ਵਲਟੋਹਾ, (ਬਲਜੀਤ)- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਹਿਮੂਦਪੁਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਦਾ ਵਿਸ਼ਾਲ ਇਕੱਠ ਦਲੇਰ ਸਿੰਘ ਰਾਜੋਕੇ ਡਾ. ਸੁਖਵੰਤ ਸਿੰਘ ਵਲਟੋਹਾ, ਨੋਗਿੰਦਰ ਸਿੰਘ ਥੇਹ ਸਰਹਾਲੀ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਕਿਸਾਨ ਜਥੇਬੰਦੀ ਵੱਲੋਂ ਸਾਬਕਾ ਸਿੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਰਾਹੀਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਰੱਦ ਕੀਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਧਨੇਰ ਅਤੇ ਹੋਰ ਜਨਤਕ ਜਥੇਬੰਦੀਆਂ ਨੂੰ ਮਹਿਲ ਕਲਾਂ ਸਕੂਲ ਦੀ ਨਾਬਾਲਗ ਵਿਦਿਆਰਥਣ ਨਾਲ ਗੈਂਗਰੇਪ ਕਰਨ ਵਾਲੇ ਵਿਅਕਤੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਵੱਡਾ ਸੰਘਰਸ਼ ਲਡ਼ਨਾ ਪਿਆ ਸੀ ਜਿਸ ਕਰਕੇ ਉਲਟ ਗੈਂਗਰੇਪ ਕਰਨ ਵਾਲੇ ਦੋਸ਼ੀਆਂ ਨੇ ਮਨਜੀਤ ਸਿੰਘ ਧਨੇਰ ਸਮੇਤ ਕੁਝ ਆਗੂਆਂ ਨੂੰ ਕਤਲ ਦੇ ਝੂਠੇ ਕੇਸ ਵਿਚ ਫਸਾ ਦਿੱਤਾ ਅਤੇ ਇਸ ਕਤਲ ਕੇਸ ਵਿਚ ਉਕਤ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ ਜੋ ਬਿਲਕੁੱਲ ਗਲਤ ਹੈ। ਇਸ ਸਜ਼ਾ ਨੂੰ ਰੱਦ ਕਰਵਾਉਣ ਲਈ ਪੂਰੇ ਪੰਜਾਬ ਦੀਆਂ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਪੂਰੇ ਪੰਜਾਬ ਅੰਦਰ ਹਰ ਇਕ ਐੱਮ.ਐੱਲ.ਏ ਅਤੇ ਐੱਮ.ਪੀ. ਨੂੰ ਮੰਗ ਪੱਤਰ ਦਿੱਤਾ ਜਾਵੇ ਤਾਂ ਜੋ ਸਰਕਾਰ ਉਪਰ ਦਬਾਅ ਬਣਾ ਕੇ ਕਿਸਾਨ ਆਗੂ ਦੀ ਸਜ਼ਾ ਨੂੰ ਰੱਦ ਕਰਵਾਇਆ ਜਾ ਸਕੇ। ਇਸ ਮੌਕੇ ਜਥੇਬੰਦੀ ਦੇ ਆਗੂ ਬਖਸ਼ੀਸ਼ ਸਿੰਘ ਬਹਾਦਰ ਨਗਰ, ਗੁਰਲਾਲ ਸਿੰਘ, ਤਰਸੇਮ ਸਿੰਘ ਕਲਸੀਆਂ, ਰੇਸ਼ਮ ਸਿੰਘ, ਜਗੀਰ ਸਿੰਘ, ਗੁਰਮੁੱਖ ਸਿੰਘ, ਬਲਜੀਤ ਸਿੰਘ ਮਹਿਮੂਦਪੁਰਾ, ਸੁਖਦੇਵ ਸਿੰਘ, ਕਰਮ ਸਿੰਘ ਪੂੰਨੀਆਂ, ਹਰਭਜਨ ਸਿੰਘ, ਲਖਬੀਰ ਸਿੰਘ, ਦਿਲਬਾਗ ਸਿੰਘ, ਅਮਰੀਕ ਸਿੰਘ, ਬਲਵੰਤ ਸਿੰਘ, ਦੇਸਾ ਸਿੰਘ ਆਦਿ ਕਿਸਾਨ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
5178 ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY