ਕਪੂਰਥਲਾ (ਸੋਢੀ)-ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਦੀ ਦੇਖ-ਰੇਖ ’ਚ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮੇਂ ਭਾਰੀ ਗਿਣਤੀ ’ਚ ਸ਼ਰਧਾਲੂਆਂ ਹਾਜ਼ਰੀ ਭਰੀ। ਸਮਾਗਮ ਦੌਰਾਨ ਗੁਰਬਾਣੀ ਦਾ ਕੀਰਤਨ ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ, ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ, ਭਾਈ ਭਜਨ ਸਿੰਘ ਖਡ਼ਕ ਤੇ ਭਾਈ ਦਿਲਬਾਗ ਸਿੰਘ ਦੇ ਰਾਗੀ ਜਥਿਆਂ ਸਰਵਨ ਕਰਵਾਇਆ। ਸੰਗਤਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਭਾਈ ਗੁਰਪ੍ਰੀਤ ਸਿੰਘ ਕਥਾ ਵਾਚਕ ਨੇ ਸਰਵਣ ਕਰਵਾਈ। ਉਨ੍ਹਾਂ ਦੱਸਿਆ ਕਿ ਸਤਿਗੁਰੂ ਜੀ ਦੀ ਸ਼ਰਨ ਪੈਣ ਨਾਲ ਹੀ ਕਰੋਡ਼ਾਂ ਪਾਪ ਨਾਸ਼ ਹੋ ਜਾਂਦੇ ਹਨ। ਸਤਿਗੁਰੂ ਜੀ ਦੀ ਸ਼ਰਨ ਪੈਣ ਦਾ ਅਰਥ ਪੰਜ ਪਿਆਰੇ ਸਾਹਿਬਾਨ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਕੇ ਗੁਰੂ ਵਾਲੇ ਬਣਨਾ ਹੈ, ਜਿਨ੍ਹਾਂ ਗੁਰੂ ਦੇ ਬਚਨਾਂ ਨੂੰ ਅਮਲੀ ਰੂਪ ’ਚ ਮੰਨ ਕੇ ਗੁਰਬਾਣੀ ਸਿਮਰਨ ਤੇ ਸੇਵਾ ’ਚ ਚਿੱਤ ਲਗਾ ਲਿਆ, ਉਨ੍ਹਾਂ ਦੇ ਸਾਰੇ ਦੁੱਖ ਦੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਪੂਰੇ ਸਤਿਗੁਰੂ ਜੀ ਸਤਸੰਗਤ ’ਚ ਆ ਕੇ ਗੁਰਬਾਣੀ, ਕਥਾ, ਕੀਰਤਨ ਸੁਣਨ ਨਾਲ ਸਾਡੇ ਪੁੰਨ ਬਣਦੇ ਹਨ, ਜੋ ਸਾਡੇ ਪਾਪ ਕੱਟਣ ਲਈ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜਕੱਲ ਪਾਖੰਡੀ ਦੇਹਧਾਰੀ ਗੁਰੂ ਬਹੁਤ ਬਣੇ ਫਿਰਦੇ ਹਨ, ਜੋ ਇਨ੍ਹਾਂ ਪਾਖੰਡੀਆਂ ਦੇ ਮਗਰ ਲਗਦੇ ਹਨ ਉਨ੍ਹਾਂ ਦਾ ਜੀਵਨ ਤਬਾਹ ਹੋ ਜਾਂਦਾ ਹੈ ਕਿਉਂਕਿ ਜਿਨ੍ਹਾਂ ਦੇ ਆਪਣੇ ਪੱਲੇ ਕੁਝ ਨਹੀਂ ਉਹ ਦੂਜਿਆਂ ਨੂੰ ਕੀ ਆਤਮਿਕ ਗਿਆਨ ਦੇਣਗੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਸਾਨੂੰ ਸ੍ਰੀ ਮੂਲ ਮੰਤਰ ਸਾਹਿਬ ਦੀ ਗੁਰਬਾਣੀ ਬਖਸ਼ਿਸ਼ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਅਕਾਲ ਪੁਰਖ ਪ੍ਰਮਾਤਮਾ ਇਕ ਹੈ ਤੇ ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਇਸ ਉਪਰੰਤ ਜਥੇ. ਪਰਮਿੰਦਰ ਸਿੰਘ ਖਾਲਸਾ ਤੇ ਡਾ. ਨਿਰਵੈਲ ਸਿੰਘ ਧਾਲੀਵਾਲ ਆਦਿ ਨੇ ਭਾਈ ਗੁਰਪ੍ਰੀਤ ਸਿੰਘ ਕਥਾ ਵਾਚਕ ਦਾ ਸਨਮਾਨ ਕੀਤਾ। ਇਸ ਮੌਕੇ ਭਾਈ ਹਰਮਹਿੰਦਰ ਸਿੰਘ, ਕਸ਼ਮੀਰ ਸਿੰਘ ਨੰਬਰਦਾਰ, ਭਾਈ ਜਗਜੀਤ ਸਿੰਘ, ਭਾਈ ਸਤਨਾਮ ਸਿੰਘ, ਨੰਬਰਦਾਰ ਜਸਵੀਰ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ।
ਵਾਧਾ– ਡਾ. ਅੰਬੇਡਕਰ ਦਾ ਜਨਮ ਦਿਹਾਡ਼ਾ
NEXT STORY