ਜਲੰਧਰ/ਜੰਮੂ ਕਸ਼ਮੀਰ— ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇਸ ਸਾਲ ਪੂਰੇ ਸੰਸਾਰ 'ਚ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਤਾਂ ਲੋੜ ਹੈ ਕਿ ਗੁਰੂ ਸਾਹਿਬ ਵਲੋਂ ਮਨੁੱਖਤਾ ਦੇ ਮਾਰਗ-ਦਰਸ਼ਨ ਲਈ ਪੇਸ਼ ਕੀਤੇ ਫਲਸਫੇ ਬਾਰੇ ਵੀ ਵਿਚਾਰ ਕੀਤਾ ਜਾਵੇ। ਉਨ੍ਹਾਂ ਦੇ ਮਹਾਨ ਸਿਧਾਂਤਾਂ ਵਿਚੋਂ ਇਕ 'ਸੇਵਾ' ਦਾ ਰਸਤਾ ਹੈ, ਜਿਸ 'ਤੇ ਚੱਲ ਕੇ ਮਨੁੱਖ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ। ਦੁਨੀਆ ਵਿਚ ਸੇਵਾ ਕਮਾਉਣ ਵਾਲੇ ਇਨਸਾਨ ਨੂੰ ਪ੍ਰਭੂ ਦੇ ਚਰਨਾਂ 'ਚ ਸਥਾਨ ਮਿਲਦਾ ਹੈ।
ਸੇਵਾ ਦੇ ਇਸ ਰਸਤੇ ਦੇ ਮਹੱਤਵ ਨੂੰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਵੱਖ-ਵੱਖ ਸਮੇਂ 'ਤੇ ਸਮਝਿਆ ਅਤੇ ਫਿਰ ਆਪਣਾ ਜੀਵਨ ਦੀਨ-ਦੁਖੀਆਂ, ਲੋੜਵੰਦਾਂ ਦੀ ਸੇਵਾ-ਸਹਾਇਤਾ ਦੇ ਲੇਖੇ ਲਾ ਦਿੱਤਾ। ਇਹ ਮਾਰਗ ਉਨ੍ਹਾਂ ਲਈ ਪ੍ਰਭੂ-ਭਗਤੀ ਨਾਲੋਂ ਵੀ ਉੱਚੀ ਅਵਸਥਾ ਵਾਲਾ ਹੋ ਨਿੱਬੜਿਆ। ਗੁਰੂ ਸਾਹਿਬ ਨੇ ਖੁਦ 20 ਰੁਪਏ ਨਾਲ 'ਸੱਚਾ ਸੌਦਾ' ਕਰਦਿਆਂ ਜਦੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ ਤਾਂ ਉਹ ਸੇਵਾ ਦੇ ਮਾਰਗ ਨੂੰ ਦ੍ਰਿੜ੍ਹਾਉਣ ਵਾਲਾ ਫਲਸਫਾ ਸੀ। ਉਸੇ ਸੇਧ ਵਿਚ ਅੱਜ ਸੰਸਾਰ ਭਰ 'ਚ ਲੰਗਰ ਦੀ ਪ੍ਰਥਾ ਚੱਲ ਰਹੀ ਹੈ।
ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਕਰੋੜਾਂ ਲੋਕ ਭੁੱਖਮਰੀ ਦੇ ਸ਼ਿਕਾਰ ਹਨ, ਜਿਨ੍ਹਾਂ ਨੂੰ ਦੋ-ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ 'ਚ ਸੰਕਟ ਦਾ ਸਾਹਮਣਾ ਕਰਨ ਵਾਲੇ ਪਰਿਵਾਰਾਂ ਦੀ ਸਥਿਤੀ ਵੀ ਕੋਈ ਵੱਖਰੀ ਨਹੀਂ ਹੈ। ਉਨ੍ਹਾਂ ਲਈ ਪਿਛਲੇ ਕਈ ਸਾਲਾਂ ਤੋਂ ਰੋਟੀ-ਕੱਪੜੇ ਦਾ ਸੁਆਲ ਸਭ ਤੋਂ ਵੱਡੀ ਚਿੰਤਾ ਬਣਿਆ ਹੋਇਆ ਹੈ। ਇਸ ਗੱਲ ਦੀ ਵੱਡੀ ਲੋੜ ਸੀ ਕਿ ਇਨ੍ਹਾਂ ਪਰਿਵਾਰਾਂ ਵੱਲ ਮਦਦ ਦਾ ਹੱਥ ਵਧਾਇਆ ਜਾਵੇ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਕੁਝ ਘੱਟ ਕਰਨ ਲਈ ਸੇਵਾ-ਮਾਰਗ ਅਪਣਾਇਆ ਜਾਵੇ। ਇਸੇ ਸੋਚ ਅਧੀਨ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ 20 ਸਾਲ ਪਹਿਲਾਂ ਇਕ ਵਿਸ਼ੇਸ਼ ਰਾਹਤ ਮੁਹਿੰਮ ਦਾ ਆਰੰਭ ਕਰਕੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਭਿਜਵਾਉਣੀ ਸ਼ੁਰੂ ਕੀਤੀ ਸੀ।
