ਲੁਧਿਆਣਾ (ਰਿਸ਼ੀ) - ਫਿਰੋਜ਼ਪੁਰ ਤੋਂ ਵੋਲਵੋ ਬੱਸ 'ਚ ਗਊ ਦਾ ਮਾਸ ਲੈ ਕੇ ਆਈ 1 ਔਰਤ ਨੂੰ ਚੌਕੀ ਬੱਸ ਅੱਡਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 5 ਔਰਤਾਂ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਈਆਂ। ਪੁਲਸ ਨੇ 17 ਬੋਰਿਆਂ 'ਚ ਲਿਆਂਦੇ 6.36 ਕੁਇੰਟਲ ਗਊ-ਮਾਸ ਬਰਾਮਦ ਕਰ ਕੇ ਬਜਰੰਗ ਦਲ ਦੇ ਚੇਤਨ ਮਲਹੋਤਰਾ ਦੀ ਸ਼ਿਕਾਇਤ 'ਤੇ 295-ਏ ਅਤੇ ਗਊ ਐਕਟ ਤਹਿਤ ਥਾਣਾ ਡਵੀਜ਼ਨ ਨੰ. 5 ਵਿਚ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸ. ਜਤਿੰਦਰ ਕੁਮਾਰ ਮੁਤਾਬਕ ਫੜੀ ਗਈ ਔਰਤ ਦੀ ਪਛਾਣ ਵੈਸਟ ਬੰਗਾਲ ਦੀ ਰਹਿਣ ਵਾਲੀ ਮੁਸਲੀਮਾ (50) ਵਜੋਂ ਹੋਈ ਹੈ। ਫਰਾਰ ਦੀ ਪਛਾਣ ਮੁੰਨਾ, ਬੌਬੀ, ਹਸਨਾ, ਡਾਕਟਰਨੀ ਤੇ ਦਿੱਲੀ ਵਾਲੀ ਵਜੋਂ ਹੋਈ ਹੈ। ਸਾਰੀਆਂ ਧੂਰੀ ਲਾਈਨ ਦੇ ਆਲੇ-ਦੁਆਲੇ ਝੁੱਗੀਆਂ-ਝੌਂਪੜੀਆਂ ਵਿਚ ਰਹਿੰਦੀਆਂ ਹਨ। ਕਬਾੜ ਦਾ ਕੰਮ ਕਰਦੀਆਂ ਹਨ। ਪੁਲਸ ਨੂੰ ਦਿੱਤੇ ਬਿਆਨ 'ਚ ਚੇਤਨ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਉਕਤ ਦੋਸ਼ੀ ਔਰਤਾਂ ਗਊ-ਮਾਸ ਲਿਆ ਕੇ ਵੇਚ ਰਹੀਆਂ ਹਨ। ਅੱਜ ਚੌਕੀ ਬੱਸ ਅੱਡੇ ਦੀ ਪੁਲਸ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਭਾਰਤ ਨਗਰ ਚੌਕ 'ਤੇ ਉਸ ਸਮੇਂ ਜਾ ਦਬੋਚਿਆ, ਜਦੋਂ ਉਹ ਬੱਸ 'ਚੋਂ ਮਾਸ ਲੈ ਕੇ ਉਤਰ ਰਹੀਆਂ ਸਨ।
ਪੁਲਸ ਮੁਤਾਬਕ 17 ਬੋਰੇ ਮਾਸ ਦੇ ਬਰਾਮਦ ਕੀਤੇ ਗਏ ਹਨ। ਸੋਮਵਾਰ ਨੂੰ ਮਾਸ ਦੇ ਸੈਂਪਲ ਭੇਜਣ ਦੇ ਨਾਲ-ਨਾਲ ਔਰਤਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਰਿਮਾਂਡ ਹਾਸਲ ਕਰ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੰਨੀ ਵਾਰ ਗਊ ਦੇ ਮਾਸ ਦੀ ਸਮੱਗਲਿੰਗ ਕਰ ਕੇ ਲਿਆ ਚੁੱਕੀਆਂ ਹਨ? ਪੁਲਸ ਤੋਂ ਬਚਣ ਲਈ ਉਹ ਵੋਲਵੋ ਬੱਸ 'ਚ ਮਾਸ ਲਿਆਉਂਦੀਆਂ ਸਨ ਤਾਂ ਕਿ ਕਿਸੇ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ।
50 ਰੁਪਏ ਖਰੀਦ, 100 ਰੁਪਏ ਪ੍ਰਤੀ ਕਿਲੋ ਵੇਚ
ਪੁਲਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀ ਔਰਤਾਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਗਊ ਦਾ ਮਾਸ ਖਰੀਦ ਕੇ ਲਿਆ ਰਹੀਆਂ ਸਨ। 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀਆਂ ਸਨ।
ਖੇਤੀਬਾੜੀ, ਮਿਨਰਲ, ਮਾਈਨਿੰਗ ਤੇ ਖੇਡਾਂ ਦੇ ਖੇਤਰ 'ਚ ਕੰਮ ਕਰਨਗੇ ਭਾਰਤ-ਆਸਟ੍ਰੇਲੀਆ
NEXT STORY