ਕਪੂਰਥਲਾ (ਰਜਿੰਦਰ,ਭੂਪੇਸ਼)-ਵੋਟਰਾਂ ਵਿਚ ਜਾਗਰੂਕਤਾ ਲਿਆਉਣ ਦੇ ਮਕਸਦ ਲਈ ਚੋਣ ਕਮਿਸ਼ਨ ਵਲੋਂ ਚਲਾਏ ‘ਸਵੀਪ’ ਪ੍ਰੋਗਰਾਮ ਦੇ ਤਹਿਤ ਅੱਜ ਭੁਲੱਥ ਸ਼ਹਿਰ ਵਿਚ ਐੱਸ. ਡੀ. ਐੱਮ. ਭੁਲੱਥ ਸਕੱਤਰ ਸਿੰਘ ਬੱਲ ਦੀ ਅਗਵਾਈ ਹੇਠ ਸਾਈਕਲ ਰੈਲੀ ਕੱਢੀ ਗਈ। ਜੋ ਇਥੋਂ ਦੇ ਸਰਕਾਰੀ ਕਾਲਜ ਤੋਂ ਸ਼ੁਰੂ ਹੋਈ। ਇਸ ਰੈਲੀ ਨੂੰ ਸ਼ੁਰੂ ਕਰਵਾਉਂਦਿਆਂ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਨੇ ਖੁਦ ਸਾਈਕਲ ਚਲਾਉਂਦੇ ਹੋਏ ਰੈਲੀ ਵਿਚ ਭਾਗ ਲਿਆ। ਉਨ੍ਹਾਂ ਨਾਲ ਸਰਕਾਰੀ ਕਾਲਜ ਭੁਲੱਥ ਦੀ ਪ੍ਰਿੰਸੀਪਲ ਡਾ. ਜਸਵਿੰਦਰ ਕੌਰ, ਸਵੀਪ ਦੇ ਨੋਡਲ ਅਫਸਰ ਪ੍ਰੋ. ਸੁਖਵਿੰਦਰ ਸਾਗਰ ਤੇ ਬ੍ਰੈਂਡ ਅੰਬੈਸਡਰ ਦਲਵਿੰਦਰ ਦਿਆਲਪੁਰੀ ਵੀ ਸਾਈਕਲ ਚਲਾ ਰਹੇ ਸਨ, ਜਦਕਿ ਪਿਛੇ ਸ਼ਿਸੂ ਮਾਡਲ ਸਕੂਲ ਭੁਲੱਥ ਦੇ ਬੱਚੇ ਸਾਈਕਲ ’ਤੇ ਸਵਾਰ ਰੈਲੀ ਦੀ ਰੌਣਕ ਨੂੰ ਵਧਾ ਰਹੇ ਸਨ। ਜਿਨ੍ਹਾਂ ਨੇ ਸਾਈਕਲਾਂ ਅੱਗੇ ਵੋਟ ਪਾਉਣ ਨਾਲ ਸੰਬੰਧਤ ਬੈਨਰ ਲਗਾ ਕੇ ਇਸ ਸੁਨੇਹੇ ਨੂੰ ਆਮ ਜਨਤਾ ਤੱਕ ਪਹੁੰਚਾਇਆ। ਇਹ ਰੈਲੀ ਭੁਲੱਥ ਦੇ ਬਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਕਾਲਜ ਵਿਖੇ ਪਹੁੰਚ ਕੇ ਸੰਪੰਨ ਹੋਈ। ਇਸ ਤੋਂ ਪਹਿਲਾਂ ਰੈਲੀ ਸ਼ੁਰੂ ਕਰਵਾਉਣ ਸਮੇਂ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਨੇ ਰੈਲੀ ਵਿਚ ਭਾਗ ਲੈਣ ਵਾਲੇ ਵਲੰਟੀਅਰਾਂ ਨੂੰ ਲੋਕਤੰਤਰ ਅਤੇ ਗਣਤੰਤਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਤੋਂ ਜਾਗਰੂਕ ਕਰਵਾਇਆ। ਇਸ ਮੌਕੇ ਤਹਿਸਲੀਦਾਰ ਲਖਵਿੰਦਰ ਸਿੰਘ, ਪ੍ਰਿੰਸੀਪਲ ਸੁਨੀਲ ਸ਼ਰਮਾ, ਡਿੰਪਲ ਚੋਪਡ਼ਾ, ਸੋਮ ਨਾਥ ਤੇ ਸਰਕਾਰੀ ਕਾਲਜ ਦਾ ਸਟਾਫ ਵੀ ਮੌਜੂਦ ਸੀ।
ਕਵਿਤਾ ਉਚਾਰਣ ਮੁਕਾਬਲਾ ਕਰਵਾਇਆ
NEXT STORY