ਬਰਨਾਲਾ/ਤਰਨਤਾਰਨ/ਵੈਰੋਵਾਲ, (ਸਿੰਧਵਾਨੀ, ਰਵੀ, ਗਿੱਲ, ਖਹਿਰਾ)- ਤਰਨਤਾਰਨ ਤੋਂ ਤਿੰਨ ਦਿਨ ਪਹਿਲਾਂ ਅਗਵਾ ਹੋਏ ਬੱਚੇ ਨੂੰ ਬਰਨਾਲਾ ਪੁਲਸ ਨੇ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਡੀ. ਐੱਸ. ਪੀ. ਦਫਤਰ ਵਿਖੇ ਬੱਚੇ ਨੂੰ ਪਰਿਵਾਰ ਵਾਲਿਆਂ ਦੇ ਸਪੁਰਦ ਕੀਤਾ ਗਿਆ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ 17 ਅਗਸਤ ਨੂੰ ਪਿੰਡ ਵੈਰੋਵਾਲ ਬਾਵਿਆਂ ਜ਼ਿਲਾ ਤਰਨਤਾਰਨ ਤੋਂ ਇਕ ਬੱਚਾ ਜਸ਼ਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਅਗਵਾ ਹੋਇਆ ਸੀ, ਜਿਸ ਦੇ ਸਬੰਧ 'ਚ ਜਸਵੀਰ ਸਿੰਘ ਦੇ ਬਿਆਨਾਂ 'ਤੇ 18 ਅਗਸਤ ਨੂੰ ਬਰਖਿਲਾਫ ਜਰਨੈਲ ਸਿੰਘ ਪੁੱਤਰ ਗੁਰਦੀਪ ਸਿੰਘ 'ਤੇ ਕੇਸ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਸੀ ਕਿ ਬੱਚੇ ਦੇ ਪਿਤਾ ਜਸਵੀਰ ਸਿੰਘ ਨੇ ਜਰਨੈਲ ਸਿੰਘ ਨੂੰ ਆਪਣੇ ਆੜ੍ਹਤੀਆਂ ਪਾਸੋਂ ਆਪਣੀ ਜ਼ਿੰਮੇਵਾਰੀ 'ਤੇ ਇਕ ਲੱਖ ਰੁ. ਵਿਆਜ 'ਤੇ ਦੁਆਏ ਹੋਏ ਸਨ। ਜੋ ਆੜ੍ਹਤੀਆਂ ਵੱਲੋਂ ਆਪਣੇ ਪੈਸਿਆਂ ਦੇ ਲੈਣ-ਦੇਣ ਸਬੰਧੀ ਜਰਨੈਲ ਸਿੰਘ ਵਿਰੁੱਧ ਦਾਅਵਾ ਦਾਇਰ ਕੀਤਾ ਹੋਇਆ ਸੀ, ਜਿਸ 'ਚ ਜਸਵੀਰ ਸਿੰਘ ਦੀ ਗਵਾਹੀ ਸੀ ਅਤੇ ਇਸ 'ਚ ਮਿਤੀ 21 ਅਗਸਤ ਲੱਗੀ ਹੋਈ ਹੈ। ਜਰਨੈਲ ਸਿੰਘ, ਜਸਵੀਰ ਸਿੰਘ ਨੂੰ ਗਵਾਹੀ ਦੇਣ ਤੋਂ ਰੋਕਦਾ ਸੀ। ਇਸ ਰੰਜਿਸ਼ ਕਰਕੇ ਉਸ ਵੱਲੋਂ ਬੱਚੇ ਨੂੰ ਅਗਵਾ ਕਰ ਕੇ ਜਸਵੀਰ ਸਿੰਘ 'ਤੇ ਦਬਾਅ ਪਾਇਆ ਜਾ ਰਿਹਾ ਸੀ। ਉਕਤ ਮੁਕੱਦਮੇ ਦੀ ਤਫਤੀਸ਼ ਥਾਣਾ ਥੰਮਣ ਸਿੰਘ, ਵੈਰੋਵਾਲ ਵੱਲੋਂ ਅਮਲ 'ਚ ਲਿਆਂਦੀ ਜਾ ਰਹੀ ਸੀ, ਜਿਨ੍ਹਾਂ ਵੱਲੋਂ 19 ਅਗਸਤ ਨੂੰ ਇਕ ਵਾਇਰਲੈਸ ਮੈਸੇਜ ਕੰਟਰੋਲ ਰੂਮ ਰਾਹੀਂ ਭੇਜਿਆ ਗਿਆ ਸੀ, ਜਿਸ 'ਚ ਅਗਵਾ ਹੋਏ ਬੱਚੇ ਬਾਰੇ, ਦੋਸ਼ੀ ਦੇ ਨਾਮ ਅਤੇ ਹੁਲੀਏ ਬਾਰੇ ਅਤੇ ਮੋਟਰਸਾਈਕਲ ਨੰ. ਲਿਖਿਆ ਹੋਇਆ ਸੀ। ਮੈਸੇਜ ਮਿਲਣ 'ਤੇ ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਇੰਸ. ਗੁਰਵੀਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਬਰਨਾਲਾ ਵੱਲੋਂ ਸਮੇਤ ਥਾਣਾ ਦੀ ਪੁਲਸ ਪਾਰਟੀ ਅਤੇ ਪੀ.ਸੀ.ਆਰ. ਪਾਰਟੀ ਨੰ. 'ਤੇ ਤਾਇਨਾਤ ਹੌਲਦਾਰ ਕੇਵਲ ਸਿੰਘ ਨੰ.186, ਸਿਪਾਹੀ ਗੁਰਮੀਤ ਸਿੰਘ ਨੰ. 471/1 ਕਮਾਂਡੋ ਦੇ ਨਾਕਾਬੰਦੀ ਕਰ ਕੇ ਦਾਣਾ ਮੰਡੀ ਬਰਨਾਲਾ ਵਿਖੇ ਉਕਤ ਦੋਸ਼ੀ ਜਰਨੈਲ ਸਿੰਘ ਨੂੰ ਸਮੇਤ ਅਗਵਾ ਬੱਚੇ ਦੇ ਕਾਬੂ ਕੀਤਾ ਗਿਆ ਅਤੇ ਮੁਕੱਦਮਾ ਦੇ ਤਫਤੀਸ਼ੀ ਅਫਸਰ ਰਾਹੀਂ ਦੋਸ਼ੀ ਨੂੰ ਗ੍ਰਿਫਤਾਰ ਕਰਵਾਇਆ ਗਿਆ।
ਬੱਚੇ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੂੰ ਦੋਸ਼ੀ ਟਿਊਸ਼ਨ ਤੋਂ ਇਹ ਕਹਿ ਕੇ ਲੈ ਗਿਆ ਸੀ ਕਿ ਤੇਰੇ ਘਰ ਪ੍ਰਾਹੁਣੇ ਆਏ ਨੇ ਤੇ ਤੈਨੂੰ ਘਰ ਬੁਲਾਇਆ ਹੈ, ਜਿਸ 'ਤੇ ਮੈਂ ਇਸ ਦੇ ਨਾਲ ਚਲਾ ਗਿਆ ਪਰ ਇਹ ਮੈਨੂੰ ਘਰ ਨਹੀਂ ਲੈ ਕੇ ਗਿਆ ਤੇ ਹੋਰ ਹੀ ਬਹਾਨੇ ਬਣਾਉਂਦਾ ਰਿਹਾ। ਉਸ ਨੇ ਦੱਸਿਆ ਇਹ ਮੈਨੂੰ ਜੂਸ ਵਗੈਰਾ ਪਿਲਾਉਂਦਾ ਰਿਹਾ ਪਰ ਰੋਟੀ ਨਹੀਂ ਖੁਆਈ। ਰਾਤ ਨੂੰ ਮੈਨੂੰ ਇਹ ਗੁਰਦੁਆਰੇ ਲੈ ਗਿਆ ਸੀ ਤੇ ਮੇਰੇ ਤੋਂ ਦੂਰ ਹੋ ਕੇ ਮੇਰੇ ਪਾਪਾ ਨੂੰ ਫੋਨ 'ਤੇ ਕਹਿੰਦਾ ਹੁੰਦਾ ਸੀ ਕਿ ਮੈਂ ਆਪ ਵੀ ਜ਼ਹਿਰ ਖਾ ਕੇ ਮਰ ਜਾਣਾ ਤੇ ਤੇਰੇ ਲੜਕੇ ਨੂੰ ਵੀ ਜ਼ਹਿਰ ਖੁਆ ਦੇਣਾ ।
ਜੇਲ ’ਚ ਸੁੱਟੇ ਗਏ ਪਾਬੰਦੀ ਸ਼ੁਦਾ ਸਾਮਾਨ ਨੂੰ ਲਾਈ ਅੱਗ
NEXT STORY