ ਕੇ. ਪੀ., 2014 ਅਤੇ 2019 'ਚ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੇ ਜਲੰਧਰ ਲੋਕ ਸਭਾ ਸੀਟ 'ਤੇ ਜਿੱਤ ਦਰਜ ਕੀਤੀ ਸੀ। ਇਸ ਦੇ ਬਾਵਜੂਦ ਵੀ ਅੱਜ ਕਾਂਗਰਸ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਰਾ ਸੁਸ਼ੀਲ ਰਿੰਕੂ ਦੀ ਜਿੱਤ 'ਤੇ ਨਹੀਂ ਰੁਕੇ ਭੈਣਾਂ ਦੇ ਹੰਝੂ, ਭਾਵੁਕ ਹੋਈਆਂ ਨੇ ਆਖੀਆਂ ਵੱਡੀਆਂ ਗੱਲਾਂ(ਵੀਡੀਓ)
NEXT STORY