ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਨੇ ਕਰਤਾਰਪੁਰ ਲਾਂਘੇ ਰਾਹੀਂ ਜਗਤ ਗੁਰੂ ਨਾਨਕ ਦੇਵ ਦੀ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਸਰਕਾਰ ਵਲੋਂ ਰੱਖੀ ਗਈ ਪਾਸਪੋਰਟ ਦੀ ਸ਼ਰਤ 'ਤੇ ਸਖ਼ਤ ਇਤਰਾਜ਼ ਉਠਾਉਂਦੇ ਹੋਏ ਇਸ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ ਹੈ। 'ਆਪ' ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜੇ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਕੋਰੀਡੋਰ ਰਾਹੀਂ 'ਜਗਤ ਗੁਰੂ' ਦੀ ਕਰਮ ਭੂਮੀ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਹਟਾ ਸਕਦਾ ਹੈ ਤਾਂ ਭਾਰਤ 'ਚ ਦਰਸ਼ਨਾਂ ਲਈ ਜਦ ਅਪਲਾਈ ਕੀਤਾ ਜਾਂਦਾ ਹੈ ਤਾਂ ਪਾਸਪੋਰਟ ਦੀ ਕਾਪੀ ਦੀ ਮੰਗ ਕਿਉਂ ਕੀਤੀ ਜਾਂਦੀ ਹੈ? ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਰਲ ਤੋਂ ਸਰਲ ਸ਼ਰਤਾਂ 'ਤੇ ਆਧਾਰਿਤ ਹੋਣ ਕਿਉਂਕਿ ਅੱਜ ਵੀ ਜ਼ਿਆਦਾਤਰ ਨਾਗਰਿਕਾਂ ਕੋਲ ਪਾਸਪੋਰਟ ਨਹੀਂ ਹਨ, ਜਿਨ੍ਹਾਂ 'ਚ ਗ਼ਰੀਬ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਲਈ ਭਾਰਤ ਸਰਕਾਰ ਦੀ ਪਾਸਪੋਰਟ ਦੀ ਸ਼ਰਤ ਦੇ ਨਾਲ-ਨਾਲ ਵੋਟਰ ਕਾਰਡ, ਆਧਾਰ ਕਾਰਡ ਅਤੇ ਹੋਰ ਅਧਿਕਾਰਤ ਸ਼ਨਾਖ਼ਤੀ ਪਹਿਚਾਣ ਪੱਤਰਾਂ ਦਾ ਬਦਲ ਦਿੱਤਾ ਜਾਵੇ।
ਪ੍ਰਿੰਸੀਪਲ ਬੁੱਧ ਰਾਮ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਪਲਾਈ ਕਰਨ ਵਾਲੀ ਸੰਗਤ ਦੀ ਪੁਲਸ ਜਾਂਚ ਅਤੇ ਖ਼ੁਫ਼ੀਆ ਰਿਪੋਰਟਾਂ ਲਏ ਜਾਣ 'ਤੇ ਸਖ਼ਤ ਇਤਰਾਜ਼ ਕੀਤਾ। ਬੁੱਧ ਰਾਮ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਖ਼ੁਦ ਦੀ ਪੁਲਸ ਜਾਂਚ ਕਰਵਾਈ ਹੈ। ਜੇਕਰ ਇਕ ਵਿਧਾਇਕ ਦੀ ਵੀ ਪੁਲਸ ਜਾਂਚ ਹੁੰਦੀ ਹੈ ਤਾਂ ਨਾਨਕ ਨਾਮ ਲੇਵਾ ਸੰਗਤ ਦੀ ਕਿਸ ਪੱਧਰ ਤੱਕ ਖੱਜਲ-ਖ਼ੁਆਰੀ ਕੀਤੀ ਜਾਵੇਗੀ, ਇਸ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਹੋਰ ਵੀ ਸ਼ਿਕਾਇਤਾਂ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਲੀਡਰਸ਼ਿਪ ਕੋਲ ਆਈਆਂ ਹਨ। ਪ੍ਰਿੰ. ਬੁੱਧ ਰਾਮ ਅਤੇ ਬਾਕੀ 'ਆਪ' ਵਿਧਾਇਕਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਅਨਸਰ ਸ਼ੱਕੀ ਜਾਪਦਾ ਹੈ ਜਾਂ ਜਿਸ ਦਾ ਪਿਛੋਕੜ ਸ਼ੱਕੀ ਹੈ, ਅਜਿਹੇ ਲੋਕਾਂ ਦੀ ਹਰ ਪੱਧਰ 'ਤੇ ਜਾਂਚ ਜ਼ਰੂਰੀ ਹੈ ਪਰ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਿੱਖ ਨੌਜਵਾਨਾਂ ਨੂੰ ਪੰਥਕ ਜ਼ਿੰਮੇਵਾਰੀਆਂ ਨਿਭਾਉਣ ਲਈ ਸੱਦਾ
NEXT STORY