ਚੰਡੀਗੜ੍ਹ (ਸੁਸ਼ੀਲ)-ਚਾਰ ਮਹੀਨਿਆਂ ਤੋਂ ਜੋਧਾ ਸਿੰਘ ਉਰਫ ਜੋਧਾ ਆਪਣੇ ਸਾਥੀਆਂ ਨਾਲ ਰਾਤ ਨੂੰ ਘਰ ਜਾਣ ਵਾਲਿਆਂ ਨੂੰ ਅਗਵਾ ਕਰਕੇ ਲੁੱਟ-ਖਸੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਨ੍ਹਾਂ ਵਾਰਦਾਤਾਂ 'ਚ ਜ਼ਿਆਦਾਤਰ ਅਗਵਾ ਕਰਨ ਤੇ ਲੁੱਟ-ਖਸੁੱਟ ਦਾ ਸ਼ਿਕਾਰ ਹੋਟਲ ਕਾਮੇ ਹੋਏ ਹਨ। ਚੰਡੀਗੜ੍ਹ ਪੁਲਸ ਨਾ ਤਾਂ ਜੋਧਾ ਸਿੰਘ ਉਰਫ ਜੋਧਾ ਤੇ ਨਾ ਹੀ ਉਸਦੇ ਗਿਰੋਹ ਦੇ ਮੈਂਬਰਾਂ ਨੂੰ ਫੜ ਸਕੀ ਹਾ। ਜੋਧਾ ਤੇ ਉਸਦੇ ਗਿਰੋਹ ਨੇ ਲੋਕਾਂ ਦਾ ਰਾਤ ਸਮੇਂ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਇਹ ਗਿਰੋਹ ਲੋਕਾਂ ਨੂੰ ਅਗਵਾ ਕਰਕੇ ਲੁੱਟ ਦੀਆਂ ਵਾਰਦਾਤਾਂ ਪਿਛਲੇ ਚਾਰ ਮਹੀਨਿਆਂ ਤੋਂ ਕਰ ਰਿਹਾ ਹੈ।
ਗਿਰੋਹ ਨੇ ਜ਼ਿਆਦਾਤਰ ਵਾਰਦਾਤਾਂ ਪੰਜਾਬ ਨਾਲ ਲਗਦੇ ਐਂਟਰੀ ਪੁਆਇੰਟ ਵਾਲੇ ਸੈਕਟਰਾਂ 'ਚ ਕੀਤੀਆਂ ਹਨ। ਨਿੱਤ ਦਿਨ ਲੁੱਟ ਅਤੇ ਅਗਵਾ ਕਰਨ ਦੀਆਂ ਵਾਰਦਾਤਾਂ ਨੂੰ ਰੋਕਣ 'ਚ ਕ੍ਰਾਈਮ ਬ੍ਰਾਂਚ ਅਤੇ ਥਾਣਾ ਪੁਲਸ ਨਾਕਾਮ ਹੈ। ਜੋਧਾ ਗਿਰੋਹ ਦੇ ਮੈਂਬਰ ਵਾਰਦਾਤ 'ਚ ਰਾਤ ਨੂੰ ਘਰ ਜਾਣ ਵਾਲੇ ਲੋਕਾਂ ਨੂੰ ਅਗਵਾ ਕਰਕੇ ਖਰੜ ਲੈ ਜਾਂਦੇ ਹਨ, ਉਥੋਂ ਅਗਵਾ ਕੀਤੇ ਗਏ ਵਿਅਕਤੀ ਦਾ ਏ. ਟੀ. ਐੱਮ. ਲੈ ਕੇ ਕੈਸ਼ ਕਢਵਾ ਕੇ ਛੱਡ ਕੇ ਫਰਾਰ ਹੋ ਜਾਂਦੇ ਹਨ।
ਜੋਧਾ ਗਿਰੋਹ 'ਚ ਸ਼ਾਮਲ ਹਨ 7 ਮੈਂਬਰ
ਰਾਤ ਨੂੰ ਲੋਕਾਂ ਨੂੰ ਅਗਵਾ ਕਰਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜੋਧਾ ਗਿਰੋਹ 'ਚ ਕੁਲ 7 ਮੈਂਬਰ ਹਨ। ਕ੍ਰਾਈਮ ਬ੍ਰਾਂਚ ਨੇ ਦਸੰਬਰ ਮਹੀਨੇ 'ਚ ਹੋਈ ਲੁੱਟ ਦੀ ਵਾਰਦਾਤ ਕਰਨ ਵਾਲੇ ਜੋਧਾ ਉਰਫ ਜੋਧਾ ਤੇ ਉਸਦੇ ਭਰਾ ਲਵਪ੍ਰੀਤ ਨੂੰ ਕੈਂਬਵਾਲਾ ਤੋਂ ਦਬੋਚਿਆ ਸੀ, ਜਦੋਂਕਿ ਕ੍ਰਾਈਮ ਬ੍ਰਾਂਚ ਨੇ ਦਾਅਵਾ ਕੀਤਾ ਸੀ ਕਿ ਗਿਰੋਹ ਦੇ 5 ਮੈਂਬਰ ਪੰਜਾਬ 'ਚ ਲੁਕੇ ਹੋਏ ਹਨ। ਉਥੇ ਹੀ ਸੈਕਟਰ-33/34 ਤੋਂ ਖੋਹੀ ਗਈ ਇਨੋਵਾ ਗੱਡੀ ਵੀ ਜੋਧਾ ਗਿਰੋਹ ਦੇ ਫਰਾਰ 5 ਮੈਂਬਰਾਂ ਦੇ ਕੋਲ ਹੈ। ਕ੍ਰਾਈਮ ਬ੍ਰਾਂਚ ਟੀਮ ਗਿਰੋਹ ਦੇ ਫਰਾਰ ਪੰਜ ਮੈਂਬਰਾਂ ਨੂੰ ਨਾ ਤਾਂ ਫੜ ਸਕੀ ਹੈ ਤੇ ਨਾ ਹੀ ਇਨੋਵਾ ਗੱਡੀ ਰਿਕਵਰ ਕਰ ਸਕੀ ਹੈ। ਇਹੋ ਨਹੀਂ, ਕ੍ਰਾਈਮ ਬ੍ਰਾਂਚ ਵਲੋਂ ਫੜਿਆ ਗਿਆ ਗਿਰੋਹ ਦਾ ਮੁਖੀ ਜੋਧਾ ਪੰਜਾਬ ਤੋਂ ਪੇਸ਼ੀ 'ਤੇ ਆਉਂਦੇ ਹੋਏ ਚੰਡੀਗੜ੍ਹ ਦੇ ਸਬ-ਇੰਸਪੈਕਟਰ ਸਮੇਤ ਚਾਰ ਪੁਲਸ ਕਰਮਚਾਰੀਆਂ ਨੂੰ ਖਰੜ ਤੋਂ ਚਕਮਾ ਦੇ ਕੇ ਫਰਾਰ ਹੋ ਗਿਆ ਸੀ।
ਜੋਧਾ ਸਿੰਘ ਉਰਫ ਜੋਧਾ ਤੇ ਉਸਦੇ ਭਰਾ ਨੂੰ ਫੜਨ ਤੋਂ ਬਾਅਦ ਇਹ ਕੇਸ ਸੁਲਝੇ
11 ਦਸੰਬਰ : ਸੈਕਟਰ-43 ਤੋਂ ਓਲਾ ਕੈਬ ਹਾਇਰ ਕਰਕੇ ਕੈਂਬਵਾਲਾ ਜੰਗਲ ਦੇ ਕੋਲ ਡਰਾਈਵਰ ਪੂਰਨ ਸਿੰਘ 'ਤੇ ਪਿਸਤੌਲ ਤਾਣ ਕੇ ਰਿਟਜ਼ ਕਾਰ ਖੋਹੀ।
17 ਦਸੰਬਰ : ਸੈਕਟਰ-46 ਸਥਿਤ ਟੈਕਸੀ ਸਟੈਂਡ 'ਤੇ ਕੰਮ ਕਰਨ ਵਾਲੇ ਜਗਦੀਪ ਸਿੰਘ ਤੋਂ ਪਿਸਤੌਲ ਦਿਖਾ ਕੇ 33/45 ਦੀ ਡਿਵਾਈਡਿੰਗ ਸੜਕ 'ਤੇ ਇਨੋਵਾ ਗੱਡੀ ਲੁੱਟੀ।
24 ਦਸੰਬਰ : ਜ਼ੀਰਕਪੁਰ ਵਿਚ ਕੰਮ ਖਤਮ ਕਰਕੇ ਘਰ ਜਾ ਰਹੇ ਸੈਕਟਰ-46 ਨਿਵਾਸੀ ਜੈਰਾਮ ਦਾ ਸੈਕਟਰ-55/40 ਡਿਵਾਈਡਿੰਗ ਰੋਡ 'ਤੇ ਅਗਵਾ ਕਰਕੇ ਲੁੱਟੇ 10 ਹਜ਼ਾਰ ਰੁਪਏ।
24 ਦਸੰਬਰ : ਸੈਕਟਰ-22 ਪੁਲਸ ਚੌਕੀ ਦੇ ਪਿੱਛੇ ਸੈਕਟਰ-56 ਨਿਵਾਸੀ ਸੰਜੀਵ ਕੁਮਾਰ 'ਤੇ ਪਿਸਤੌਲ ਤਾਣ ਕੇ 10 ਹਜ਼ਾਰ ਦੀ ਨਕਦੀ ਤੇ ਚੇਨ ਖੋਹੀ।
5 ਜਨਵਰੀ : ਪੀ. ਜੀ. ਆਈ. ਵਿਚ ਪਲਾਸਟਿਕ ਸਰਜਰੀ ਡਿਪਾਰਟਮੈਂਟ ਵਿਚ ਟੈਕਨੀਸ਼ੀਅਨ ਰਘੁਵੀਰ ਸਿੰਘ ਨੂੰ ਸੈਕਟਰ-14/15 ਲਾਈਟ ਪੁਆਇੰਟ 'ਤੇ ਅਗਵਾ ਕਰਕੇ 10 ਹਜ਼ਾਰ ਰੁਪਏ ਲੁੱਟੇ।
