ਜਲੰਧਰ, (ਰਵਿੰਦਰ ਸ਼ਰਮਾ)- ਮਹਾਨਗਰ ਦੀਆਂ ਸੜਕਾਂ 'ਤੇ ਵਧਦੇ ਵਾਹਨਾਂ ਦਾ ਬੋਝ, ਲਗਾਤਾਰ ਤੰਗ ਹੁੰਦੀਆਂ ਸੜਕਾਂ ਤੇ ਜਾਮ 'ਚ ਫਸੀ ਤਣਾਅ ਭਰੀ ਜ਼ਿੰਦਗੀ, ਕੁਝ ਅਜਿਹਾ ਹਾਲ ਹੈ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦਾ। ਜਿਸ ਤਰ੍ਹਾਂ ਮਹਾਨਗਰ ਦੀ ਆਬਾਦੀ ਰੋਜ਼ਾਨਾ ਵਧ ਰਹੀ ਹੈ, ਉਸੇ ਤਰ੍ਹਾਂ ਮਹਾਨਗਰ ਦੀਆਂ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਜ਼ਿਲੇ ਦੀ ਗੱਲ ਕਰੀਏ ਤਾਂ ਰੋਜ਼ਾਨਾ ਕਮਰਸ਼ੀਅਲ, ਨਾਨ-ਕਮਰਸ਼ੀਅਲ ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ 150 ਦੇ ਕਰੀਬ ਨਵੇਂ ਵਾਹਨ ਸੜਕਾਂ 'ਤੇ ਉਤਰ ਰਹੇ ਹਨ। ਭਾਵ ਹਰ ਮਹੀਨੇ ਮਹਾਨਗਰ ਦੀਆਂ ਸੜਕਾਂ 'ਤੇ 4 ਤੋਂ 5 ਹਜ਼ਾਰ ਨਵੇਂ ਵਾਹਨ ਆ ਜਾਂਦੇ ਹਨ। ਇਕ ਸਾਲ ਦੇ ਅੰਦਰ 50 ਹਜ਼ਾਰ ਦੇ ਕਰੀਬ ਨਵੇਂ ਵਾਹਨਾਂ ਦਾ ਬੋਝ ਮਹਾਨਗਰ ਦੀਆਂ ਸੜਕਾਂ 'ਤੇ ਵਧ ਰਿਹਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਇਕ ਵੀ ਯੋਜਨਾ ਪਿਛਲੇ ਕਈ ਸਾਲਾਂ ਤੋਂ ਸਿਰੇ ਨਹੀਂ ਚੜ੍ਹੀ। ਇਹ ਹੀ ਹਾਲ ਰਿਹਾ ਤਾਂ ਆਉਣ ਵਾਲੇ 5 ਸਾਲਾਂ 'ਚ ਇਸ ਕਦਰ ਸ਼ਹਿਰ ਦੀਆਂ ਸੜਕਾਂ 'ਤੇ ਵਾਹਨਾਂ ਦਾ ਬੋਝ ਵਧ ਜਾਵੇਗਾ ਕਿ ਚਾਰੋਂ ਪਾਸੇ ਲੰਮਾ ਜਾਮ ਹੋਵੇਗਾ ਅਤੇ ਸ਼ਹਿਰ ਹਾਦਸਿਆਂ ਦਾ ਸ਼ਹਿਰ ਬਣ ਕੇ ਰਹਿ ਜਾਵੇਗਾ।
ਮੌਜੂਦਾ ਸਮੇਂ ਵਿਚ ਮਹਾਨਗਰ ਦੀ ਜਨਸੰਖਿਆ ਦੀ ਗੱਲ ਕੀਤੀ ਜਾਵੇ ਤਾਂ ਇਸਦਾ ਅੰਕੜਾ 22 ਲੱਖ ਦੇ ਕਰੀਬ ਹੈ। ਉਥੇ ਵਾਹਨਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ 15 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਯਾਨੀ ਹਰ 2 ਵਿਅਕਤੀਆਂ ਕੋਲ ਘੱਟ ਤੋਂ ਘੱਟ ਇਕ ਵਾਹਨ ਹੈ। ਵਾਹਨਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਜੋ ਵਿਅਕਤੀ ਕੁਝ ਸਾਲ ਪਹਿਲਾਂ ਸਾਈਕਲ 'ਤੇ ਸੀ, ਅੱਜ ਉਹ ਮੋਟਰਸਾਈਕਲ 'ਤੇ ਹੈ ਅਤੇ ਜੋ ਮੋਟਰਸਾਈਕਲ 'ਤੇ ਸੀ ਉਹ ਅੱਜ ਕਾਰ 'ਤੇ ਦਿਖਾਈ ਦੇ ਰਿਹਾ ਹੈ। ਜਿਸ ਵਿਅਕਤੀ ਕੋਲ ਪਹਿਲਾਂ ਕਾਰ ਸੀ, ਉਸਦੇ ਕਾਰ ਘਰ ਵਿਚ ਅੱਜ 2-3 ਕਾਰਾਂ ਹਨ। ਯਾਨੀ ਬਦਲਦੇ ਸਮਾਜਕ ਦੌਰ 'ਚ ਹਰ ਇਕ ਵਿਅਕਤੀ ਉਪਭੋਗਤਾਵਾਦੀ ਸੁੱਖ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਲੋਕਾਂ ਦੇ ਇਨ੍ਹਾਂ ਸੁਪਨਿਆਂ ਨੂੰ ਬੈਂਕ ਆਸਾਨੀ ਨਾਲ ਪੂਰਾ ਕਰ ਰਹੇ ਹਨ। ਅੱਜਕਲ ਚੰਦ ਰੁਪਏ ਅਦਾ ਕਰ ਕੇ ਬੈਂਕ ਤੋਂ ਆਸਾਨੀ ਨਾਲ ਲੋਨ ਲਿਆ ਜਾ ਸਦਕਾ ਹੈ, ਜਿਸ ਕਰ ਕੇ ਵਾਹਨਾਂ ਨੂੰ ਖਰੀਦਣ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ ਪਰ ਹੁਣ ਇਹ ਅੰਨ੍ਹੀ ਦੌੜ ਹੁਣ ਸੜਕਾਂ 'ਤੇ ਮੌਤ ਬਣ ਕੇ ਦੌੜਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਸਾਡੀਆਂ ਸਰਕਾਰਾਂ ਕਦੇ ਵੀ ਗੰਭੀਰ ਨਹੀਂ ਹਨ।
ਪਿਛਲੇ 10 ਸਾਲਾਂ ਦੀ ਹੀ ਗੱਲ ਕਰੀਏ ਤਾਂ ਸ਼ਹਿਰ 'ਚ ਇਕ ਵੀ ਨਵੀਂ ਸੜਕ ਜਾਂ ਲਿੰਕ ਰੋਡ ਦਾ ਨਿਰਮਾਣ ਨਹੀਂ ਕੀਤਾ ਗਿਆ ਹੈ। ਜਦਕਿ ਵਾਹਨਾਂ ਦੀ ਗਿਣਤੀ ਪਿਛਲੇ 10 ਸਾਲਾਂ 'ਚ 5 ਲੱਖ ਤੋਂ ਜ਼ਿਆਦਾ ਵਧ ਗਈ ਹੈ। ਕੋਈ ਵੀ ਵਿਭਾਗ ਟ੍ਰੈਫਿਕ ਦੀ ਭਿਆਨਕ ਹੁੰਦੀ ਸਮੱਸਿਆ ਪ੍ਰਤੀ ਗੰਭੀਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਟ੍ਰੈਫਿਕ ਪੁਲਸ ਨੇ ਆਵਾਜਾਈ ਸੁਚਾਰੂ ਕਰਨ ਦੀ ਬਜਾਏ ਚਲਾਨ ਕੱਟਣ ਤਕ ਹੀ ਆਪਣੀ ਡਿਊਟੀ ਸੀਮਤ ਰੱਖੀ ਹੋਈ ਹੈ।
ਜੰਮੂ, ਹਿਮਾਚਲ ਤੇ ਪੰਜਾਬ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਨਾਲ ਵਧੇਗਾ ਸੂਬਿਆਂ ਦਾ ਕਾਰੋਬਾਰ
NEXT STORY