''ਜੇ ਹਾਦਸੇ ਇਸ ਸੰਸਾਰ 'ਚ ਵਾਪਰਦੇ ਹਨ ਤਾਂ ਉਮੀਦਾਂ ਦੀਆਂ ਕੂੰਬਲਾਂ ਵੀ ਇਸੇ ਮਿੱਟੀ 'ਚ ਹੀ ਖਿੜ੍ਹਦੀਆਂ ਹਨ। ਜਗ ਬਾਣੀ ਦੇ 4 ਦਹਾਕਿਆਂ ਦੇ ਸਫਰ ਨੇ ਆਪਣੇ ਨਾਲ ਯੁੱਗ ਬਦਲਦੇ ਵੇਖੇ ਹਨ। '40 ਸਾਲ' ਦੇ ਇਸ ਜਸ਼ਨ ਨਾਲ ਸਾਡਾ ਚਾਅ ਹੈ ਕਿ ਇਕ 'ਸੱਥ' ਸਜਾਈ ਜਾਵੇ। ਜਿਹਨੂੰ ਨਿੱਕੇ ਬਾਲਾਂ ਵਾਂਗ ਪੂਰੇ ਉਤਸ਼ਾਹ ਨਾਲ 'ਸ' ਸੱਥ ਪੜ੍ਹੀਏ। ਇਸ ਸੱਥ 'ਚ ਅਸੀਂ ਸਮਾਜ, ਸਿੱਖਿਆ, ਸਿਹਤ, ਸਿਨੇਮਾ, ਸਾਹਿਤ, ਸੇਵਾ, ਸੰਗੀਤ ਦਾ ਜ਼ਿਕਰ ਕਰ ਰਹੇ ਹਾਂ। ਇਸੇ ਸਿਲਸਿਲੇ 'ਚ ਸਿਆਸਤ ਵੀ ਹੈ ਪਰ ਜਿਵੇਂ ਦੁਸ਼ਯੰਤ ਕੁਮਾਰ ਕਹਿੰਦੇ ਹਨ ਕਿ ਮਸਲਹਤ-ਏ-ਆਮੇਜ਼ ਹੋਤੇ ਹੈਂ ਸਿਆਸਤ ਕਿ ਕਦਮ, ਤੂੰ ਨਹੀਂ ਸਮਝੇਗਾ ਤੂੰ ਅਭੀ ਇਨਸਾਨ ਹੈ। ਸੋ ਸਿਆਸਤ ਦੇ ਜ਼ਿਕਰ ਤੋਂ ਪਾਰ ਉਮੀਦ ਦੀਆਂ ਗੱਲਾਂ ਕਰੀਏ। ਇਸੇ ਦਾ ਸੰਵਾਦ ਤੋਰੀਏ। ਇਸ 'ਸਿਲਸਿਲੇ' ਦੀ 'ਸੱਥ' ਵਿਚ ਤੁਰੇ ਇਸ 'ਸੰਵਾਦ' ਨਾਲ 'ਸਮਾਜ' ਵਿਚ ਰੌਸ਼ਨ ਮਨਾਂ ਦੇ 'ਸੂਰਜ' ਚੜ੍ਹਣ, ਇਹੋ ਸਾਡੀ ਅਰਦਾਸ ਹੈ।''
'ਸ' ਸਮਾਜ ਤੇ ਸੇਵਾ
1999 ਦੀ ਵਿਸਾਖੀ ਸੀ। ਖਾਲਸੇ ਦੇ 300 ਸਾਲਾ ਜਨਮ ਦਿਹਾੜੇ ਦਾ ਜਲੌਅ ਸੀ। ਖਾਲਸੇ ਦੇ ਜਨਮ ਦਿਨ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਪੂਰੀ ਦੁਨੀਆ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੀ। ਇਸੇ ਸਾਲ 'ਖਾਲਸਾ ਏਡ' ਹੋਂਦ ਵਿਚ ਆਉਂਦੀ ਹੈ। ਇਕ ਬੰਦਾ ਹੈ ਨਿਰੀ ਪੁਰੀ ਉਮੀਦ। ਸਿੱਖ ਫਲਸਪੇ ਦੀਆਂ ਰੂਹਦਾਰੀਆਂ 'ਚ ਪਏ ਸੇਵਾ ਦੇ ਸੰਕਲਪਾਂ ਨੂੰ ਮਨ 'ਚ ਵਸਾਈ ਇਹ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਉਲੀਕਦਾ ਹੈ। ਇਹ ਇਕ ਅਜਿਹਾ ਕਾਫਲਾ ਬਣਾਉਂਦਾ ਹੈ, ਜਿਸਨੂੰ ਅਸੀਂ 'ਖਾਲਸਾ ਏਡ' ਵਜੋਂ ਜਾਣਦੇ ਹਾਂ। ਇਹ ਰਵੀ ਸਿੰਘ (ਪੂਰਾ ਨਾਮ ਰਵਿੰਦਰ ਸਿੰਘ) ਹਨ।
ਗੋਲ ਦਸਤਾਰ, ਸਾਧਾਰਨ ਮੜੰਗਾ, ਸਾਦਗੀ ਭਰਿਆ ਇਹ ਸਿੰਘ ਇਨਸਾਨੀਅਤ ਲਈ ਜਿਊਂਦਾ ਹੈ। ਮਨੁੱਖਤਾ ਦਾ ਜਿੱਥੇ ਜਿੱਥੇ ਵੀ ਘਾਣ ਹੁੰਦਾ ਹੈ, ਉਸ ਲਈ ਬੇਬਾਕੀ ਨਾਲ ਆਪਣੀ ਗੱਲ ਕਹਿਣ ਦੀ, ਰੱਖਣ ਦੀ ਜੁਰਅਤ ਦੇ ਨਾਲ-ਨਾਲ ਮਜ਼ਲੂਮਾਂ, ਬੇਸਹਾਰਿਆਂ ਦੀ ਸੇਵਾ ਕਰਨ ਨੂੰ ਹਰਦਮ ਤਿਆਰ ਰਹਿੰਦਾ ਹੈ।
ਰਵੀ ਸਿੰਘ ਕਹਿੰਦੇ ਹਨ, ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਦੱਸੇ ਰਾਹ 'ਤੇ ਚੱਲਣਾ ਸਾਡਾ ਫਰਜ਼ ਹੈ। ਕਿਰਤ ਕਰਨੀ, ਭਾਈਚਾਰਕ ਸਾਂਝ, ਸਾਂਝੀਵਾਲਤਾ ਦੀ ਗੱਲ, ਸੇਵਾ, ਦਸਵੰਧ ਇਸ ਗੁੜ੍ਹਤੀ ਨਾਲ ਤੁਰਦਿਆਂ ਅਸੀਂ ਜੋ ਕਰ ਰਹੇ ਹਾਂ, ਇਹੋ ਸਾਡੀ ਵਿਰਾਸਤ ਹੈ।
ਖਾਲਸਾ ਏਡ ਦੀ ਫੌਜ
ਖਾਲਸਾ ਏਡ 25 ਤੋਂ ਵੱਧ ਦੇਸ਼ਾਂ 'ਚ ਆਪਣੇ ਮਿਸ਼ਨ ਪੂਰੇ ਕਰ ਚੁੱਕਾ ਹੈ। ਇਸ ਸੰਸਥਾ ਦੇ 6 ਮੁੱਖ ਟਰੱਸਟੀ ਹਨ। 2012 ਤੋਂ ਖਾਲਸਾ ਏਡ ਭਾਰਤ 'ਚ ਗੈਰ ਸਰਕਾਰੀ ਸੰਸਥਾ ਵਜੋਂ ਦਰਜ ਹੋਈ ਹੈ। ਭਾਰਤ 'ਚ ਇਸਦੇ 9 ਟਰੱਸਟੀ ਹਨ। ਇਸ ਸਮੇਂ ਖਾਲਸਾ ਏਡ ਦੇ 18 ਹਜ਼ਾਰ ਸਮਾਜਿਕ ਕਾਰਕੁੰਨ ਹਨ।
ਖਾਲਸਾ ਏਡ ਦੇ ਵਿੱਤੀ ਸਾਧਨ
ਖਾਲਸਾ ਏਡ ਆਪਣੇ ਵਲੰਟੀਅਰ ਦੀ ਦਸਵੰਧ ਤੇ ਸੰਸਾਰ ਭਰ ਤੋਂ ਕੀਤੇ ਜਾਂਦੇ ਦਾਨ ਤੋਂ ਚੱਲਦੀ ਹੈ। ਖਾਲਸਾ ਏਡ ਨੂੰ ਪੈਸਾ ਸਿੱਧਾ ਅਕਾਊਂਟ 'ਚ ਹੀ ਦਿੱਤਾ ਜਾਂਦਾ ਹੈ। ਖਾਲਸਾ ਏਡ ਨੂੰ ਇੰਗਲੈਂਡ 'ਚ ਜਸਟ ਗਿਵਿੰਗ ਵੈੱਬਸਾਈਟ ਰਾਹੀਂ ਦਾਨ ਦਿੱਤਾ ਜਾਂਦਾ ਹੈ। ਇਹ ਇੰਗਲੈਂਡ ਦੀ ਅਜਿਹੀ ਵੈੱਬਸਾਈਟ ਹੈ, ਜਿਥੇ ਇੰਗਲੈਂਡ 'ਚ ਕੰਮ ਕਰਦੀਆਂ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਫੰਡ ਜਮ੍ਹਾ ਹੁੰਦਾ ਹੈ। ਇਸੇ ਥਾਂ ਖਾਲਸਾ ਏਡ ਨੂੰ ਹੋਏ ਦਾਨ ਦਾ 2.5 ਫੀਸਦੀ ਸਰਕਾਰ ਵਲੋਂ ਪੈਸਾ ਪਾਇਆ ਜਾਂਦਾ ਹੈ। ਖਾਲਸਾ ਏਡ ਦੇ ਪ੍ਰਬੰਧਕੀ ਢਾਂਚੇ ਦੇ ਖਰਚੇ ਤੇ ਕਰਮਚਾਰੀਆਂ ਦੀ ਤਨਖਾਹ ਇਸੇ 2.5 ਫੀਸਦੀ 'ਚੋਂ ਨਿਕਲਦੀ ਹੈ।
ਖਾਲਸਾ ਏਡ ਦੇ ਮਿਸ਼ਨ ਦੀ ਸ਼ੁਰੂਆਤ
1999 ਅਪ੍ਰੈਲ -ਅਲਬਾਨੀਆ ਤੇ ਕੋਸੋਵੋ ਮਿਸ਼ਨ
ਕੋਸੋਵੋ 'ਚ ਖੂਨੀ ਜੰਗ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਬੇਘਰ ਹੋ ਗਏ। ਜਦੋਂ ਸਿੱਖ ਕੌਮ ਵਿਸਾਖੀ ਮਨਾ ਰਹੀ ਸੀ ਉਨ੍ਹਾਂ ਸਮਿਆਂ 'ਚ ਕੋਸੋਵੋ 'ਚ ਜੰਗ ਨੇ ਉਥੋਂ ਦੇ ਲੋਕਾਂ ਦੇ ਹਾਲਾਤ ਮਾੜੇ ਕਰ ਦਿੱਤੇ ਸੀ। ਸਿਰਫ 2 ਹਫਤਿਆਂ 'ਚ ਇਸ ਜੰਗ 'ਚ ਉਜੜਿਆਂ ਦੇ ਢਿੱਡ 'ਚ ਰੋਟੀ ਪਾਉਣ ਲਈ ਇਕ ਹੋਕੇ 'ਤੇ ਹੀ ਖਾਲਸਾ ਏਡ ਨੂੰ ਲੋਕਾਂ ਨੇ ਆਪਣੀ ਦਸਵੰਧ 'ਚੋਂ ਮਦਦ ਕੀਤੀ ਤੇ ਦੋ ਟਰੱਕਾਂ ਦੇ ਕਾਫਲੇ ਨਾਲ ਕੋਸੋਵੋ ਦੀ ਜੰਗ ਦਰਮਿਆਨ ਭਾਈ ਘਨੱ੍ਹਈਏ ਵਾਂਗ ਰਵੀ ਸਿੰਘ ਤੇ ਖਾਲਸਾ ਏਡ ਲੰਗਰ ਮਾਰਫਤ ਪ੍ਰਸ਼ਾਦੇ ਛਕਾ ਰਹੇ ਸਨ।
2014 ਜਨਵਰੀ—ਯੂਨਾਈਟਿਡ ਕਿੰਗਡਮ ਹੜ੍ਹ
1999 ਤੋਂ ਸਰਗਰਮ ਖਾਲਸਾ ਏਡ ਨੂੰ 2014 ਦੇ ਸਮਰਸੈੱਟ ਅਤੇ ਬਰਕਸ਼ਾਇਰ ਖੇਤਰ ਵਾਲੇ ਪਿੰਡਾਂ ਅਤੇ ਆਲੇ ਦੁਆਲੇ ਆਏ ਹੜ੍ਹਾਂ ਦੌਰਾਨ ਮਦਦ ਤੋਂ ਬਾਅਦ ਤੇਜ਼ੀ ਨਾਲ ਪਛਾਣ ਮਿਲੀ। ਇਸ ਦੌਰਾਨ ਖਾਲਸਾ ਏਡ ਨੇ ਆਪਣੇ ਕਾਰਕੁੰਨਾਂ ਨਾਲ ਸਾਫ ਸਫਾਈ, ਖਾਣ-ਪੀਣ ਦੀ ਸੇਵਾ ਨਿਭਾਈ। ਖਾਲਸਾ ਏਡ ਵਲੋਂ ਦਿੱਤੀ ਸੇਵਾਵਾਂ ਦਾ ਗੋਰਿਆਂ ਨੇ ਦਿਲੋਂ ਸ਼ੁਕਰਾਨਾ ਕੀਤਾ ਤੇ ਖੁਦ ਵੀ ਅੱਗੇ ਆਉਣ ਵਾਲੀਆਂ ਮੁਹਿੰਮਾਂ 'ਚ ਬਤੌਰ ਵਲੰਟੀਅਰ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੰਗਲੈਂਡ ਦੇ ਇਕ ਟੈਲੀਵਿਜ਼ਨ ਸ਼ੋਅ 'ਸਰਪ੍ਰਾਈਜ਼ ਸਰਪ੍ਰਾਈਜ਼' ਵਿਚ ਰਵੀ ਸਿੰਘ ਨੂੰ ਉਚੇਚਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਮਨਪਸੰਦ ਕਬਾੜ ਹੋ ਗਈ ਗੱਡੀ ਨੂੰ ਸੁਧਾਰ ਕੇ ਉਨ੍ਹਾਂ ਨੂੰ ਤੋਹਫੇ ਵਜੋਂ ਦਿੱਤੀ ਗਈ।
ਇਸ ਦੌਰਾਨ ਖਾਲਸਾ ਏਡ ਦਾ ਕੰਮ ਸ਼ਲਾਘਾਯੋਗ ਰਿਹਾ ਹੈ। ਖਾਲਸਾ ਏਡ ਨੇ 1500 ਘੰਟੇ 'ਚ ਆਪਣੇ 50 ਵਲੰਟੀਅਰਾਂ ਨਾਲ 1 ਲੱਖ ਕੂੜਾ ਕਬਾੜ ਦੇ ਬੈਗਾਂ ਨਾਲ 600 ਟਨ ਕਬਾੜ ਦੀ ਢੋਅ ਸਫਾਈ ਕੀਤੀ ਜੋ ਹੜ੍ਹ ਵੇਲੇ ਘਰਾਂ 'ਚ ਆ ਵੜਿਆ ਸੀ।
2015 ਅਪ੍ਰੈਲ : ਨੇਪਾਲ ਭੂਚਾਲ
ਭੂਚਾਲ ਤੋਂ ਪ੍ਰਭਾਵਿਤ ਹੋਏ 12000 ਪੀੜਤਾਂ ਤਕ ਰੋਜ਼ਾਨਾ 10000 ਬੰਦਿਆਂ ਲਈ ਲੰਗਰ ਦਾ ਪ੍ਰਬੰਧ ਕਰਕੇ ਖਾਲਸਾ ਏਡ ਨੇ ਨੇਪਾਲ 'ਚ ਵੱਡੀ ਮਦਦ ਕੀਤੀ। ਖਾਲਸਾ ਏਡ ਨੇ ਲੰਗਰ ਦਾ ਪੂਰਾ ਪ੍ਰਬੰਧ ਲਗਾਤਾਰ 2 ਮਹੀਨੇ ਜਾਰੀ ਰੱਖਿਆ। ਇਸ ਵੇਲੇ ਦੇ ਉਜੜਿਆਂ ਲਈ ਹੁਣ ਤਕ ਖਾਲਸਾ ਏਡ 2 ਸਾਲ 'ਚ ਨਿਰੰਤਰ ਸੇਵਾ ਆਰੰਭ ਕੇ 1200 ਘਰ ਬਣਾ ਚੁੱਕਾ ਹੈ।
