ਲੁਧਿਆਣਾ (ਪੰਕਜ) : ਕੋਰੋਨਾ ਅਤੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ ’ਤੇ ਵਿਰੋਧੀਆਂ ਵੱਲੋਂ ਘੇਰੀ ਜਾ ਰਹੀ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਸੰਸਦ ਮੈਂਬਰ ਦੇ ਉਲਟ ਰਵੱਈਏ ਨੇ ਸਿਆਸੀ ਸਰਗਰਮੀਆਂ ’ਤੇ ਨਜ਼ਰ ਰੱਖਣ ਵਾਲਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਹੀ ਮੁੱਦਿਆਂ ’ਤੇ ਸ਼ੁੱਕਰਵਾਰ ਭਾਜਪਾ ਨੇ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਰੱਖਿਆ ਤਾਂ ਮੰਤਰੀ ਭਾਰਤ ਭੂਸ਼ਣ ਆਸ਼ੂ ਆਪਣੇ ਘਰ ਦੇ ਬਾਹਰ ਧਰਨੇ ’ਤੇ ਬੈਠੇ ਭਾਜਪਾ ਨੇਤਾ ਨੂੰ ਠੰਡਾ ਪਾਣੀ ਪਿਲਾਉਣ ਲਈ ਉਨ੍ਹਾਂ ਦੇ ਕੋਲ ਪੁੱਜੇ ਤਾਂ ਦੂਜੇ ਪਾਸੇ ਸ਼ਨੀਵਾਰ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕਰਨ ਪੁੱਜੇ ਲੋਕ ਇਨਸਾਫ ਪਾਰਟੀ (ਲਿਪ) ਦੇ ਵਰਕਰਾਂ ਨੂੰ ਕਾਂਗਰਸੀ ਵਰਕਰਾਂ ਨੇ ਦੌੜਾ-ਦੌੜਾ ਕੇ ਕੁੱਟਿਆ ਅਤੇ ਉਨ੍ਹਾਂ ਦੀਆਂ ਪੱਗਾਂ ਤੱਕ ਉਤਾਰ ਦਿੱਤੀਆਂ।
ਇਹ ਵੀ ਪੜ੍ਹੋ : CBSE ਨੇ 11ਵੀਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ
ਇਸ ਨੂੰ ਸਿਆਸੀ ਸਾਜ਼ਿਸ਼ ਕਹੋ ਜਾਂ ਸੱਤਾ ਦਾ ਨਸ਼ਾ, ਬਿੱਟੂ ਹਮਾਇਤੀਆਂ ਵੱਲੋਂ ਕੀਤੇ ਗਏ ਇਸ ਵਰਤਾਓ ਨੇ ਪਾਰਟੀ ਦਾ ਅਕਸ ਹੋਰ ਵੀ ਵਿਗਾੜਨ ਦਾ ਕੰਮ ਕੀਤਾ ਹੈ। ਰਵਨੀਤ ਬਿੱਟੂ ਦੇ ਹਮਾਇਤੀਆਂ ਵੱਲੋਂ ਕੀਤੇ ਗਏ ਇਸ ਵਰਤਾਓ ਨੇ ਇਸ ਤੋਂ ਪਹਿਲਾਂ ਵੀ ਮੁੱਲਾਂਪੁਰ ਵਿਧਾਨ ਸਭਾ 'ਚ ਹੋਏ ਉਸ ਕਾਂਡ ਦੀ ਯਾਦ ਲੋਕਾਂ ਦੇ ਦਿਲਾਂ 'ਚ ਤਾਜ਼ਾ ਕਰਵਾ ਦਿੱਤੀ, ਜਦੋਂ ਇਕ ਸਿੱਖ ਨੌਜਵਾਨ ਦੇ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਕੀਤੀ ਕੁੱਟਮਾਰ ਦਾ ਮੁੱਦਾ ਖੁਦ ਪਾਰਟੀ ਉਮੀਦਵਾਰ ਦੇ ਚੋਣ ਨਤੀਜੇ ’ਤੇ ਭਾਰੀ ਪੈ ਗਿਆ। ਜੇਕਰ ਦੇਖਿਆ ਜਾਵੇ ਤਾਂ ਪਿਛਲੇ ਕੁਝ ਸਮੇਂ ਤੋਂ ਐੱਮ. ਪੀ. ਬਿੱਟੂ ਜ਼ਿਲ੍ਹੇ ਦੀ ਸਿਆਸਤ 'ਚ ਓਨੀ ਦਿਲਚਸਪੀ ਨਹੀਂ ਦਿਖਾ ਰਹੇ, ਜਿੰਨੀ ਉਨ੍ਹਾਂ ਵੱਲੋਂ ਦਿਖਾਈ ਜਾਣੀ ਚਾਹੀਦੀ ਸੀ।
ਇਹ ਵੀ ਪੜ੍ਹੋ : ਢੱਡਰੀਆਂ ਵਾਲਿਆਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ 'ਤੇ ਫਿਰ ਸਾਧਿਆ ਨਿਸ਼ਾਨਾ
ਇਕ ਪਾਸੇ ਜਿੱਥੇ ਬਿੱਟੂ ਮੁੱਲਾਂਪੁਰ, ਰਾਏਕੋਟ ਅਤੇ ਸਾਹਨੇਵਾਲ 'ਚ ਪਾਰਟੀ ਵੱਲੋਂ ਨਿਯੁਕਤ ਕੀਤੇ ਮਾਰਕਿਟ ਕਮੇਟੀ ਚੇਅਰਮੈਨ ਦੀ ਤਾਜਪੋਸ਼ੀ ਸਬੰਧੀ ਹੋਏ ਸਮਾਗਮ ’ਚੋਂ ਗਾਇਬ ਰਹੇ ਤਾਂ ਦੂਜੇ ਪਾਸੇ ਪੰਜਾਬ ਸਰਕਾਰ 'ਚ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਨ੍ਹਾਂ ਸਮਾਗਮਾਂ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਨਵ-ਨਿਯੁਕਤ ਚੇਅਰਮੈਨ ਦੀ ਹੌਸਲਾ-ਅਫਜ਼ਾਈ ਕੀਤੀ। ਕੋਰੋਨਾ ਮਹਾਮਾਰੀ ਦੌਰਾਨ ਵੀ ਬਿੱਟੂ ਮੁੱਖ ਤੌਰ ’ਤੇ ਫੇਸਬੁੱਕ ’ਤੇ ਹੀ ਲੋਕਾਂ ਨਾਲ ਸੰਪਰਕ ਕਰਨ 'ਚ ਲੱਗੇ ਰਹੇ, ਜਦੋਂ ਕਿ ਖੁਦ ਪਾਰਟੀ ਨੇਤਾ ਅਤੇ ਵਰਕਰ ਅਜਿਹੇ ਸਮੇਂ 'ਚ ਉਨ੍ਹਾਂ ਦੇ ਫਰੰਟ ਲਾਈਨ ’ਤੇ ਖੜ੍ਹੇ ਹੋਣ ਦੀ ਉਮੀਦ ਲਾਈ ਬੈਠੇ ਸਨ।
ਇਹ ਵੀ ਪੜ੍ਹੋ : ਪਤੀ ਨਾਲ ਨਿੱਤ ਦੇ ਕਲੇਸ਼ ਤੋਂ ਤੰਗ ਆਈ ਪਤਨੀ, ਅੱਕ ਕੇ ਨਹਿਰ 'ਚ ਮਾਰੀ ਛਾਲ
ਸੂਤਰਾਂ ਦੀ ਮੰਨੀਏ ਤਾਂ ਸ਼ਹਿਰ 'ਚ ਕਦੇ ਨੰਬਰ-1 ਆਖੀ ਜਾਣ ਵਾਲੀ ਸਿਆਸੀ ਜੋੜੀ ਦੇ ਸਬੰਧ ਹੁਣ ਪਹਿਲਾਂ ਵਰਗੇ ਨਹੀਂ ਰਹੇ। ਖੁਦ ਕਾਂਗਰਸੀ ਨੇਤਾ ਅਤੇ ਵਰਕਰ ਇਸ ਮੁੱਦੇ ’ਤੇ ਖੁੱਲ੍ਹ ਕੇ ਬੋਲਦੇ ਨਜ਼ਰ ਆਉਂਦੇ ਹਨ ਕਿ ਕਦੇ ਹਰ ਸਿਆਸੀ, ਧਾਰਮਿਕ ਅਤੇ ਸਮਾਜਿਕ ਸਮਾਗਮ 'ਚ ਇਕੱਠੇ ਨਜ਼ਰ ਆਉਣ ਵਾਲੀ ਇਸ ਤਾਕਤਵਰ ਸਿਆਸੀ ਜੋੜੀ 'ਚ ਅਜਿਹਾ ਕੀ ਹੋਇਆ ਕਿ ਦੋਵਾਂ 'ਚ ਦੂਰੀਆ ਵੱਧਦੀਆਂ ਜਾ ਰਹੀਆਂ ਹਨ।
ਅਜਿਹੇ ਸਮੇਂ 'ਚ ਜਦੋਂ ਪੰਜਾਬ 'ਚ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਹੋਵੇ ਜਾਂ ਕੋਰੋਨਾ ਸਬੰਧੀ ਸਰਕਾਰ ਨੂੰ ਵਿਰੋਧ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਹੀ ਰਾਜ ਸਭਾ ਐੱਮ. ਪੀਜ਼ ਵੱਲੋਂ ਘੇਰੇ ਜਾਣ ਦੇ ਕੇਸ 'ਚ ਵੀ ਐੱਮ. ਪੀ. ਬਿੱਟੂ ਦੀ ਖਾਮੋਸ਼ੀ ਹੋਵੇ, ਸਿਆਸੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਧਰ ਲਿਪ ਵਰਕਰਾਂ ਦੇ ਨਾਲ ਹੋਈ ਕੁੱਟਮਾਰ ਦੇ ਕੇਸ 'ਚ ਬਿੱਟੂ ਹਮਾਇਤੀ ਅਤੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਦਾ ਕਹਿਣਾ ਹੈ ਕਿ ਉਹ ਘਟਨਾ ਸਥਾਨ ’ਤੇ ਬਾਅਦ 'ਚ ਪੁੱਜੇ ਹਨ। ਕਿਸ ਗੱਲ ਕਰਕੇ ਝਗੜਾ ਹੋਇਆ, ਇਸ ਦਾ ਪਤਾ ਲਾਉਣ ਤੋਂ ਬਾਅਦ ਹੀ ਉਹ ਕੁਝ ਕਹਿ ਸਕਣਗੇ।
CBSE ਨੇ 11ਵੀਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ
NEXT STORY