ਮੌੜ ਮੰਡੀ(ਪ੍ਰਵੀਨ) -ਭਾਵੇਂ ਅਵਾਰਾ ਗਊਵੰਸ਼ ਦੀ ਸਾਂਭ ਸੰਭਾਲ ਲਈ ਸਥਾਨਕ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਦੇ ਸਮਾਜ ਸੇਵੀਆਂ ਵਲੋਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਸਥਾਨਕ ਸ਼ਹਿਰ ਦੀ ਸਭ ਤੋਂ ਅਮੀਰ ਅਤੇ ਪੁਰਾਣੀ ਗਊਸ਼ਾਲਾ, ਜੋ ਪੰਚਾਇਤੀ ਗਊਸ਼ਾਲਾ ਦੇ ਨਾਮ ਨਾਲ ਮਸ਼ਹੂਰ ਹੈ। ਇਸ 'ਚ ਪ੍ਰਬੰਧਾਂ ਦੀ ਘਾਟ ਦੇ ਚਲਦੇ ਗਊਵੰਸ਼ ਭੁੱਖ ਪਿਆਸ ਨਾਲ ਤੜਪ-ਤੜਪ ਕੇ ਮਰ ਰਿਹਾ ਹੈ।
ਮਾਂ ਦਾ ਇਲਾਜ ਨਾ ਹੋਣ ਕਾਰਨ ਬੱਚਾ ਭੁੱਖ ਨਾਲ ਤੜਪ-ਤੜਪ ਕੇ ਮਰ ਗਿਆ
ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਉਸ ਸਮੇਂ ਮਿਲੀ ਜਦੋਂ ਇਕ ਗਊ ਜਿਸ ਨੇ 10 ਕੁ ਦਿਨ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ ਸੀ। ਕੁਝ ਦਿਨਾਂ ਬਾਅਦ ਮਾੜੇ ਪ੍ਰਬੰਧਾਂ ਦਾ ਸ਼ਿਕਾਰ ਹੋਈ ਇਹ ਗਊ ਉਠਣ ਬੈਠਣ 'ਚ ਦਿੱਕਤ ਮਹਿਸੂਸ ਕਰਨ ਲੱਗੀ। ਜਦ ਇਹ ਗਊ ਬੈਠੀ ਰਹਿੰਦੀ ਤਾਂ ਇਸ ਦਾ ਨਿੱਕਾ ਜਿਹਾ ਬੱਚਾ ਇਸ ਕੋਲ ਭੁੱਖਾ ਹੀ ਬੈਠਾ ਰਹਿੰਦਾ ਸੀ। ਕੁਝ ਗਊ ਸੇਵਕਾਂ ਦਾ ਜਦ ਇਸ ਗਊ ਅਤੇ ਬੱਚੇ ਦੀ ਸਮੱਸਿਆ ਵੱਲ ਧਿਆਨ ਗਿਆ ਤਾਂ ਉਹ ਆਪਣੇ ਪੱਧਰ 'ਤੇ ਇਸ ਗਊ ਨੂੰ ਸਵੇਰੇ-ਸ਼ਾਮ ਖੜ੍ਹਾ ਕਰਵਾ ਦਿੰਦੇ ਸਨ। ਇਸ ਤੋਂ ਬਾਅਦ ਜਦੋਂ ਗਊ ਖੜ੍ਹੀ ਹੋ ਜਾਂਦੀ ਸੀ ਤਾਂ ਇਹ ਬੱਚਾ ਦੁੱਧ ਪੀ ਲੈਂਦਾ। ਪਰ ਦੋ ਕੁ ਦਿਨ ਪਹਿਲਾ ਇਲਾਜ ਨਾ ਮਿਲਣ ਕਾਰਨ ਇਹ ਗਊ ਪੂਰੀ ਤਰ੍ਹਾਂ ਬੈਠ ਗਈ ਜਿਸ ਕਾਰਨ ਇਸ ਦੇ ਬੱਚੇ ਨੇ ਭੁੱਖ ਨਾਲ ਤੜਪ-ਤੜਪ ਕੇ ਦਮ ਤੋੜ ਦਿੱਤਾ। ਪਰ ਮੈਨੇਜ਼ਮੈਂਟ ਕਮੇਟੀ ਦਾ ਇਸ ਤਰਾਸਦੀ ਵੱਲ ਕੋਈ ਧਿਆਨ ਨਹੀਂ ਗਿਆ।
ਜ਼ਿਕਰਯੋਗ ਹੈ ਕਿ ਕਰੋੜਾਂ ਰੁਪਏ ਦੀ ਜਾਇਦਾਦ ਵੇਚਣ ਦੇ ਬਾਵਜੂਦ ਵੀ ਗਊਸ਼ਾਲਾ ਦੇ ਪ੍ਰਬੰਧਾਂ 'ਚ ਨਹੀਂ ਕੀਤਾ ਗਿਆ ਕੋਈ ਸੁਧਾਰ
ਇਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਗਊਸ਼ਾਲਾ ਦੀ ਕਮੇਟੀ ਵਲੋਂ ਅੱਜ ਤੋਂ ਕਰੀਬ 20 ਕੁ ਸਾਲ ਪਹਿਲਾਂ ਗਊਸ਼ਾਲਾ ਦੀ ਕਰੋੜਾਂ ਰੁਪਏ ਦੀ ਜਾਇਦਾਦ ਕੋਡੀਆਂ ਦੇ ਭਾਅ ਵੇਚ ਦਿੱਤੀ ਗਈ ਸੀ। ਜਿਹੜੀ ਕਿ ਅੱਜ ਕੱਲ੍ਹ ਗਊਸ਼ਾਲਾ ਕਲੋਨੀ ਦੇ ਨਾਮ ਨਾਲ ਮਸ਼ਹੂਰ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਗਊਸ਼ਾਲਾ ਪ੍ਰਬੰਧਕਾਂ ਵਲੋਂ ਉਸ ਸਮੇਂ ਕੁਝ ਰਾਸ਼ੀ ਦਾਨ ਦੇ ਨਾਮ 'ਤੇ ਦੋ ਨੰਬਰ 'ਚ ਵੱਖਰੇ ਤੌਰ 'ਤੇ ਵੀ ਵਸੂਲ ਕੀਤੀ ਗਈ ਸੀ ਤਾਂ ਜੋ ਸਰਕਾਰ ਦੀਆਂ ਅੱਖਾਂ 'ਚ ਧੂਲ ਪਾਈ ਜਾ ਸਕੇ। ਪ੍ਰੰਤੂ ਇਹ ਸਾਰੀ ਰਾਸ਼ੀ ਨੂੰ ਖੇਹ ਖਰਾਬ ਕਰ ਦਿੱਤਾ ਗਿਆ ਜਿਸ ਦਾ ਕਿਸੇ ਕੋਲ ਕੋਈ ਹਿਸਾਬ-ਕਿਤਾਬ ਨਹੀ ਹੈ।
ਗਊਸ਼ਾਲਾ ਦੇ ਨਾਮ 'ਤੇ ਜ਼ਮੀਨ ਵੇਚਣ ਦੇ ਬਾਵਜੂਦ ਗਊ ਮਾਤਾ ਭੁੱਖੀ ਮਰ ਰਹੀ
ਕਰੋੜਾਂ ਰੁਪਏ ਦੀਆਂ ਜਾਇਦਾਦਾਂ ਵੇਚਣ ਦੇ ਬਾਵਜੂਦ ਵੀ ਪ੍ਰਬੰਧਾਂ ਦੀ ਘਾਟ ਦੇ ਚੱਲਦੇ ਇਥੇ ਸੈਂਕੜੇ ਪਸ਼ੂ ਬਿਨਾਂ ਦੇਖਭਾਲ ਅਤੇ ਇਲਾਜ ਦੇ ਦਮ ਤੋੜ ਚੁੱਕੇ ਹਨ। ਜਿਸ ਕਾਰਨ ਕਿਸੇ ਸਮੇਂ 2000 ਹਜ਼ਾਰ ਗਊਆਂ ਦੀ ਪਰਵਰਿਸ਼ ਕਰਨ ਵਾਲੀ ਇਸ ਗਊਸ਼ਾਲਾ 'ਚ ਅੱਜ ਕੱਲ• ਸਿਰਫ਼ 500 ਤੋਂ 600 ਤੱਕ ਗਊਵੰਸ਼ ਹੀ ਰਹਿ ਗਿਆ ਹੈ। ਇਹ ਗਊਸ਼ਾਲਾ ਮੰਡੀ ਦੇ ਨਜ਼ਦੀਕ ਹੋਣ ਕਰਕੇ ਮੰਡੀ ਵਾਸੀ ਹਰ ਰੋਜ਼ ਹਜ਼ਾਰਾਂ ਰੁਪਏ ਦਾ ਹਰਾ ਚਾਰਾ ਇਸ ਗਊਸ਼ਾਲਾਂ 'ਚ ਪਾਉਂਦੇ ਹਨ ਪ੍ਰੰਤੂ ਪ੍ਰਬੰਧਾਂ ਦੀ ਘਾਟ ਦੇ ਚੱਲਦੇ ਤਕੜੇ ਪਸ਼ੂ ਮਾੜੇ ਪਸ਼ੂਆਂ ਨੂੰ ਕੁਝ ਵੀ ਖਾਣ ਨਹੀ ਦਿੰਦੇ ਅਤੇ ਦਰੜ ਦਰੜ ਕੇ ਮਾਰ ਦਿੰਦੇ ਹਨ। ਇਸਦੇ ਚਲਦੇ ਕਮਜ਼ੋਰ ਪਸ਼ੂ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਰਹੇ ਹਨ।
ਕਮੇਟੀ ਮੈਂਬਰ ਬਣਾਉਣ ਸਮੇਂ ਜਿਆਦਾਤਰ ਪਰਿਵਾਰਕ ਮੈਂਬਰਾਂ ਨੂੰ ਹੀ ਦਿੱਤੀ ਜਾਂਦੀ ਹੈ ਤਰਜੀਹ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਗਊਸ਼ਾਲਾ ਕਮੇਟੀ 'ਤੇ ਕੁੱਝ ਕੁ ਪਰਿਵਾਰਾਂ ਦਾ ਹੀ ਕਬਜ਼ਾ ਹੈ । ਜਦੋਂ ਵੀ ਕਦੇ ਕਮੇਟੀ ਵਲੋਂ ਨਵੇਂ ਮੈਂਬਰਾਂ ਦੀ ਭਰਤੀ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਜ਼ਿਆਦਾਤਰ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਮੈਂਬਰ ਬਣਾ ਲਿਆ ਜਾਂਦਾ ਹੈ ਜਿਸ ਕਾਰਨ ਦਿਲੋਂ ਗਊ ਸੇਵਾ ਕਰਨ ਦੀ ਇਛਾ ਰੱਖਣ ਵਾਲੇ ਵਿਅਕਤੀ ਮੈਂਬਰ ਬਣਨ ਤੋਂ ਰਹਿ ਜਾਂਦੇ ਹਨ। ਪਰਿਵਾਰਵਾਦ ਨੂੰ ਦਿੱਤੀ ਜਾ ਰਹੀ ਤਰਜੀਹ ਕਾਰਨ ਹੀ ਅੱਜ ਇਸ ਗਊਸ਼ਾਲਾ ਵਿਚ ਗਊਵੰਸ਼ ਦਾ ਬੁਰਾ ਹਾਲ ਹੈ।
ਗਊਸੇਵਕਾਂ ਵਲੋਂ ਜਾਂਚ ਦੀ ਮੰਗ
ਗਊਸੇਵਕਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਇਸ ਗਊਸ਼ਾਲਾ ਦੇ ਫੰਡਾਂ ਦੀ ਜਾਂਚ ਕਰਵਾਈ ਜਾਵੇ ਅਤੇ ਗਊਆਂ ਦੇ ਰੱਖ-ਰਖਾਅ ਲਈ ਵਧੀਆ ਪ੍ਰਬੰਧ ਕਰਵਾਏ ਜਾਣ ਤਾਂ ਜੋ ਗਊਸ਼ਾਲਾ 'ਚ ਭੁੱਖ ਅਤੇ ਬਿਨਾ ਇਲਾਜ ਨਾਲ ਤੜਫ-ਤੜਫ ਕੇ ਮਰ ਰਹੇ ਗਊਵੰਸ਼ ਦੀ ਰੱਖਿਆ ਹੋ ਸਕੇ।
ਕੀ ਕਹਿਣਾ ਹੈ ਸਕੱਤਰ ਰਾਜਿੰਦਰ ਕੁਮਾਰ ਟੋਨੀ ਦਾ
ਇਸ ਸਬੰਧੀ ਜਦ ਗਊਸ਼ਾਲਾ ਕਮੇਟੀ ਦੇ ਸਕੱਤਰ ਸ਼੍ਰੀ ਰਾਜਿੰਦਰ ਕੁਮਾਰ ਟੋਨੀ ਕੁੱਬੇ ਵਾਲੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਜਲਦ ਹੀ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਬੁਲਾ ਰਹੇ ਹਨ ਅਤੇ ਜੇਕਰ ਪ੍ਰਬੰਧਾਂ 'ਚ ਕੋਈ ਕਮੀ ਪੇਸ਼ੀ ਨਜ਼ਰ ਆਈ ਤਾਂ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ।
ਦਸੂਹਾ 'ਚ ਵਾਪਰੀ ਸ਼ਰਮਨਾਕ ਘਟਨਾ, 15 ਸਾਲਾ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY