ਨਵੀਂ ਦਿੱਲੀ (ਬਿਊਰੋ)– ਪੰਜਾਬੀ ਗਾਇਕ ਕਰਨ ਔਜਲਾ ਵੀ ਕੈਨੇਡਾ ਤੋਂ ਦਿੱਲੀ ਕਿਸਾਨ ਅੰਦੋਲਨ ’ਚ ਹਿੱਸਾ ਲੈਣ ਪਹੁੰਚ ਗਏ ਹਨ। ਕਰਨ ਔਜਲਾ ਨੇ ਇਸ ਦੌਰਾਨ ਜਿਥੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ, ਉਥੇ ਖਾਲਸਾ ਏਡ ਨਾਲ ਮਿਲ ਕੇ ਸੇਵਾ ’ਚ ਵੀ ਹੱਥ ਵੰਡਾਇਆ। ਕਰਨ ਔਜਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਬੱਸਾਂ ਨੂੰ ਅੱਗ ਲਾਉਣ ਵਾਲੇ ਨਹੀਂ, ਸਗੋਂ ਵੈਰੀਆਂ ਨੂੰ ਪਰਸ਼ਾਦਾ ਛਕਾਉਣ ਵਾਲੇ ਬੰਦੇ ਹਾਂ।
ਕਰਨ ਔਜਲਾ ਨੇ ਗੱਲਬਾਤ ਦੌਰਾਨ ਕਿਹਾ, ‘ਇਥੇ ਆ ਕੇ ਮੇਰੀ ਰੂਹ ਖੁਸ਼ ਹੋ ਗਈ ਹੈ। ਅਜਿਹੀ ਚੀਜ਼ ਮੈਂ ਜ਼ਿੰਦਗੀ ’ਚ ਕਦੇ ਨਹੀਂ ਦੇਖੀ ਸੀ ਪਰ ਇਥੇ ਆ ਕੇ ਰੂਹ ਨੂੰ ਸ਼ਾਂਤੀ ਮਿਲਦੀ ਹੈ। ਮੈਂ ਇਸ ਸਮੇਂ ਜੋ ਮਹਿਸੂਸ ਕਰ ਰਿਹਾ ਹਾਂ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰਕਾਰ ਲਈ ਇਹ ਮਾੜੀ ਗੱਲ ਹੈ ਕਿ ਉਹ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਪਰ ਤੁਸੀਂ ਇਕ ਚੀਜ਼ ਦੇਖੋ ਸਾਡੇ ਬਜ਼ੁਰਗਾਂ, ਮਾਵਾਂ-ਭੈਣਾਂ ਦੇ ਚਿਹਰੇ ’ਤੇ ਅਜੇ ਵੀ ਮੁਸਕਰਾਹਟ ਹੈ। ਇਨ੍ਹਾਂ ਨੂੰ ਪਤਾ ਹੈ ਕਿ ਸਾਡੀ ਜਿੱਤ ਪੱਕੀ ਹੈ ਤੇ ਸਾਡੀ ਜਿੱਤ ਹੋ ਕੇ ਰਹੇਗੀ।’
ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਕਹਿਣ ਵਾਲੇ ਸਵਾਲ ’ਤੇ ਕਰਨ ਔਜਲਾ ਨੇ ਕਿਹਾ, ‘ਬਹੁਤ ਸਾਰੇ ਲੋਕ ਕਹਿੰਦੇ ਸਨ ਕਿ ਪੰਜਾਬ ’ਚ ਬਹੁਤ ਜ਼ਿਆਦਾ ਚਿੱਟਾ ਤੇ ਨਸ਼ਾ ਆ ਗਿਆ। ਉਨ੍ਹਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਥੇ ਆਓ ਤੇ ਦੇਖੋ ਇਥੇ ਕੀ ਹੋ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਇਥੇ ਬੈਠੇ ਹਨ। ਸਵੇਰ ਤੋਂ ਸ਼ਾਮ ਸੇਵਾ ਕਰਦੇ ਹਨ, ਉਨ੍ਹਾਂ ਦੀ ਸਾਰੀ ਜ਼ਿੰਦਗੀ ਇਥੇ ਹੈ।’
ਨੈਸ਼ਨਲ ਮੀਡੀਆ ਵਲੋਂ ਪਿੱਜ਼ਾ ਨੂੰ ਲੈ ਕੇ ਉੱਠ ਰਹੇ ਸਵਾਲਾਂ ’ਤੇ ਬੋਲਦਿਆਂ ਕਰਨ ਔਜਲਾ ਨੇ ਕਿਹਾ, ‘ਕਿਸਾਨਾਂ ਵਲੋਂ ਖਾਧਾ ਪਿੱਜ਼ਾ ਇਨ੍ਹਾਂ ਨੂੰ ਦਿਖ ਗਿਆ ਪਰ ਜੋ ਕਿਸਾਨ ਇਥੇ ਟਰਾਲੀਆਂ ਥੱਲੇ ਕੜਾਕੇ ਦੀ ਠੰਡ ’ਚ ਰਾਤ ਬਤੀਤ ਕਰ ਰਹੇ ਹਨ, ਉਹ ਚੀਜ਼ ਇਨ੍ਹਾਂ ਨੂੰ ਨਜ਼ਰ ਨਹੀਂ ਆ ਰਹੀ। ਰਹੀ ਗੱਲ ਪਿੱਜ਼ਾ ਦੀ ਤਾਂ ਇਹ ਬਾਬੇ ਨਾਨਕ ਦਾ ਲੰਗਰ ਹੈ, ਜੋ ਸ਼ੁਰੂ ਤੋਂ ਚੱਲਦਾ ਆਇਆ ਹੈ ਤੇ ਅੱਗੇ ਵੀ ਚੱਲਦਾ ਰਹੇਗਾ। ਇਸ ਨੂੰ ਕੋਈ ਰੋਕ ਨਹੀਂ ਸਕਦਾ।’
ਨੋਟ– ਕਰਨ ਔਜਲਾ ਦੀ ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।
ਦਿੱਲੀ ਦੀ ਸਰਹੱਦ ’ਤੇ ਬੈਠੇ ਕਿਸਾਨਾਂ ਲਈ ਲਾਇਆ ਦਸਤਾਰਾਂ ਦਾ ਲੰਗਰ
NEXT STORY