ਚੰਡੀਗੜ੍ਹ (ਰਾਏ) - ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਸ਼ਹਿਰ ਵਿਚ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਹੋਣਾ ਪੁਰਾਣੀ ਗੱਲ ਹੈ ਪਰ ਗੈਂਗਰੇਪ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੜਕਿਆਂ ਦੀ ਸੋਚ ਨੂੰ ਲੜਕੀਆਂ ਦੇ ਪ੍ਰਤੀ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਇਨਸਾਨ ਇੰਨਾ ਵਹਿਸ਼ੀ ਹੁੰਦਾ ਜਾ ਰਿਹਾ ਹੈ ਕਿ ਕਦੋਂ ਕੀ ਕਰ ਦੇਵੇ, ਕੁਝ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਿਚ ਹਾਲ ਹੀ ਵਿਚ ਗੈਂਗਰੇਪ ਦੇ ਦੋਸ਼ੀਆਂ ਨੂੰ ਚੰਡੀਗੜ੍ਹ ਪੁਲਸ ਵਲੋਂ ਫੜੇ ਜਾਣ 'ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਖੇਰ ਨੇ ਸ਼ਹਿਰ ਵਿਚ ਆਟੋ ਚਾਲਕ ਵਲੋਂ ਆਪਣੇ ਦੋ ਸਹਿਯੋਗੀਆਂ ਦੇ ਨਾਲ ਗੈਂਗਰੇਪ ਵਾਲੇ ਮਾਮਲੇ 'ਤੇ ਕਿਹਾ ਕਿ ਲੜਕੀਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ, ਜਦੋਂ ਆਟੋ ਵਿਚ ਪਹਿਲਾਂ ਤੋਂ ਹੀ ਦੋ ਮਰਦ ਬੈਠੇ ਸਨ ਤਾਂ ਲੜਕੀ ਨੂੰ ਉਸ ਵਿਚ ਨਹੀਂ ਬੈਠਣਾ ਚਾਹੀਦਾ ਸੀ। ਸੰਸਦ ਮੈਂਬਰ ਪ੍ਰੈੱਸ ਕਲੱਬ ਵਿਚ ਇਕ ਪ੍ਰੈੱਸ ਕਾਨਫਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਗੈਂਗਰੇਪ ਪਹਿਲਾਂ ਵੀ ਹੁੰਦੇ ਸਨ, ਉਹ ਕਿਤੇ ਰਿਪੋਰਟ ਨਹੀਂ ਹੁੰਦੇ ਸਨ ਪਰ ਅੱਜ ਮਹਿਲਾਵਾਂ ਬੋਲਡ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮੇਅਰ ਵੀ ਮਹਿਲਾ ਹੈ, ਸੰਸਦ ਮੈਂਬਰ ਵੀ ਮਹਿਲਾ ਹੈ ਅਤੇ ਤੁਹਾਡੀ ਐੱਸ. ਐੱਸ. ਪੀ. ਵੀ ਔਰਤ ਹੈ ਤਾਂ ਔਰਤਾਂ ਨੂੰ ਜ਼ਿਆਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ।
ਭਾਜਪਾ ਕੌÎਂਸਲਰ ਦੀ ਆਡੀਓ ਕਲਿੱਪ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ
ਉਥੇ ਹੀ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੋ ਹਾਲ ਹੀ ਵਿਚ ਨਿਗਮ ਦੇ ਕੌਂਸਲਰ ਭਰਤ ਕੁਮਾਰ ਦੇ ਨਾਮ 'ਤੇ ਆਡੀਓ ਕਲਿੱਪ ਵਾਇਰਲ ਹੋਈ ਹੈ, ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ। ਇੰਝ ਕਿਸੇ ਦਾ ਨਾਂ ਲੈ ਕੇ ਉਸ ਨੂੰ ਬਦਨਾਮ ਕਰਨਾ ਸਹੀ ਨਹੀਂ ਹੈ। ਇਸ ਤਰ੍ਹਾਂ ਤਾਂ ਕੋਈ ਵੀ, ਕਿਸੇ ਨੂੰ ਵੀ ਤੇ ਕਿਸੇ ਵੇਲੇ ਵੀ ਬਦਨਾਮ ਕਰਕੇ ਉਸਦੀ ਸਾਖ ਨੂੰ ਖਰਾਬ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ।
ਨਿਗਮ ਨੇ ਜਿਹੜੀ ਲਾਇਨਜ਼ ਕੰਪਨੀ ਨੂੰ ਸ਼ਹਿਰ ਦੀ ਸਫਾਈ ਦਾ ਠੇਕਾ ਦਿੱਤਾ ਹੈ, ਮੈਂ ਉਸ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਾਂ
ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਜਿਹੜੀ ਲਾਇਨਜ਼ ਕੰਪਨੀ ਨੂੰ ਪੂਰੇ ਸ਼ਹਿਰ ਦੀ ਸਫਾਈ ਦਾ ਠੇਕਾ ਦਿੱਤਾ ਗਿਆ ਹੈ, ਮੈਂ ਉਸਦੇ ਕੰਮ ਤੋਂ ਸੰਤੁਸ਼ਟ ਨਹੀਂ ਹਾਂ ਕਿਉਂਕਿ ਸ਼ਹਿਰ ਵਿਚ ਇਕ ਸੈਕਟਰ ਦੀ ਸਫਾਈ ਠੀਕ ਤਰ੍ਹਾਂ ਹੁੰਦੀ ਹੈ ਤਾਂ ਦੂਸਰੇ ਸੈਕਟਰ ਵਿਚ ਕੂੜੇ ਦੇ ਢੇਰ ਲਗ ਜਾਂਦੇ ਹਨ। ਨਿਗਮ ਵਲੋਂ ਕਰੋੜਾਂ ਰੁਪਏ ਠੇਕੇਦਾਰ ਨੂੰ ਦੇਣ ਤੋਂ ਬਾਅਦ ਵੀ ਸਫਾਈ ਸਿਸਟਮ ਵਿਚ ਸੁਧਾਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਨਿਗਮ ਦੇ ਨਾਲ ਸ਼ਹਿਰ ਦੇ ਲੋਕਾਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ ਕਿ ਉਹ ਵੀ ਸਫਾਈ ਰੱਖਣ ਲਈ ਅੱਗੇ ਆਉਣ।
ਕਿਰਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸ਼ਹਿਰ ਵਿਚ ਵਾਹਨਾਂ ਦੀ ਗਿਣਤੀ ਦੁੱਗਣੀ ਹੋਣ ਨਾਲ ਪਾਰਕ ਦੀ ਸਮੱਸਿਆ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਅਤੇ ਜਾਮ ਦੀ ਸਮੱਸਿਆ ਕਾਫੀ ਵਧ ਗਈ ਹੈ। ਉਥੇ ਹੀ ਇਕ ਹੋਰ ਸਵਾਲ ਕਿ ਪਾਰਟੀ ਤੁਹਾਡੇ ਨਾਲ ਨਹੀਂ ਹੈ, ਸਬੰਧੀ ਉਨ੍ਹਾਂ ਕਿਹਾ ਕਿ ਪੂਰੀ ਪਾਰਟੀ ਤਾਂ ਨਹੀਂ, ਕੁਝ ਤਾਂ ਮੇਰੇ ਨਾਲ ਹਨ। ਪਾਰਟੀ ਦੇ ਹਰ ਵਿਅਕਤੀ ਦੀ ਆਪਣੀ-ਆਪਣੀ ਸੋਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੇ ਪ੍ਰਧਾਨ ਸੰਜੇ ਟੰਡਨ ਦਾ ਪੂਰਾ ਸਨਮਾਨ ਕਰਦੀ ਹਾਂ ਕਿਉਂਕਿ ਉਹ ਬਹੁਤ ਚੰਗੇ ਇਨਸਾਨ ਹਨ ਤੇ ਉੱਚ ਸਿੱਖਿਆ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕੋਈ ਧੜੇਬਾਜ਼ੀ ਨਹੀਂ ਹੋਣੀ ਚਾਹੀਦੀ, ਜੋ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਕਿਰਨ ਖੇਰ ਦਾ ਆਪਣਾ ਧੜਾ ਹੈ ਤੇ ਟੰਡਨ ਦਾ ਆਪਣਾ।
ਮੰਤਰੀ ਅਹੁਦਾ ਪਾਉਣ ਦੀ ਕੋਈ ਇੱਛਾ ਨਹੀਂ ਹੈ
ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਵਿਚ ਕੋਈ ਵੀ ਮੰਤਰੀ ਅਹੁਦਾ ਹਾਸਲ ਕਰਨ ਦੀ ਇੱਛਾ ਨਹੀਂ ਹੈ। ਉਹ ਸ਼ਹਿਰ ਵਿਚ ਰਹਿ ਕੇ ਚੰਡੀਗੜ੍ਹ ਨੂੰ ਵਧੀਆ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ,ਉਨ੍ਹਾਂ ਵਿਚੋਂ ਬਹੁਤਿਆਂ ਨੂੰ ਪੂਰਾ ਕਰ ਦਿੱਤਾ ਹੈ ਤੇ ਕੁਝ 'ਤੇ ਕੰਮ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਨ੍ਹਾਂ 5 ਸਾਲਾਂ ਤੋਂ ਇਲਾਵਾ ਅਗਲੇ 5 ਸਾਲ ਵੀ ਚੰਡੀਗੜ੍ਹ ਦੀ ਸੰਸਦ ਮੈਂਬਰ ਦੇ ਰੂਪ ਵਿਚ ਕੰਮ ਕਰਦੀ ਨਜ਼ਰ ਆਵੇਗੀ।
ਮਸਾਜ ਸੈਂਟਰ ਦੀ ਆੜ 'ਚ ਦੇਹ ਵਪਾਰ, 3 ਵਿਦੇਸ਼ੀ ਲੜਕੀਆਂ ਤੇ ਗਾਹਕ ਕਾਬੂ
NEXT STORY