ਇਸ ਮੁਹਿੰਮ ਨੂੰ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਨਾਲ ਸਬੰਧਤ ਜਿਹੜੇ ਦਾਨੀ ਸੱਜਣਾਂ ਅਤੇ ਸੰਸਥਾਵਾਂ ਦਾ ਵੱਡਾ ਹੁੰਗਾਰਾ ਮਿਲਿਆ, ਉਨ੍ਹਾਂ ਵਿਚ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਦਾ ਨਾਂ ਜ਼ਿਕਰਯੋਗ ਹੈ, ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਬਹੁਤ ਸਾਰੀ ਸਮੱਗਰੀ ਲੋੜਵੰਦ ਪਰਿਵਾਰਾਂ ਲਈ ਭਿਜਵਾਈ ਗਈ। ਬਾਬਾ ਜੀ ਸਮਾਜ-ਸੇਵਾ ਨੂੰ ਸਮਰਿਪਤ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਇਸ ਖੇਤਰ ਵਿਚ ਬਹੁ-ਦਿਸ਼ਾਈ ਕਾਰਜ ਕਰ ਕੇ ਇਕ ਇਤਿਹਾਸ ਸਿਰਜਿਆ ਹੈ।

ਬਾਬਾ ਜੀ ਦੇ ਟਰੱਸਟ ਵੱਲੋਂ ਦਿੱਤੀ ਗਈ 505ਵੇਂ ਟਰੱਕ ਦੀ ਸਮੱਗਰੀ ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲੇ ਦੇ ਸਰਹੱਦੀ ਪਿੰਡ ਭਰਿਆਲ ਵਿਚ ਵੰਡੀ ਗਈ ਸੀ, ਜਿਥੇ 300 ਪਰਿਵਾਰਾਂ ਨੂੰ ਆਟਾ, ਚਾਵਲ, ਦਾਲਾਂ ਅਤੇ ਕੰਬਲ ਮੁਹੱਈਆ ਕਰਵਾਏ ਗਏ। ਅੰਮ੍ਰਿਤਸਰ ਰੇਂਜ ਦੇ ਆਈ. ਜੀ. ਸੁਰਿੰਦਰ ਪਾਲ ਸਿੰਘ ਪਰਮਾਰ ਅਤੇ ਗੁਰਦਾਸਪੁਰ ਦੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਦੀ ਮੌਜੂਦਗੀ 'ਚ ਹੋਏ ਇਸ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਬਾਬਾ ਕਸ਼ਮੀਰਾ ਸਿੰਘ ਜੀ ਦੇ ਸਪੁੱਤਰ ਸ. ਮਨਿੰਦਰ ਸਿੰਘ ਰਿਆੜ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਪਵਿੱਤਰ ਕਾਰਜ ਹੈ, ਜਿਸ ਲਈ ਸਾਨੂੰ ਵਧ-ਚੜ੍ਹ ਕੇ ਯਤਨ ਕਰਨੇ ਚਾਹੀਦੇ ਹਨ।
ਸ. ਰਿਆੜ ਨੇ ਕਿਹਾ ਕਿ ਬਾਬਾ ਕਸ਼ਮੀਰਾ ਸਿੰਘ ਜੀ ਨੇ ਸਾਰਾ ਜੀਵਨ ਸੇਵਾ ਦੇ ਲੇਖੇ ਲਾਇਆ ਹੈ ਅਤੇ ਉਹ ਸੰਗਤਾਂ ਨੂੰ ਵੀ ਇਸੇ ਮਾਰਗ ਨੂੰ ਅਪਣਾਉਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲੇ ਦੇ ਸਰਹੱਦੀ ਖੇਤਰਾਂ ਦੀ ਤਰਸਯੋਗ ਹਾਲਤ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਅੱਖੀਂ ਦੇਖਣ ਦਾ ਮੌਕਾ ਮਿਲਿਆ ਤਾਂ ਇਹ ਅਹਿਸਾਸ ਹੋਇਆ ਕਿ ਇਥੇ ਜੀਵਨ ਗੁਜ਼ਾਰਨਾ ਕਿੰਨਾ ਕਠਿਨ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ 'ਚ ਨਾ ਸਿੱਖਿਆ ਦੀ ਪੂਰੀ ਸਹੂਲਤ ਹੈ ਅਤੇ ਨਾ ਇਲਾਜ ਦਾ ਕੋਈ ਪ੍ਰਬੰਧ। ਸਾਨੂੰ ਇਸ ਦਿਸ਼ਾ 'ਚ ਕਦਮ ਚੁੱਕਣੇ ਚਾਹੀਦੇ ਹਨ। ਸ. ਰਿਆੜ ਨੇ ਕਿਹਾ ਕਿ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ ਅਤੇ ਜੇ ਕੋਈ ਬੱਚੀਆਂ ਚਾਹੁਣ ਤਾਂ ਉਨ੍ਹਾਂ ਨੂੰ ਨਰਸਿੰਗ ਦੀ ਪੜ੍ਹਾਈ ਵੀ ਮੁਫਤ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ 'ਚ ਪ੍ਰਭਾਵਿਤ ਪਰਿਵਾਰਾਂ ਲਈ ਹੋਰ ਸਮੱਗਰੀ ਵੀ ਭਿਜਵਾਈ ਜਾਵੇਗੀ।
ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ–ਵਰਿੰਦਰ ਸ਼ਰਮਾ
ਰਾਹਤ ਵੰਡ ਟੀਮ ਦੇ ਆਗੂ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਇਸ ਮੌਕੇ 'ਤੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਸਾਰੇ ਲੋਕ ਹੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ। ਉਹ ਆਪਣੇ ਹੀ ਖੇਤਾਂ ਵਿਚ ਆਪਣੀ ਇੱਛਾ ਅਨੁਸਾਰ ਨਾ ਕੰਮ ਕਰ ਸਕਦੇ ਹਨ ਅਤੇ ਨਾ ਹੀ ਮਰਜ਼ੀ ਨਾਲ ਫਸਲਾਂ ਬੀਜ ਸਕਦੇ ਹਨ। ਜਦੋਂ ਵੀ ਸਰਹੱਦ 'ਤੇ ਹਾਲਾਤ ਖਰਾਬ ਹੁੰਦੇ ਹਨ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਉਹ ਆਪਣੀ ਪੱਕੀ ਫਸਲ ਦੀ ਕਟਾਈ ਵੀ ਨਹੀਂ ਕਰ ਸਕਦੇ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਕਿਸਾਨਾਂ ਲਈ ਸਰਕਾਰ ਨੂੰ ਵਿਸ਼ੇਸ਼ ਨੀਤੀ ਅਪਣਾ ਕੇ ਇਨ੍ਹਾਂ ਨੂੰ ਤਰਜੀਹ ਦੇ ਆਧਾਰ 'ਤੇ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਜੰਗਲੀ ਜਾਨਵਰਾਂ ਵਲੋਂ ਕੀਤੇ ਉਜਾੜੇ ਸਮੇਤ ਕਿਸੇ ਵੀ ਤਰ੍ਹਾਂ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਜਥੇਬੰਦੀ ਦੇ ਪੰਜਾਬ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਭਰਿਆਲ ਸਮੇਤ ਇਸ ਖੇਤਰ ਵਿਚ 7-8 ਪਿੰਡ ਅਜਿਹੇ ਹਨ, ਜਿਹੜੇ ਚੁਫੇਰਿਓਂ ਮੁਸੀਬਤ 'ਚ ਘਿਰੇ ਹੋਏ ਹਨ। ਇਨ੍ਹਾਂ ਪਿੰਡਾਂ ਦੇ ਦੋ ਪਾਸੇ ਦਰਿਆ ਹਨ ਅਤੇ ਇਕ ਪਾਸੇ ਸਰਹੱਦ ਹੈ। ਨਤੀਜੇ ਵਜੋਂ ਇਨ੍ਹਾਂ ਪਿੰਡਾਂ ਤੱਕ ਕੋਈ ਸਹੂਲਤ ਨਹੀਂ ਪੁੱਜਦੀ। ਜਦੋਂ ਦਰਿਆਵਾਂ ਵਿਚ ਪਾਣੀ ਭਰ ਜਾਂਦਾ ਹੈ ਤਾਂ ਇਨ੍ਹਾਂ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ।
ਲੋਕ ਪਾਕਿਸਤਾਨ ਤੋਂ ਨਹੀਂ ਡਰਦੇ–ਰਾਜ ਸਿੰਘ
ਸੀ. ਆਰ. ਪੀ. ਐੱਫ. ਦੇ ਰਿਟਾਇਰਡ ਮੁਲਾਜ਼ਮ ਰਾਜ ਸਿੰਘ ਨੇ ਕਿਹਾ ਕਿ ਇਨ੍ਹਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਪਾਕਿਸਤਾਨ ਜਾਂ ਅੱਤਵਾਦ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਤਾਂ ਸਹੂਲਤਾਂ ਦੀ ਘਾਟ ਕਾਰਨ ਸੰਕਟ ਭੋਗਣਾ ਪੈਂਦਾ ਹੈ। ਸਰਕਾਰ ਨੂੰ ਇਨ੍ਹਾਂ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਇਥੇ ਪਹੁੰਚਣ ਅਤੇ ਪੰਜਾਬ ਕੇਸਰੀ ਗਰੁੱਪ ਵਲੋਂ ਸਮੱਗਰੀ ਭਿਜਵਾਏ ਜਾਣ ਨਾਲ ਲੋਕਾਂ ਦੇ ਹੌਸਲੇ ਬੁਲੰਦ ਹੋਏ ਹਨ।
ਰਾਜੇਸ਼ ਭਗਤ ਨੇ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਇਨਸਾਨ ਉਹੀ ਹੁੰਦਾ ਹੈ, ਜਿਹੜਾ ਦੂਜਿਆਂ ਦੇ ਕੰਮ ਆਵੇ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਪਾਕਿਸਤਾਨ ਨੂੰ ਸੁਮੱਤ ਬਖਸ਼ੇ ਤਾਂ ਜੋ ਉਹ ਈਰਖਾ ਦੀ ਭਾਵਨਾ ਤਿਆਗ ਕੇ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਰਗ ਅਪਣਾਏ।
ਇਸ ਮੌਕੇ 'ਤੇ ਪਿੰਡ ਭਰਿਆਲ ਦੇ ਸਾਬਕਾ ਸਰਪੰਚ ਰੂਪ ਲਾਲ, ਬ੍ਰਾਹਮਣ ਸਭਾ ਪੰਜਾਬ ਦੇ ਉਪ-ਪ੍ਰਧਾਨ ਨਰੇਸ਼ ਕੁਮਾਰ, ਪੰਚ ਰਜਨੀ ਦੇਵੀ, ਡੌਲੀ ਹਾਂਡਾ, ਮਾਸਟਰ ਅਰਜਨ ਸਿੰਘ, ਸੂਬੇਦਾਰ ਸੁਖਦੇਵ ਸਿੰਘ ਅਤੇ ਦੀਨਾਨਗਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦੀਪਕ ਕੁਮਾਰ ਵੀ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਭਰਿਆਲ ਤੋਂ ਇਲਾਵਾ ਲਸਿਆਣ, ਝਬਕਰਾ, ਚੇਬੇ ਮੰਮੀਆਂ, ਤੂਰ ਅਤੇ ਚਕਰੰਗਾ ਆਦਿ ਨਾਲ ਸਬੰਧਤ ਸਨ।
Punjab Wrap Up : ਪੜ੍ਹੋ 10 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY