ਬਠਿੰਡਾ (ਵਰਮਾ)-ਜ਼ਿਲਾ ਸੈਸ਼ਨ ਜੱਜ ਨੇ ਸ਼ਨੀਵਾਰ ਨੂੰ ਇਕ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਵਿਚ ਉਮਰ ਕੈਦ ਤੇ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਇਕਬਾਲ ਸਿੰਘ ਨੇ ਦੋ ਸਾਲ ਪਹਿਲਾਂ ਆਪਣੀ ਪਤਨੀ ਜਸਵਿੰਦਰ ਕੌਰ ਦਾ ਆਪਣੇ ਘਰ ਵਿਚ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੌੜ ਪੁਲਸ ਨੇ ਮੁਲਜ਼ਮ ਖਿਲਾਫ ਜੁਲਾਈ 2016 ਵਿਚ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਥਾਣਾ ਮੌੜ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਔਰਤ ਜਸਵਿੰਦਰ ਕੌਰ ਦੇ ਭਰਾ ਨੇ ਦੱਸਿਆ ਕਿ ਉਸ ਦਾ ਜੀਜਾ ਇਕਬਾਲ ਸਿੰਘ ਸ਼ਰਾਬ ਵੇਚਣ ਦਾ ਆਦੀ ਸੀ। ਸ਼ਰਾਬ ਸਮੱਗਲਿੰਗ ਕਰਨ ਤੋਂ ਉਸ ਦੀ ਭੈਣ ਆਪਣੇ ਪਤੀ ਨੂੰ ਰੋਕਦੀ ਸੀ ਪਰ ਉਹ ਨਹੀਂ ਰੁਕਿਆ ਅਤੇ 27 ਜੁਲਾਈ ਨੂੰ ਉਸ ਦੇ ਜੀਜੇ ਕੋਲੋਂ ਪੁਲਸ ਨੇ ਸ਼ਰਾਬ ਫੜ ਲਈ ਸੀ, ਜਿਸ ਨੂੰ ਲੈ ਕੇ ਉਸ ਦੇ ਜੀਜੇ ਦਾ ਉਸ ਦੀ ਭੈਣ ਨਾਲ ਝਗੜਾ ਹੋ ਗਿਆ ਸੀ ਅਤੇ 28 ਜੁਲਾਈ ਨੂੰ ਸਵੇਰੇ ਉਸ ਨੂੰ ਪਤਾ ਲਗਾ ਕਿ ਉਸ ਦੀ ਭੈਣ ਦਾ ਕਤਲ ਉਸ ਦੇ ਜੀਜੇ ਨੇ ਕਰ ਦਿੱਤਾ। ਥਾਣਾ ਮੌੜ ਪੁਲਸ ਦੇ ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ 'ਤੇ ਮੁਲਜ਼ਮ ਇਕਬਾਲ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਕੁਝ ਸਮੇਂ ਬਾਅਦ ਉਕਤ ਕੇਸ ਦਾ ਚਲਾਨ ਜ਼ਿਲਾ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ। ਜ਼ਿਲਾ ਅਦਾਲਤ ਵਿਚ ਚੱਲੇ ਦੋ ਸਾਲ ਦੇ ਟਰਾਇਲ ਤੋਂ ਬਾਅਦ ਜ਼ਿਲਾ ਸੈਸ਼ਨ ਜੱਜ ਨੇ ਪੀੜਤ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮ ਇਕਬਾਲ ਸਿੰਘ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਵਿਚ ਉਮਰ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ।
ਪੰਜਾਬ ਵੈਟਰਨਰੀ ਵਿਭਾਗ ਦੇ ਇੰਸਪੈਕਟਰ ਨੇ ਲਾਇਆ ਫਾਹਾ
NEXT STORY