ਗੜ੍ਹਦੀਵਾਲਾ (ਜਤਿੰਦਰ) : ਪਿੰਡ ਡੱਫਰ ਵਿਖੇ ਤੇਂਦੂਏ ਵਲੋਂ ਖੇਤਾਂ ਤੋਂ ਬਾਅਦ ਹੁਣ ਰਿਹਾਇਸ਼ੀ ਇਲਾਕੇ ਵਿਚ ਦਸਤਕ ਦੇਣ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਕੁਝ ਦਿਨ ਪਹਿਲਾਂ ਲੋਕਾਂ ਵਲੋਂ ਖੇਤਾਂ ਵਿਚ ਤੇਂਦੂਆ ਦੇਖਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਹੁਣ ਬੀਤੀ ਰਾਤ ਲਗਭਗ 9.30 ਵਜੇ ਇਹ ਤੇਂਦੂਆ ਪਿੰਡ ਦੇ ਮੌਜੂਦਾ ਪੰਚ ਅਮਨਦੀਪ ਸਿੰਘ ਵੱਲੋਂ ਦੇਖਿਆ ਗਿਆ। ਇਸ ਸਬੰਧੀ ਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਾਲਤੂ ਕੁੱਤੇ ਨੂੰ ਬਾਹਰ ਸੈਰ ਕਰਵਾਉਣ ਲਈ ਪਿੰਡ ਡੱਫਰ ਤੋਂ ਖੁਣਖੁਣਾ ਰੋਡ ਵਾਲੀ ਸੜਕ 'ਤੇ ਜਿਵੇਂ ਹੀ ਸ਼ਮਸ਼ਾਨਘਾਟ ਦੇ ਕੋਲ ਪਹੁੰਚਿਆ ਜੋ ਕਿ ਰਿਹਾਇਸ਼ੀ ਘਰਾਂ ਤੋਂ ਲਗਭਗ 100 ਕੁ ਮੀਟਰ ਦੀ ਦੂਰੀ 'ਤੇ ਹੀ ਹੈ ਤਾਂ ਉਸ ਨੇ ਸੜਕ ਦੇ ਚੜ੍ਹਦੇ ਵਾਲੇ ਪਾਸਿਓਂ ਤੇਂਦੂਆ ਆਉਂਦਾ ਦੇਖਿਆ ਜੋ ਸੜਕ ਤੋਂ ਲੰਘਦਾ ਹੋਇਆ ਸ਼ਮਸ਼ਾਨਘਾਟ ਵੱਲ ਦੇ ਪਾਸੇ ਨੂੰ ਚਲਾ ਗਿਆ। ਉਸ ਨੇ ਦੱਸਿਆ ਕਿ ਉਸ ਵਕਤ ਉਸ ਨਾਲ ਉਸ ਦਾ ਇਕ ਦੋਸਤ ਵੀ ਮੌਜੂਦ ਸੀ ਅਤੇ ਦੋਹਾਂ ਨੇ ਉਸ ਤੇਂਦੂਏ ਨੂੰ ਦੇਖਿਆ।
ਇਸ ਉਪਰੰਤ ਉਨ੍ਹਾਂ ਪਿੰਡ ਦੇ ਹੋਰਨਾਂ ਲੋਕਾਂ ਨੂੰ ਵੀ ਫੋਨ ਕਰਕੇ ਉਸ ਸਥਾਨ 'ਤੇ ਬੁਲਾਇਆ ਪਰ ਤੇਂਦੂਆ ਰਾਤ ਦਾ ਸਮਾਂ ਹੋਣ ਕਰਕੇ ਦੁਬਾਰਾ ਦਿਖਾਈ ਨਹੀਂ ਦਿੱਤਾ ਪਰ ਉਸ ਦੇ ਪੈੜਾਂ ਦੇ ਨਿਸ਼ਾਨ ਜੋ ਕਿ ਕਾਫੀ ਵੱਡੇ ਦਿਖਾਈ ਦੇ ਰਹੇ ਸਨ ਉਹ ਉਸੇ ਥਾਂ 'ਤੇ ਮੌਜੂਦ ਸਨ ਪਰ ਰਾਤ ਨੂੰ ਮੀਂਹ ਪੈਣ ਕਾਰਨ ਪੈੜਾਂ ਦੇ ਨਿਸ਼ਾਨ ਹਲਕੇ ਫਿੱਕੇ ਹੋ ਗਏ। ਇਹ ਖਬਰ ਸੁਣ ਕੇ ਪਿੰਡ ਵਾਸੀਆਂ ਵਿਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ਤੇਂਦੂਆ ਆਬਾਦੀ ਤੋਂ ਲਗਭਗ 100 ਕੁ ਮੀਟਰ ਦੀ ਦੂਰੀ 'ਤੇ ਘੁੰਮਦਾ ਦੇਖਿਆ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਤੇਂਦੂਏ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਜੋ ਪਿੰਡ ਵਾਸੀਆਂ ਅੰਦਰ ਜੋ ਸਹਿਮ ਬਣਿਆ ਹੋਇਆ ਹੈ ਅਤੇ ਜੋ ਕਿਸਾਨ ਖੇਤਾਂ ਵੱਲ ਆਉਂਦੇ ਹਨ ਉਨ੍ਹਾਂ ਨੂੰ ਪੂਰਨ ਤੌਰ 'ਤੇ ਕਿਸੇ ਵੀ ਚੀਜ਼ ਦਾ ਡਰ ਜਾਂ ਸਹਿਮ ਨਾ ਰਹੇ। ਦੂਜੇ ਪਾਸੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵਲੋਂ ਸਬੰਧਤ ਸਥਾਨਾਂ 'ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ।
ਪੁਲਸ ਵੱਲੋਂ ਨਸ਼ਾ ਰੈਕਟ ਦਾ ਪਰਦਾਫਾਸ਼, ਦੋ ਤਸਕਰ ਵੱਡੀ ਮਾਤਰਾ 'ਚ ਭੁੱਕੀ ਸਣੇ ਗ੍ਰਿ੍ਰਫਤਾਰ
NEXT STORY