ਕਪੂਰਥਲਾ (ਮੱਲ੍ਹੀ)-ਰੇਲ ਕੋਚ ਫੈਕਟਰੀ ਤੋਂ ਅੱਜ ਉਦੇ (ਸ਼ਾਨਦਾਰ ਡਬਲ ਡੈਕਰ ਏਅਰ ਕੰਡੀਸ਼ਨਡ ਯਾਤਰੀ) ਡੱਬਿਆਂ ਦਾ ਪਹਿਲਾ ਰੈਕ ਰਵਾਨਾ ਕੀਤਾ ਗਿਆ। ਇਸ ਰੈਕ ’ਚ ਏ. ਸੀ. ਚੇਅਰ ਕਾਰ ਦੇ 6 ਡੱਬੇ, ਪੈਂਟਰੀ ਕਾਰ ਵਾਲੀ ਏ. ਸੀ. ਚੇਅਰ ਕਾਰ ਦੇ 3 ਡੱਬੇ ਤੇ 2 ਪਾਵਰ ਕਾਰ ਸ਼ਾਮਲ ਹਨ। ਇਸ ਏਅਰ ਕੰਡੀਸ਼ਨਡ ਚੇਅਰ ਕਾਰ ’ਚ 120 ਸੀਟਾਂ ਹਨ। ਪੇਂਟਰੀ ਵਾਲੇ ਏ. ਸੀ. ਕਾਰ ’ਚ 104 ਸੀਟਾਂ ਹਨ। ਇਸ ਦੇ ਦੂਜੇ ਮਿਡਲ ਡੈੱਕ ’ਚ ਡਾਈਨਿੰਗ ਸਪੇਸ ਦੀ ਵਿਵਸਥਾ ਹੈ, ਜਿਸ ’ਚ ਬੈਠ ਕੇ ਯਾਤਰੀ ਆਪਣਾ ਮਨਪਸੰਦ ਭੋਜਨ ਲੈ ਸਕਦੇ ਹਨ। ਇਸ ’ਚ ਫੂਡ ਵੈਂਡਿੰਗ ਤੇ ਚਾਹ-ਕੌਫੀ ਵੈਂਡਿੰਗ ਮਸ਼ੀਨ ਦੀ ਵਿਵਸਥਾ ਵੀ ਹੈ। ਡਾੲੀਨਿੰਗ ਏਰੀਆ ’ਚ ਮਨੋਰੰਜਨ ਲਈ ਐੱਲ. ਈ. ਡੀ. ਸਕਰੀਨ ਲਾਈ ਗਈ ਹੈ। ਹਰ ਡੱਬੇ ਦੀ ਅੰਦਰੂਨੀ ਸਜਾਵਟ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਤੇ ਜਿਸ ’ਚ ਆਕਰਸ਼ਕ ਸਾਈਡ ਪੈਨਲ ’ਤੇ ਆਰਾਮਦਾਇਕ ਸੀਟਾਂ ਲਾਈਆਂ ਗਈਆਂ ਹਨ। ਪੈਸੰਜਰ ਏਰੀਆ ’ਚ ਯਾਤਰੀਆਂ ਨੂੰ ਸੂਚਨਾ ਦੇਣ ਲਈ ਐੱਲ. ਸੀ. ਡੀ. ਸਕ੍ਰੀਨ ਦੀ ਵਿਵਸਥਾ ਕੀਤੀ ਗਈ ਹੈ। ਡੱਬਿਆਂ ਦੀ ਬਾਹਰੀ ਸਜਾਵਟ ਆਕਰਸ਼ਕ ਡਿਜ਼ਾਈਨਦਾਰ ਵਿਨਾਇਲ ਨਾਲ ਕੀਤੀ ਗਈ ਹੈ। ਆਰਾਮਦਾਇਕ ਯਾਤਰਾ ਲਈ ਬੋਗੀ ’ਚ ਏਅਰ ਸਸਪੈਂਸ਼ਨ ਲਗਾਏ ਗਏ ਹਨ। ਹਰ ਡੱਬੇ ’ਚ 2 ਲੇਵੋਟਰੀਜ਼ ਦਿੱਤੀਆਂ ਗਈਆਂ ਹਨ। ਲੇਵੋਟਰੀ ਏਰੀਆ ’ਚ ਸੋਪ ਡਿਸਪੈਂਸਰ ਆਦਿ ਦੀ ਵਿਵਸਥਾ ਕੀਤੀ ਗਈ ਹੈ। ਇਸ ਡੱਬੇ ’ਚ ਵਾਸ਼ ਬੇਸਿਨ ਤੇ ਵੱਡੇ ਸ਼ੀਸ਼ਿਆਂ ਦੀ ਵਿਵਸਥਾ ਕੀਤੀ ਗਈ ਹੈ। ਸੁਰੱਖਿਆ ਲਈ ਹਰ ਡੱਬੇ ’ਚ ਸਮੋਕ ਡਿਟੈਕਸ਼ਨ ਅਲਾਰਮ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਆਰ. ਸੀ. ਐੱਫ. ਨੇ ਇਸ ਤੋਂ ਪਹਿਲਾਂ ਸਾਲ 2011 ’ਚ ਭਾਰਤੀ ਰੇਲ ਦੀ ਪਹਿਲੀ ਏਅਰ ਕੰਡੀਸ਼ਨਡ ਡਬਲ ਡੈਕਰ ਟ੍ਰੇਨ ਦਾ ਨਿਰਮਾਣ ਕੀਤਾ ਸੀ, ਜਿਸ ਦੇ 6 ਰੈਕ ਇਸ ਸਮੇਂ ਵੱਖ-ਵੱਖ ਰੂਟਾਂ ’ਤੇ ਸਫਲਤਾਪੂਰਵਕ ਚੱਲ ਰਹੇ ਹਨ। ਇਸ ਲਈ ਨਵੀਆਂ ਵਿਸ਼ੇਸ਼ਤਾਵਾਂ ਨਾਲ ਉਦੇ ਡਬਲ ਡੈਕਰ ਦੇ ਨਿਰਮਾਣ ਦਾ ਕੰਮ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਇਕ ਵਾਰ ਫਿਰ ਤੋਂ ਸੌਂਪਿਆ ਗਿਆ। ਰੇਲ ਕੋਚ ਫੈਕਟਰੀ ਹੁਣ ਭਾਰਤੀ ਰੇਲ ਦੀ ਪਹਿਲੀ ਉਤਪਾਦਨ ਇਕਾਈ ਬਣ ਗਈ ਹੈ, ਜਿਸ ਨੇ ਸਭ ਤੋਂ ਪਹਿਲਾਂ ਤੇਜਸ, ਹਮਸਫਰ, ਦੀਨ ਦਿਆਲੂ ਤੇ ਉਦੇ ਆਦਿ ਦਾ ਨਿਰਮਾਣ ਸਫਲਤਾਪੂਰਵਕ ਕੀਤਾ ਹੈ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ
NEXT STORY