5 ਜਨਵਰੀ : ਮੋਹਾਲੀ ਨਿਵਾਸੀ ਕਰਮ ਸਿੰਘ ਤੋਂ ਸੈਕਟਰ-39/40 ਦੀ ਡਿਵਾਈਡਿੰਗ ਸੜਕ 'ਤੇ 1500 ਰੁਪਏ ਖੋਹੇ।
ਪੁਲਸ ਹਿਰਾਸਤ 'ਚੋਂ ਫਰਾਰ ਹੋਣ ਤੋਂ ਬਾਅਦ ਹੋਈਆਂ ਇਹ ਵਾਰਦਾਤਾਂ
1. ਸਵਿਫਟ ਕਾਰ ਸਵਾਰ ਜੋਧਾ ਸਿੰਘ ਉਰਫ ਜੋਧਾ ਨੇ ਆਪਣੇ ਤਿੰਨ ਸਾਥੀਆਂ ਨਾਲ 27 ਫਰਵਰੀ ਨੂੰ ਸੈਕਟਰ-26 ਸਥਿਤ ਹੋਟਲ ਮੈਨੇਜਰ ਸੁਰਿੰਦਰ ਨੂੰ ਘਰ ਜਾਂਦੇ ਹੋਏ ਸੈਕਟਰ-4/9 ਦੀ ਡਿਵਾਈਡਿੰਗ ਸੜਕ ਤੋਂ ਅਗਵਾ ਕਰ ਲਿਆ ਸੀ। ਇਕ ਅਗਵਾਕਾਰ ਨੇ ਉਸ ਦੇ ਪੈਰ 'ਤੇ ਚਾਕੂ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ ਸੀ। ਉਸ ਨੂੰ ਖਰੜ ਵਿਚ ਲਿਜਾ ਕੇ ਉਸ ਦੇ ਏ. ਟੀ. ਐੱਮ. ਕਾਰਡ ਰਾਹੀਂ 10 ਹਜ਼ਾਰ ਰੁਪਏ ਕਢਵਾ ਕੇ ਉਸ ਨੂੰ ਸੁੱਟ ਕੇ ਫਰਾਰ ਹੋ ਗਏ ਸਨ।
2. ਸੈਕਟਰ-7 ਸਥਿਤ ਹੋਟਲ ਕਰਮਚਾਰੀ ਰਮੇਸ਼ ਕੁਮਾਰ ਯਾਦਵ ਨੂੰ ਸਵਿਫਟ ਕਾਰ ਸਵਾਰ ਜੋਧਾ ਸਿੰਘ ਉਰਫ ਜੋਧਾ ਨੇ ਆਪਣੇ ਤਿੰਨ ਸਾਥੀਆਂ ਸਮੇਤ 5 ਮਾਰਚ ਨੂੰ ਸੈਕਟਰ-44 ਤੋਂ ਅਗਵਾ ਕਰਕੇ ਇਕ ਹਜ਼ਾਰ ਰੁਪਏ ਲੁੱਟ ਕੇ ਉਸ ਨੂੰ ਸੈਕਟਰ- 32/33/45/46 'ਚ ਸੁੱਟ ਕੇ ਫਰਾਰ ਹੋ ਗਏ ਸਨ।
3. ਜੋਧਾ ਨੇ ਆਪਣੇ ਤਿੰਨੇ ਸਾਥੀਆਂ ਨਾਲ ਸੈਕਟਰ-48/49 ਦੀ ਡਿਵਾਈਡਿੰਗ ਸੜਕ 'ਤੇ ਪੰਚਕੂਲਾ ਤੋਂ ਮੋਹਾਲੀ ਜਾ ਰਹੇ ਜਤਿੰਦਰ ਕੁਮਾਰ ਨੂੰ ਅਗਵਾ ਕਰ ਲਿਆ ਸੀ। ਉਸ ਨੂੰ ਉਹ ਖਰੜ ਲੈ ਕੇ ਗਏ ਤੇ ਏ. ਟੀ. ਐੱਮ. ਰਾਹੀਂ 20 ਹਜ਼ਾਰ ਰੁਪਏ ਕਢਵਾ ਕੇ ਸੈਕਟਰ-52 ਵਿਚ ਸੁੱਟ ਕੇ ਫਰਾਰ ਹੋ ਗਏ।
ਔਰਤ ਨਾਲ ਕੁੱਟ-ਮਾਰ ਤੇ ਛੇੜਛਾੜ ਮਾਮਲੇ 'ਚ ਪਾਰਕਿੰਗ ਦੇ ਦੋ ਕਰਿੰਦੇ ਗ੍ਰਿਫਤਾਰ
NEXT STORY