ਸਿਹਤ ਅਤੇ ਸਿੱਖਿਆ 'ਫੋਕਸ ਪੰਜਾਬ'
ਕਿਸੇ ਸਮਾਜ ਦੀ ਤਰੱਕੀ 'ਚ ਉਥੋਂ ਦੀ ਸਿਹਤ ਤੇ ਸਿੱਖਿਆ ਦਾ ਯੋਗਦਾਨ ਖਾਸ ਹੁੰਦਾ ਹੈ। ਪੰਜਾਬ 'ਚ ਖਾਲਸਾ ਏਡ 1500 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਿਹਾ ਹੈ। ਪੰਜਾਬ 'ਚ ਸਸਤੀ ਤੇ ਮਿਆਰੀ ਸਿੱਖਿਆ ਵੱਡੀ ਬਹਿਸ ਹੈ। ਇਸੇ ਕਾਰਨ ਭਾਈ ਲਾਲੋ ਮਿਡਲ ਸਕੂਲ ਪਟਿਆਲਾ 'ਚ ਭਾਈ ਘਨ੍ਹੱਈਆ ਚੈਰੀਟੇਬਲ ਟਰੱਸਟ ਮਾਰਫਤ ਚਲਾਇਆ ਜਾ ਰਿਹਾ ਹੈ। ਦੂਜਾ ਸਕੂਲ ਖਾਲਸਾ ਏਡ ਦਸ਼ਮੇਸ਼ ਸਕੂਲ ਭਵਾਨੀਗੜ੍ਹ ਨੇੜੇ ਪਿੰਡ ਕਾਕੜਾ, ਜ਼ਿਲੇ ਸੰਗਰੂਰ 'ਚ ਪੈਂਦਾ ਹੈ।
ਐਂਟੀਨੈਸ਼ਨਲ 'ਖਾਲਸਾ ਏਡ'
ਖਾਲਸਾ ਏਡ ਦੇ ਅਮਰਪ੍ਰੀਤ ਸਿੰਘ ਦੱਸਦੇ ਹਨ ਕਿ ਸਾਡੀ ਸੰਸਥਾ ਵਲੋਂ ਕੰਮ ਕਰਨਾ ਸੌਖਾ ਨਹੀਂ ਹੈ। ਬਸ ਇਹ ਤਾਂ ਲੋਕਾਂ ਦਾ ਪਿਆਰ, ਹੌਸਲਾ ਤੇ ਉਮੀਦ ਹੈ ਜਿਸ ਨਾਲ ਅਸੀਂ ਇਹ ਕੰਮ ਕਰ ਪਾਉਂਦੇ ਹਾਂ। ਖਾਲਸਾ ਏਡ ਵਲੋਂ ਕੀਤੇ ਕੰਮਾਂ ਨੂੰ ਦੁਨੀਆ ਦੇ ਕੁਝ ਫਿਰਕੂ ਨਜ਼ਰ ਨਾਲ ਵੇਖਦੇ ਹਨ। ਖਾਲਸਾ ਏਡ ਨੂੰ ਕੋਈ ਐੈਂਟੀ-ਨੈਸ਼ਨਲ ਕਹਿੰਦਾ ਹੈ ਤੇ ਕੋਈ ਇਹ ਯਾਦ ਕਰਾਉਂਦਾ ਹੈ ਕਿ ਤੁਸੀਂ ਰੋਹਿੰਗਿਆ 'ਚ ਮੁਸਲਮਾਨਾਂ ਲਈ ਕੰਮ ਨਹੀਂ ਕਰ ਰਹੇ ਸਗੋਂ ਅੱਤਵਾਦੀਆਂ ਨੂੰ ਮਦਦ ਕਰ ਰਹੇ ਹੋ। ਕੋਈ ਯਾਦ ਕਰਵਾ ਰਿਹਾ ਹੈ ਕਿ ਰੋਹਿੰਗਿਆ 'ਚ ਮੁਸਲਮਾਨਾਂ ਲਈ ਤਾਂ ਮਦਦ ਕਰਨ ਪਹੁੰਚ ਗਏ ਪਰ ਹਿੰਦੂਆਂ ਵਾਰੀ ਕਿੱਥੇ ਸੀ?
