ਮੋਗਾ (ਆਜ਼ਾਦ) : ਜੀ. ਟੀ. ਰੋਡ ਮੋਗਾ ਨਿਵਾਸੀ ਰਜਨੀਸ਼ ਕੁਮਾਰ ਨੇ ਕੁਝ ਵਿਅਕਤੀਆਂ ’ਤੇ ਕਥਿਤ ਮਿਲੀਭੁਗਤ ਕਰਕੇ ਜ਼ਮੀਨ ਵਿੱਕਰੀ ਮਾਮਲੇ ਵਿਚ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਵਾਸੀ ਪਿੰਡ ਔਲਖ਼ ਕਲਾਂ ਗੁਰਦਾਸਪੁਰ, ਰਵੀ ਕੁਮਾਰ ਨਿਵਾਸੀ ਬਟਾਲਾ, ਬਿੱਟੂ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਤਹਿਤ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕੀਤਾ ਹੈ।
ਉਕਤ ਮਾਮਲੇ ਵਿਚ ਐਂਟੀ ਫਰਾਡ ਸੈੱਲ ਮੋਗਾ ਨੇ ਕਥਿਤ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਦੀ ਜਾਂਚ ਇੰਸਪੈਕਟਰ ਹਰਜੀਤ ਕੌਰ ਇੰਚਾਰਜ ਈ. ਓ. ਵਿੰਗ ਮੋਗਾ ਵਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਉਸ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਨੇ ਉਸ ਨਾਲ ਪਿੰਡ ਚੂਹੜਚੱਕ ਵਿਖੇ ਸਥਿਤ 17 ਕਿੱਲੇ ਚਾਰ ਕਨਾਲਾਂ 14 ਮਰਲੇ ਜ਼ਮੀਨ ਦਾ ਸੌਦਾ ਪ੍ਰਤੀ ਏਕੜ ਸਾਢੇ 37 ਲੱਖ ਰੁਪਏ ਦੇ ਹਿਸਾਬ ਨਾਲ ਕਰਕੇ 24 ਅਕਤੂਬਰ 2024 ਨੂੰ ਉਕਤ ਜ਼ਮੀਨ ਨੂੰ ਆਪਣੀ ਦੱਸ ਕੇ ਜਾਅਲੀ ਇਕਰਾਰਨਾਮਾ ਤਿਆਰ ਕਰਨ ਉਪਰੰਤ 66 ਲੱਖ ਰੁਪਏ ਹਾਸਲ ਕਰ ਲਏ ਅਤੇ 42 ਲੱਖ ਰੁਪਏ ਦੇ ਚਾਰ ਚੈੱਕ ਲੈ ਕੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ।
ਜਾਂਚ ਅਧਿਕਾਰੀ ਨੇ ਕਥਿਤ ਮੁਲਜ਼ਮਾਂ ਵਿਚੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਸ਼ਿਕਾਇਤਕਰਤਾ ਪਾਸੋਂ 10 ਲੱਖ ਰੁਪਏ ਲੈਣ ਲਈ ਆਉਂਦੇ ਸਮੇਂ ਕਾਬੂ ਕਰ ਲਿਆ। ਇਸ ਤਰ੍ਹਾਂ ਮੇਰੇ ਨਾਲ ਕਥਿਤ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਧੋਖਾਦੇਹੀ ਕੀਤੀ ਹੈ ਅਤੇ ਲੱਖਾਂ ਰੁਪਏ ਹੜੱਪ ਕਰ ਗਏ। ਉਕਤ ਮਾਮਲੇ ਵਿਚ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।
ਨੌਕਰੀ ਦਿਵਾਉਣ ਦੇ ਨਾਂ ’ਤੇ 2 ਜਣਿਆਂ ਤੋਂ 6 ਲੱਖ ਠੱਗੇ
NEXT STORY