ਅਮਰਪ੍ਰੀਤ ਸਿੰਘ ਦੱਸਦੇ ਹਨ ਕਿ ਕਈ ਵਾਰ ਮਨ ਪ੍ਰੇਸ਼ਾਨ ਹੁੰਦਾ ਹੈ ਕਿਉਂਕਿ ਅਸੀਂ ਸੇਵਾ ਕਰਦਿਆਂ ਸਾਹਮਣੇ ਵਾਲੇ ਦੀ ਜਾਤ, ਧਰਮ, ਨਸਲ ਨਹੀਂ ਦੇਖਦੇ ਪਰ ਅਖੀਰ ਸਾਨੂੰ ਦੱਸਣਾ ਪੈਂਦਾ ਹੈ ਕਿ ਅਸੀਂ ਨੇਪਾਲ ਭੂਚਾਲ, ਗੁਜਰਾਤ ਭੂਚਾਲ, ਉੜੀਸਾ, ਸੁਨਾਮੀ, ਉ੍ਰਤਰਾਖੰਡ ਹੜ੍ਹਾਂ 'ਚ ਕੇਦਾਰਨਾਥ ਤੋਂ ਲੈ ਕੇ ਬਹੁਤ ਸਾਰੀਆਂ ਹਿੰਦੂ ਅਬਾਦੀ ਵਾਲੀਆਂ ਥਾਵਾਂ 'ਤੇ ਵੀ ਮਦਦ ਕੀਤੀ ਸੀ। ਬੇਸ਼ੱਕ ਸਾਨੂੰ ਐਂਟੀਨੈਸ਼ਨਲ ਦੇ ਠੱਪੇ 'ਚ ਪੀੜਤ ਵੀ ਹੋਣਾ ਪੈਂਦਾ ਹੈ ਪਰ ਸੱਚ ਇਹੋ ਹੈ ਕਿ ਸਾਡੀ ਸੇਵਾ ਇਨਸਾਨੀਅਤ ਨੂੰ ਸਮਰਪਿਤ ਹੈ।
ਰਵੀ ਸਿੰਘ ਕਹਿੰਦੇ ਹਨ ਕਿ ਸਾਡੀ ਵਿਰਾਸਤ ਤਾਂ ਉਹ ਹੈ ਜਿਥੇ ਸਾਡਾ ਨਾਇਕ ਭਾਈ ਘਨੱ੍ਹਈਆ ਵਰਗੀਆਂ ਸ਼ਖਸੀਅਤਾਂ ਹਨ। ਭਾਈ ਘਨੱ੍ਹਈਆ ਗੁਰੂ ਗੋਬਿੰਦ ਸਿੰਘ ਅਤੇ ਮੁਗਲ ਹਕੂਮਤ ਵਿਚਕਾਰ ਜੰਗ ਵੇਲੇ ਖਾਲਸਾ ਫੌਜ ਅਤੇ ਮੁਗਲੀਆ ਫੌਜ ਨੂੰ ਬਰਾਬਰ ਪਾਣੀ ਵੀ ਪਿਆ ਰਿਹਾ ਹੈ ਅਤੇ ਉਨ੍ਹਾਂ ਦੇ ਜ਼ਖਮਾਂ ਲਈ ਮੱਲ੍ਹਮ-ਪੱਟੀ ਵੀ ਕਰ ਰਹੇ ਹਨ।
ਅਮਰਪ੍ਰੀਤ ਸਾਨੂੰ ਖਾਲਸਾ ਏਡ ਨੂੰ ਲੈ ਕੇ ਕੀਤੇ ਫਿਰਕੂ ਟਵੀਟ ਦਿਖਾਉਂਦੇ ਹਨ। ਇਨ੍ਹਾਂ ਟਵੀਟ ਨੂੰ ਦੇਖਦਿਆਂ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਵੱਡੀਆਂ ਤ੍ਰਾਸਦੀਆਂ ਦਰਮਿਆਨ ਇਨ੍ਹਾਂ ਸੰਸਥਾਵਾਂ ਦੀ ਬੁਨਿਆਦ, ਗੁੰਜਾਇਸ਼ ਸਦਾ ਰਹਿਣੀ ਚਾਹੀਦੀ ਹੈ।
ਐੱਨ. ਡੀ. ਪੀ. ਐੱਸ. ਕੇਸ : ਦੋਸ਼ੀ ਨੂੰ 10 ਸਾਲ ਕੈਦ
NEXT STORY